ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਮੀਟਿੰਗ
Monday, Nov 19, 2018 - 05:19 PM (IST)

ਫਰੀਦਕੋਟ (ਨਰਿੰਦਰ, ਭਾਵਿਤ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਡਵੀਜ਼ਨ ਬਾਡੀ ਦੀ ਮੀਟਿੰਗ ਡਵੀਜ਼ਨ ਸਕੱਤਤ ਬਲਵਿੰਦਰ ਸਿੰਘ ਮਰਾਡ਼ ਦੀ ਪ੍ਰਧਾਨਗੀ ਹੇਠ ਸਥਾਨਕ ਲਾਲਾ ਲਾਜਪਤ ਰਾਏ ਮਿਊਂਸੀਪਲ ਪਾਰਕ ਵਿਖੇ ਹੋਈ, ਜਿਸ ’ਚ ਸੱਤਵੇਂ ਤਨਖਾਹ ਕਮਿਸ਼ਨ ਅਤੇ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਾਉਣ ਲਈ 18 ਦਸੰਬਰ ਨੂੰ ਕੀਤੀ ਜਾ ਰਹੀ ਦੇਸ਼-ਵਿਆਪੀ ਅਣਮਿਥੇ ਸਮੇਂ ਦੀ ਹਡ਼ਤਾਲ ਵਿਚ ਭਾਗ ਲੈਣ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸਥਾਨਕ ਪੱਧਰ ’ਤੇ ਡਾਕ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਗੰਭੀਰ ਚਰਚਾ ਕੀਤੀ ਗਈ। ਇਸ ਦੌਰਾਨ 18 ਦਸੰਬਰ ਨੂੰ ਕੀਤੀ ਜਾ ਰਹੀ ਹਡ਼ਤਾਲ ਨੂੰ ਸਫਲ ਬਣਾਉਣ ਲਈ ਨੁੱਕਡ਼ ਮੀਟਿੰਗਾਂ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਬਲਜੀਤ ਸਿੰਘ ਪ੍ਰਧਾਨ ਮੋਗਾ, ਨਰਿੰਦਰ ਚਾਵਲਾ, ਪ੍ਰਗਟ ਸਿੰਘ, ਮੁਲਖਾ ਸਿੰਘ, ਕਾਮਰੇਡ ਬਿੱਕਰ ਸਿੰਘ, ਮਨਜੀਤ ਮਲੋਟ, ਬਲਵਿੰਦਰ ਸਿੰਘ ਅੌਲਖ ਅਤੇ ਹੋਰ ਆਗੂਆਂ ਨੇ ਵਿਚਾਰ ਸਾਂਝੇ ਕੀਤੇ।