29 ਸਾਲਾ ਰਮਨਦੀਪ ਕੌਰ ਬਣੀ ਖਿਡ਼ਕੀਆਂਵਾਲਾ ਦੀ ਸਰਪੰਚ
Monday, Dec 24, 2018 - 05:03 PM (IST)

ਫਰੀਦਕੋਟ (ਲਖਵੀਰ)- ਰਮਨਦੀਪ ਕੌਰ ਗਿੱਲ ਪਿੰਡ ਖਿਡ਼ਕੀਆਂਵਾਲਾ ਦੀ 29 ਸਾਲ ਦੀ ਉਮਰ ਵਿਚ ਨਿਰਵਿਰੋਧ ਸਰਪੰਚ ਚੁਣੇ ਜਾਣ ’ਤੇ ਜਿੱਥੇ ਉਨ੍ਹਾਂ ਦੇ ਸਹੁਰੇ ਪਿੰਡ ਖਿਡ਼ਕੀਆਂਵਾਲਾ ਵਿਚ ਪਿੰਡ ਵਾਸੀ ਇਕ ਪਡ਼੍ਹੀ-ਲਿਖੀ ਸਰਪੰਚ ਹੋਣ ’ਤੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਉਸ ਦੇ ਪੇਕੇ ਪਿੰਡ ਭੁੱਲਰ ਵਿਚ ਵੀ ਖੁਸ਼ੀ ਦੀ ਲਹਿਰ ਹੈ। ਰਮਨਦੀਪ ਕੌਰ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਭੁੱਲਰ ਦੀ ਸਪੁੱਤਰੀ ਹੈ। ਉਹ ਰਾਜਨੀਤੀ ਵਿਚ ਆ ਕੇ ਪਿੰਡ ਦਾ ਸਰਬਪੱਖੀ ਵਿਕਾਸ ਕਰਨਾ ਚਾਹੁੰਦੀ ਸੀ। ਇਸ ਕਰ ਕੇ ਉਸ ਦਾ ਇਹ ਸੁਪਨਾ ਉਸ ਦੇ ਪਤੀ ਖੁਸ਼ਵਿੰਦਰ ਸਿੰਘ ਖਿਡ਼ਕੀਆਂਵਾਲਾ ਨੇ ਚੋਣ ਮੈਦਾਨ ’ਚ ਉਤਾਰ ਕੇ ਸਾਕਾਰ ਕੀਤਾ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਉਹ ਗਰੈਜੂਏਟ ਹੈ ਅਤੇ ਨਾਲ ਹੀ ਉਸ ਨੇ ਜਰਨਲਿਜ਼ਮ ਦਾ ਕੋਰਸ ਵੀ ਕੀਤਾ ਹੈ। ਉਹ ਪੰਜਾਬੀ ਅਖਬਾਰ ਨਾਲ ਜੁਡ਼ ਕੇ ਪੱਤਰਕਾਰੀ ਖੇਤਰ ਵਿਚ ਵੀ ਵਧੀਆ ਸੇਵਾਵਾਂ ਦੇ ਚੁੱਕੇ ਹਨ। ਰਮਨਦੀਪ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ। ਉੱਧਰ, ਉਸ ਦੇ ਪਤੀ ਖੁਸ਼ਵਿੰਦਰ ਗਿੱਲ ਨੇ ਦੱਸਿਆ ਕਿ ਰਮਨਦੀਪ ਦੇ ਸਰਪੰਚ ਬਣਨ ਨਾਲ ਜਿੱਥੇ ਸਾਡੇ ਪਿੰਡ ਨੂੰ ਹੋਣਹਾਰ ਸਰਪੰਚ ਮਿਲਿਆ ਹੈ, ਉੱਥ ਹੀ ਉਸ ਨੂੰ ਆਪਣੀ ਪਤਨੀ ਦੀ ਇਸ ਪ੍ਰਾਪਤੀ ’ਤੇ ਮਾਣ ਹੈ।