ਪੋਲਿੰਗ ਬੂਥਾਂ ਉੱਤੇ ਲੱਗੀ ਕਤਾਰ ਦੀ ਜਾਣਕਾਰੀ ਘਰ ਬੈਠੇ ਹੀ ਜਾਣ ਸਕਣਗੇ ਵੋਟਰ: ਹਰਪ੍ਰੀਤ ਸਿੰਘ ਸੂਦਨ

Thursday, May 30, 2024 - 03:50 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੋਟਰ ਵੋਟਾਂ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ ਉੱਤੇ ਜਾਣ ਤੋਂ ਪਹਿਲਾਂ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ ਉੱਤੇ ਕਿੰਨੇ ਕੁ ਲੋਕ ਵੋਟ ਦੇਣ ਲਈ ਕਤਾਰ ਵਿੱਚ ਖੜ੍ਹੇ ਹਨ। ਇਹ ਸੂਚਨਾ ਲੋਕਾਂ ਤੱਕ ਪਹੁੰਚਾਉਣ ਲਈ 'ਵੋਟਰ ਕਿਊ ਇਨਫੋਰਮੇਸ਼ਨ ਸਿਸਟਮ' ਸ਼ੁਰੂ ਕੀਤਾ ਗਿਆ ਹੈ। ਇਹ ਸਿਸਟਮ ਐਨ.ਆਈ.ਸੀ. ਪੰਜਾਬ ਅਤੇ ਮੈਟਾ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ.  ਨੇ ਦੱਸਿਆ ਕਿ ਵੋਟਰ ਕਿਊ ਇਨਫੋਰਮੇਸ਼ਨ ਸਿਸਟਮ ਨੂੰ ਵਰਤਣ ਲਈ ਵੋਟਰਾਂ ਨੂੰ ਇਕ ਵਟਸਐਪ ਨੰਬਰ 74474-47217 ਉੱਤੇ ‘ਵੋਟ’ ਟਾਇਪ ਕਰਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇੱਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਕਲਿੱਕ ਕਰਨ ਮਗਰੋਂ 2 ਆਪਸ਼ਨ ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ ਉੱਤੇ ਆਉਣਗੇ।

ਉਨ੍ਹਾਂ ਦੱਸਿਆ ਕਿ ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ ਵੋਟਰ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ, ਜਿਸ ਤੋਂ ਬਾਅਦ ਮੋਬਾਇਲ ਦੀ ਸਕਰੀਨ ਉੱਤੇ ਵੋਟਰ ਦੇ ਘਰ ਨੇੜਲੇ ਪੋਲਿੰਗ ਬੂਥਾਂ ਦੀ ਸੂਚੀ ਆ ਜਾਵੇਗੀ। ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਅਤੇ ਤੁਰੰਤ ਮੋਬਾਇਲ ਦੀ ਸਕਰੀਨ ਉੱਤੇ ਇਹ ਜਾਣਕਾਰੀ ਆ ਜਾਵੇਗੀ ਕਿ ਓਸ ਬੂਥ ਉੱਤੇ ਵੋਟ ਪਾਉਣ ਲਈ ਕਿੰਨੇ ਵੋਟਰ ਕਤਾਰ ਵਿੱਚ ਖੜ੍ਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇਕਰ ਵੋਟਰ ਦੂਜਾ ਆਪਸ਼ਨ ਬੂਥ ਵਾਈਜ਼ ਚੁਣਦਾ ਹੈ ਤਾਂ ਉਸ ਨੂੰ ਪੰਜਾਬ ਸੂਬਾ ਚੁਣਨ ਤੋਂ ਬਾਅਦ ਆਪਣੇ ਜ਼ਿਲ੍ਹੇ ਨੂੰ ਚੁਣਨਾ ਹੋਵੇਗਾ ਅਤੇ ਉਸ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕੇ ਸਕਰੀਨ ਉੱਤੇ ਆ ਜਾਣਗੇ। ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਸਬੰਧਤ ਬੂਥ ਨੰਬਰ ਭਰਨਾ ਹੋਵੇਗਾ, ਜਿਸ ਨਾਲ ਵੋਟਰ ਆਪਣੇ ਬੂਥ ਉੱਤੇ ਵੋਟ ਦੇਣ ਲਈ ਖੜ੍ਹੇ ਵੋਟਰਾਂ ਦੀ ਗਿਣਤੀ ਜਾਣ ਸਕੇਗਾ।

