ਫਿਰੋਜ਼ਪੁਰ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ 'ਚ ਬੰਦ ਗੈਂਗਸਟਰਾਂ ਦਾ ਹੈਰਾਨੀਜਨਕ ਕਾਰਨਾਮਾ ਆਇਆ ਸਾਹਮਣੇ
Saturday, Nov 12, 2022 - 12:19 PM (IST)

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੰਦ ਗੈਂਗਸਟਰ ਧਰਮਿੰਦਰ ਸਿੰਘ ਉਰਫ਼ ਬਾਜੀ ਵਾਸੀ ਪਿੰਡ ਦੁਸਾਂਝ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 2 ਮੋਬਾਇਲ ਫ਼ੋਨ ਨੰਬਰਾਂ ਦੀ ਵਰਤੋਂ ਕਰਨ ਅਤੇ ਹਾਈ ਸਕਿਓਰਿਟੀ ਜ਼ੋਨ ਵਿੱਚ ਬੰਦ ਹੋਰ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਧਮਕਾ ਕੇ ਫਿਰੌਤੀ ਵਸੂਲਣ ਆਦਿ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਗੈਂਗਸਟਰ ਧਰਮਿੰਦਰ ਸਿੰਘ ਉਰਫ਼ ਬਾਜੀ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੰਦ ਗੈਂਗਸਟਰ ਧਰਮਿੰਦਰ ਉਰਫ਼ ਬਾਜੀ ਵੱਲੋਂ ਜੇਲ੍ਹ ਵਿੱਚ ਮੋਬਾਇਲ ਫ਼ੋਨ ਨੰਬਰ 62800 78433 ਅਤੇ 78560 85550 ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਮੋਬਾਇਲ ਫ਼ੋਨ ਨੰਬਰਾਂ ਦੀ ਵਰਤੋਂ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਵਿੱਚ ਬੰਦ ਹੋਰ ਗੈਂਗਸਟਰਾਂ ਵੱਲੋਂ ਵੀ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਵਸੂਲਣ ਅਤੇ ਨਸ਼ਾ ਵੇਚਣ ਅਤੇ ਖ਼ਰੀਦਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਮਾਮਲਾ ਦਰਜ ਕਰਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਚਰਚਾ 'ਚ ਚੱਲੀ ਆ ਰਹੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਡੀ. ਐੱਸ. ਪੀ (ਡਿਪਟੀ ਸੁਪਰਡੈਂਟ) ਗੁਰਚਰਨ ਸਿੰਘ ਧਾਲੀਵਾਲ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਡੀ. ਆਈ. ਜੀ ਜੇਲ੍ਹ ਫਿਰੋਜ਼ਪੁਰ ਸਰਕਲ ਤੇਜਿੰਦਰ ਸਿੰਘ ਮੋੜ ਅਤੇ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਵੈਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਜੇਲ੍ਹ ਵਿੱਚੋਂ ਮੋਬਾਇਲ ਫ਼ੋਨ, ਚਾਰਜਰ, ਮੋਬਾਇਲ ਫ਼ੋਨ ਦੀਆਂ ਬੈਟਰੀਆਂ ਅਤੇ 65 ਗ੍ਰਾਮ ਚਰਸ ਬਰਾਮਦ ਹੋਈ ਹੈ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਅਤੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਪੁਲਸ ਨੇ ਟੀਮਾਂ ਬਣਾ ਕੇ ਜੀਜਾ-ਸਾਲਾ ਸਮੇਤ 3 ਕੀਤੇ ਕਾਬੂ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਥਾਣਾ ਸਿਟੀ ਨੂੰ ਭੇਜੇ ਲਿਖਤੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਵੱਲੋਂ ਬਲਾਕ ਨੰਬਰ 1 ਦੀ ਬੈਰਕ ਨੰਬਰ 3 ਦੀ ਤਲਾਸ਼ੀ ਲਈ ਗਈ ਤਾਂ ਉਥੋਂ ਰੋਸ਼ਨਦਾਨ ਵਿੱਚੋਂ 2 ਮੋਬਾਇਲ ਫੋਨ ਸੈਮਸੰਗ ਕੀਪੈਡ, 2 ਬੈਟਰੀਆਂ, ਏਅਰਟੈੱਲ ਕੰਪਨੀ ਦਾ ਸਿਮ ਕਾਰਡ, 2 ਮੋਬਾਇਲ ਚਾਰਜਰ ਅਤੇ ਲਿਫ਼ਾਫ਼ੇ 'ਚ ਬੰਦ 65 ਗ੍ਰਾਮ ਚਰਸ ਬਰਾਮਦ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ?