ਪਰਾਲੀ ਸਾਡ਼ਨ ਨਾਲ ਘਟਦੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ : ਬਲਾਕ ਖੇਤੀਬਾਡ਼ੀ ਅਫਸਰ
Sunday, Nov 11, 2018 - 03:25 PM (IST)

ਫਰੀਦਕੋਟ (ਨਰਿੰਦਰ)- ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ, ਕੋਟਕਪੂਰਾ ਦੇ ਬਲਾਕ ਖੇਤੀਬਾਡ਼ੀ ਅਫਸਰ ਡਾ. ਪਾਖਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਲਾਕ ਅਧੀਨ ਆਉਂਦੇ ਪਿੰਡਾਂ ਵਿਚ ਪਰਾਲੀ ਨਾ ਸਾਡ਼ਨ ਸਬੰਧੀ ਕਿਸਾਨਾਂ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਲਈ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸ ਦੌਰਾਨ ਡਾ. ਪਾਖਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਸਾਡ਼ਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉੱਥੇ ਹੀ ਖੇਤਾਂ ’ਚ ਰਹਿੰਦੇ ਮਿੱਤਰ ਕੀਡ਼ੇ ਵੀ ਮਰ ਜਾਂਦੇ ਹਨ। ਅਜਿਹਾ ਕਰਨ ਨਾਲ ਕੁਦਰਤੀ ਸੰਤੁਲਨ ਵਿਗਡ਼ਦਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਵਧ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਕਿਸਾਨੀ ਖਰਚਾ ਵਧਦਾ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਅਤੇ ਸਾਫ-ਸੁਥਰਾ ਵਾਤਾਵਰਣ ਹਰੇਕ ਇਨਸਾਨ ਲਈ ਜ਼ਰੂਰੀ ਹੈ। ਇਸ ਲਈ ਜੇਕਰ ਅਸੀਂ ਨਰੋਈ ਸਿਹਤ, ਸ਼ੁੱਧ ਵਾਤਾਵਰਣ ਤੇ ਭਰਪੂਰ ਉਪਜ ਦੇਣ ਵਾਲੀ ਜ਼ਮੀਨ ਅਗਲੀਆਂ ਪੁਸ਼ਤਾਂ ਤੱਕ ਕਾਇਮ ਰੱਖਣੀ ਚਾਹੁੰਦੇ ਹਾਂ ਤਾਂ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਸਗੋਂ ਇਸ ਨੂੰ ਜ਼ਮੀਨ ਵਿਚ ਹੀ ਵਾਹ ਕੇ ਜ਼ਮੀਨ ਵਿਚ ਜੈਵਿਕ ਕਾਰਬਨ ਵਧਾਉਣਾ ਚਾਹੀਦਾ ਹੈ। ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਪੰਜਾਬ ਸਰਕਾਰ ਤੇ ਖੇਤੀਬਾਡ਼ੀ ਵਿਭਾਗ ਵੱਲੋਂ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ ਪ੍ਰਦਾਨ ਕੀਤੇ ਗਏ ਨਵੀਂ ਤਕਨੀਕ ਦੇ ਸੰਦਾਂ ਅਤੇ 80 ਫੀਸਦੀ ਸਬਸਿਡੀ ’ਤੇ ਬਣਾਏ ਗਏ ਸੈਂਟਰ ਹਾਈਰਿੰਗ ਸੈਂਟਰਾਂ ਵਿਚ ਉਪਲੱਬਧ ਖੇਤੀ ਸੰਦਾਂ ਦੀ ਵਰਤੋਂ ਕਿਸਾਨਾਂ ਦੇ ਖੇਤਾਂ ’ਚ ਕਰਦੇ ਸਮੇਂ ਡੈਮੋ ਲਵਾਏ ਗਏ। ਇਸ ਸਮੇਂ ਏ. ਡੀ. ਓ. ਗੁਰਪ੍ਰੀਤ ਸਿੰਘ, ਏ. ਡੀ. ਓ. ਕੁਲਦੀਪ ਸਿੰਘ, ਬੀ. ਟੀ. ਐੱਮ. ਸ਼ਮਿੰਦਰ ਸਿੰਘ, ਏ. ਟੀ. ਐੱਮ. ਰਾਜਾ ਸਿੰਘ ਆਦਿ ਹਾਜ਼ਰ ਸਨ।