ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ ਲੁਟੇਰੇ, ਨਾਜਾਇਜ਼ ਪਿਸਟਲਾਂ ਸਣੇ 8 ਗ੍ਰਿਫ਼ਤਾਰ

04/15/2023 4:52:42 PM

ਫਿਰੋਜ਼ਪੁਰ (ਕੁਮਾਰ) : ਥਾਣਾ ਫਿਰੋਜ਼ਪੁਰ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਧਵਨ ਅਤੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੋਰੀਆਂ, ਡਕੈਤੀਆਂ, ਆਉਂਦੇ ਜਾਂਦੇ ਰਾਹਗੀਰਾਂ ਤੋਂ ਸਨੈਚਿੰਗ ਕਰਨ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ ਚੋਰੀ ਦੇ 32 ਮੋਟਰਸਾਈਕਲ, 16 ਬੈਟਰੀਆਂ, 25 ਕਿਲੋ ਪਿੱਤਲ ਦੀਆਂ ਟੂਟੀਆਂ, 4 ਕਾਪੇ, ਇੱਕ ਬੇਸਬਾਲ, 2 ਨਾਜਾਇਜ਼ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਆਗੂ ਪੱਬਾਂ ਭਾਰ, CM ਮਾਨ ਨੇ ਮੰਤਰੀਆਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਫਿਰੋਜ਼ਪੁਰ ਸ਼ਹਿਰ ਦੇ ਏਕਤਾ ਨਗਰ ਦੀਆਂ 6 ਕੋਠੀਆਂ ਵਿੱਚ ਹੋਈਆਂ ਚੋਰੀਆਂ ਦੀ ਗੁੱਥੀ ਸੁਲਝਾ ਲਈ ਹੈ ਅਤੇ ਕੁਝ ਚੋਰ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਫ਼ਰਾਰ ਚੋਰਾਂ ਨੂੰ ਵੀ ਕਾਬੂ ਕਰਕੇ ਕੋਠੀਆਂ ਵਿਚੋਂ ਚੋਰੀ ਹੋਏ ਸੋਨੇ ਦੇ ਗਹਿਣੇ ਅਤੇ ਨਕਦੀ ਬਰਾਮਦ ਕਰ ਲਈ ਜਾਵੇਗੀ।

PunjabKesari

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ
    
ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਰਣਧੀਰ ਕੁਮਾਰ ਐੱਸ. ਪੀ. ਇਨਵੈਸਟੀਗੇਸ਼ਨ ਅਤੇ ਡੀ. ਐੱਸ. ਪੀ. ਸੁਰਿੰਦਰ ਪਾਲ ਬਾਂਸਲ ਅਤੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਏ. ਐੱਸ. ਆਈ. ਹਰਨੇਕ ਸਿੰਘ ਦੀ ਟੀਮ ਨੂੰ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਇਹ ਗੁਪਤ ਸੂਚਨਾ ਮਿਲੀ ਕਿ ਕਾਲੂ ਪੁੱਤਰ ਮੰਗਲ, ਸਾਗਰ ਪੁੱਤਰ ਸਤਪਾਲ, ਲੋਲੀ ਪੁੱਤਰ ਮੰਗਤ ਰਾਮ ਵਾਸੀ ਬਸਤੀ ਆਵਾ, ਸੂਰਜ ਉਰਫ ਜੋਨਾ ਪੁੱਤਰ ਹੀਰਾਲਾਲ ਵਾਸੀ ਬੇਦੀ ਕਾਲੋਨੀ ਅਤੇ ਅਨਿਲ ਪੁੱਤਰ ਮੰਗਲ ਵਾਸੀ ਨੇੜੇ ਅਫਸਰ ਕਾਲੋਨੀ ਫਿਰੋਜ਼ਪੁਰ ਸਿਟੀ ਨੇ ਇੱਕ ਗਿਰੋਹ ਬਣਾਇਆ ਹੈ। ਇਸ ਗਿਰੋਹ ਦੇ ਮੈਂਬਰ ਲੁੱਟਾਂ-ਖੋਹਾਂ ਕਰਦੇ ਹਨ ਅਤੇ ਰਾਤ ਸਮੇਂ ਆਉਂਦੇ-ਜਾਂਦੇ ਰਾਹਗੀਰਾਂ ਨੂੰ ਲੁੱਟਦੇ ਹਨ, ਜੋ ਇਸ ਸਮੇਂ ਸ਼ਹਿਰ ਦੀ ਸੋਕੜ ਨਹਿਰ ਦੇ ਪੁਲ਼ ਦੇ ਕੋਲ ਇਕੱਠੇ ਹੋ ਕੇ ਕੋਈ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਦੱਸੇ ਗਏ ਸਥਾਨ 'ਤੇ ਛਾਪੇਮਾਰੀ ਕਰਦੇ ਹੋਏ ਨਾਮਜ਼ਦ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 4 ਕਾਪੇ, ਇਕ ਬੇਸਬਾਲ ਅਤੇ ਚੋਰੀ ਦੇ 2 ਮੋਟਰਸਾਈਕਲ ਬਰਾਮਦ ਹੋਏ, ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ 10 ਚੋਰੀ ਦੇ ਮੋਟਰਸਾਈਕਲ ਅਤੇ 6 ਚੋਰੀ ਦੀਆਂ ਬੈਟਰੀਆਂ, 25 ਕਿਲੋ ਪਿੱਤਲ ਦੀਆਂ ਟੂਟੀਆਂ ਬਰਾਮਦ ਕਰਵਾਈਆਂ ਅਤੇ ਕਬੂਲ ਕੀਤਾ ਕਿ ਏਕਤਾ ਨਗਰ ਦੇ ਵੱਖ-ਵੱਖ ਘਰਾਂ ’ਚ ਉਨ੍ਹਾਂ ਨੇ ਹੀ ਚੋਰੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਫੜੇ ਗਏ ਲੁਟੇਰਿਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਚੋਰੀ ਕੀਤਾ ਅਤੇ ਲੁੱਟਿਆ ਹੋਇਆ ਸਾਮਾਨ ਕਬਾੜੀਆ ਰਾਜ ਕੁਮਾਰ ਪੁੱਤਰ ਬਾਬੂ ਲਾਲ ਵਾਸੀ ਮਖੂ ਗੇਟ ਫਿਰੋਜ਼ਪੁਰ ਸਿਟੀ ਨੂੰ ਵੇਚਦੇ ਸਨ। ਪੁਲਸ ਨੇ ਕਬਾੜੀਏ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News