ਇਹ ਖ਼ਬਰ ਵੀ ਪੜ੍ਹੋ - 'ਆਪ' ਵਿਧਾਇਕ ਨਾਲ ਮੀਟਿੰਗ ਕਰ ਰਹੇ ਨੌਜਵਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਪਾਸੇ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵੋਟਿੰਗ ਕਿਊ ਸਿਸਟਮ ਜ਼ਰੀਏ ਵੋਟਰ ਆਪਣੇ ਹਿਸਾਬ ਨਾਲ ਉਸ ਸਮੇਂ ਪੋਲਿੰਗ ਬੂਥ ਉੱਤੇ ਜਾ ਕੇ ਵੋਟ ਪਾ ਸਕੇਗਾ ਜਦੋਂ ਬੂਥ ਉੱਤੇ ਜ਼ਿਆਦਾ ਭੀੜ ਨਹੀਂ ਹੋਵੇਗੀ। ਇਸ ਨਾਲ ਵੋਟਰ ਗਰਮੀ ਤੋਂ ਵੀ ਬਚੇਗਾ ਅਤੇ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

ਬੂਥ ਨੰਬਰ ਕਿਵੇਂ ਪਤਾ ਕੀਤਾ ਜਾਵੇ

ਤੁਹਾਡੇ ਬੂਥ ਦਾ ਨੰਬਰ ਕੀ ਹੈ ਜਿਸਨੂੰ ਦੂਜੇ ਸ਼ਬਦਾਂ ਵਿਚ ਵੋਟਰ ਸੂਚੀ ਦਾ ਭਾਗ ਕਿਹਾ ਜਾਂਦਾ ਹੈ। ਜਦ ਕਿ ਵੋਟਰ ਸੂਚੀ ਵਿੱਚ ਤੁਹਾਡਾ ਨਾਂਅ ਕਿੰਨੇ ਨੰਬਰ ’ਤੇ ਹੈ ਉਸਨੂੰ ਵੋਟ ਦਾ ਸੀਰੀਅਲ ਨੰਬਰ ਕਿਹਾ ਜਾਂਦਾ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਵੋਟ  ਕਿੰਨ੍ਹੇ ਨੰਬਰ ਬੂਥ ’ਤੇ ਹੈ ਤੇ ਵੋਟਰ ਸੂਚੀ ਵਿੱਚ ਕਿੰਨੇ ਨੰਬਰ ’ਤੇ ਦਰਜ ਹੈ ਤਾਂ ਉਕਤ ਨੂੰ ਵੇਖਣ ਲਈ ਵੋਟਰ ਹੈਲਪਲਾਈਨ ਮੋਬਾਇਲ ਐਪ ਆਪਣੇ ਮੋਬਾਇਲ ਫੋਨ ਵਿੱਚ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਚੋਣ ਕਮਿਸ਼ਨ ਦੇ ਲਿੰਕ  https://electoralsearch.eci.gov.in/  ’ਤੇ ਜਾ ਕੇ ਆਪਣੇ ਵੋਟਰ ਪਹਿਚਾਣ ਪੱਤਰ ਦਾ ਨੰਬਰ ਭਰ ਕੇ ਅਤੇ ਆਪਣੇ ਰਾਜ ਦਾ ਨਾਂਅ ਭਰ ਕੇ ਵੀ ਕੋਈ ਵੀ ਆਪਣਾ ਬੂਥ ਨੰਬਰ ਤੇ ਵੋਟ ਲਿਸਟ ਵਿੱਚ ਆਪਣਾ ਸੀਰੀਅਲ ਨੰਬਰ ਜਾਣ ਸਕਦਾ ਹੈ। ਇਸਤੋਂ ਬਿਨ੍ਹਾਂ ਐਸ.ਐਮ.ਐਸ. ਰਾਹੀਂ ਵੀ ਤੁਸੀਂ ਆਪਣੀ ਵੋਟਰ ਸੂਚੀ ਵਿੱਚ ਦਰਜ ਵੇਰਵੇ ਜਾਣ ਸਕਦੇ ਹੋ। ਇਸ ਲਈ ਟਾਇਪ ਕਰੋ ECI (ਸਪੇਸ) ਤੁਹਾਡੀ ਵੋਟਰ ਆਈ.ਡੀ. ਅਤੇ ਇਸ ਨੂੰ 1950 ਨੰਬਰ ਤੇ ਐਸ.ਐਮ.ਐਸ. ਕਰ ਦਿਓ। ਇਸ ਤੋਂ ਬਿਨ੍ਹਾਂ ਬੀ.ਐਲ.ਓ. ਵੋਟਰਾਂ ਦੇ ਘਰ ਜੋ ਵੋਟਰ ਸਲਿਪ ਦੇ ਕੇ ਗਏ ਹਨ ਉਸਤੇ ਵੀ ਤੁਹਾਡਾ ਬੂਥ ਨੰਬਰ ਦਰਜ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News