ਹੈਰੋਇਨ, 55 ਕਿਲੋ ਭੁੱਕੀ ਸਮੇਤ 6 ਕਾਬੂ
Saturday, Aug 24, 2024 - 01:33 PM (IST)
ਮਲੋਟ (ਗੋਇਲ) : ਮਲੋਟ ਪੁਲਸ ਨੇ 155 ਗ੍ਰਾਮ ਹੈਰੋਇਨ ਅਤੇ 55 ਕਿੱਲੋ ਭੁੱਕੀ ਸਮੇਤ ਵੱਖ-ਵੱਖ ਮਾਮਲਿਆਂ 'ਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਦੋਂ ਥਾਣਾ ਸਿਟੀ ਮਲੋਟ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਮਲੋਟ-ਬਠਿੰਡਾ ਰੋਡ ''ਤੇ ਪਿੰਡ ਜੰਡਵਾਲਾ ਨੇੜੇ ਚੈਕਿੰਗ ਕਰ ਰਹੇ ਸਨ ਤਾਂ ਤਿੰਨ ਵਿਅਕਤੀਆਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਗੁਰੂਸਰ ਜੋਧਾ, ਸਾਗਰ ਪ੍ਰੀਤ ਸਿੰਘ ਉਰਫ ਸਾਗਰ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸ਼ਾਮਖੇੜਾ, ਦਿਲਪ੍ਰੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਗੁਰੂਸਰ ਜੋਧਾ ਵਜੋਂ ਹੋਈ ਹੈ।
ਦੂਜੇ ਮਾਮਲੇ 'ਚ ਥਾਣਾ ਕਬਰਵਾਲਾ ਦੇ ਸਬ-ਇੰਸਪੈਕਟਰ ਗੁਰਮੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਅਸਪਾਲ ਕੋਲ ਖੜ੍ਹੇ ਸਨ ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਆਉਂਦਾ ਦੇਖ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੀ ਪਛਾਣ ਸੂਰਜ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਆਲਮ ਵਾਲਾ ਵਜੋਂ ਹੋਈ ਹੈ। ਇਸੇ ਤਰ੍ਹਾਂ ਲੰਬੀ ਥਾਣੇ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਜਦੋਂ ਪਿੰਡ ਮਹਿਣਾ ਨੇੜੇ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਪਿੰਡ ਬਾਦਲ ਨੂੰ ਜਾਂਦੀ ਸੜਕ ਨੇੜੇ ਇਕ ਵਰਨਾ ਕਾਰ ਆਉਂਦੀ ਦੇਖੀ ਜਦੋਂ ਪੁਲਸ ਪਾਰਟੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਨਜ਼ਦੀਕੀ ਖੰਭੇ ਨਾਲ ਜਾ ਟਕਰਾਈ ਅਤੇ ਰੁਕ ਗਈ। ਪੁਲਸ ਪਾਰਟੀ ਨੇ ਇਸ ਕਾਰ ਚਾਲਕ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਜਦੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਇਸ ਵਿਚੋਂ ਦੋ ਪਲਾਸਟਿਕ ਦੇ ਬੈਗ ਮਿਲੇ ਜਿਨ੍ਹਾਂ ਵਿਚ ਚੂਰਾ ਪੋਸਤ ਭਰਿਆ ਹੋਇਆ ਸੀ ਜੋ ਕਿ ਬਾਅਦ ''ਚ 45 ਕਿੱਲੋ ਨਿਕਲਿਆ, ਪੁਲਸ ਨੇ ਕਾਰ ਚਾਲਕ ਰਾਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਬੀਦੋਵਾਲੀ ਨੂੰ ਕਾਬੂ ਕਰ ਲਿਆ। ਇਕ ਹੋਰ ਮਾਮਲੇ ਵਿਚ ਜਦੋਂ ਲੰਬੀ ਥਾਣੇ ਦੇ ਸਹਾਇਕ ਥਾਣੇਦਾਰ ਗੁਰਇਕਬਾਲ ਸਿੰਘ ਪੁਲਸ ਪਾਰਟੀ ਨਾਲ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਪਿੰਡ ਬਾਦਲ ਵੱਲੋਂ ਇਕ ਨੌਜਵਾਨ ਨੂੰ ਆਉਂਦਾ ਦੇਖਿਆ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਹਟਣ ਲੱਗਾ। ਪੁਲਸ ਨੇ ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਉਸ ਦੀ ਪਛਾਣ ਰਣਜੀਤ ਸਿੰਘ ਪੁੱਤਰ ਦੇਸ਼ਰਾਮ ਵਾਸੀ ਪਿੰਡ ਬੀਦੋਵਾਲੀ ਵਜੋਂ ਹੋਈ ਹੈ।