ਆਗਰਾ ’ਚ ਲਡ਼ਕੀ ਨੂੰ ਸਾੜਨ ’ਤੇ ਹੋਈ ਮੌਤ ਸਬੰਧੀ ਸ਼ੋਕ ਸਭਾ ਦਾ ਆਯੋਜਨ
Monday, Dec 24, 2018 - 05:05 PM (IST)

ਫਰੀਦਕੋਟ (ਸੰਧਿਆ)- ‘‘ਬੀਤੇ ਦਿਨੀਂ ਆਗਰਾ ਦੇ ਸ਼ਹਿਰ ਵਿਚ ਇਕ ਦਲਿਤ ਲੜਕੀ ਸਜਲਾ, ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਸੀ, ਉਸ ਨੂੰ ਸ਼ਰੇਆਮ ਪੈਟਰੋਲ ਪਾ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਲਾਇਟਰ ਨਾਲ ਅੱਗ ਲਾ ਕੇ ਸਾੜ ਦਿੱਤਾ ਸੀ, ਜਿਸ ਦੀ ਬੀਤੇ ਦਿਨ ਮੌਤ ਹੋ ਗਈ ਸੀ। ਮੋਦੀ ਸਰਕਾਰ ਦਾ ਨਾਅਰਾ ਹੈ, ‘ਬੇਟੀ ਬਚਾਓ, ਬੇਟੀ ਪਡ਼੍ਹਾਓ ਤੇ ਬੋਟੀ ਤੋਂ ਹੀ ਦੁਨੀਆ ਹੈ’। ਯੂ. ਪੀ ਵਿਚ ਬੀ. ਜੇ. ਪੀ. ਦੀ ਸਰਕਾਰ ਹੈ ਅਤੇ ਅਦਿੱਤਿਆ ਨਾਥ ਯੋਗੀ ਉੱਥੋਂ ਦੇ ਮੁੱਖ ਮੰਤਰੀ ਹਨ। ਬੇਟੀਆਂ ਨੇ ਹਰੇਕ ਫੀਲਡ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਚਾਹੇ ਕੋਈ ਵੀ ਫੀਲਡ ਹੋਵੇ। ਅਸੀਂ ਇਸ ਘਟਨਾ ਦੀ ਬਿਨਾਂ ਕਿਸੇ ਜਾਤੀ, ਧਰਮ, ਰਾਜਨੀਤਕ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿੰਦਾ ਕਰਦੇ ਹਾਂ’’। ਇਹ ਪ੍ਰਗਟਾਵਾ ਇਸ ਘਟਨਾ ਸਬੰਧੀ ਐਡਵੋਕੇਟ ਨਰਾਇਣ ਦਾਸ ਸਿੰਗਲਾ ਦੇ ਦਫਤਰ ਵਿਚ ਕੀਤੀ ਗਈ ਇਕ ਸ਼ੋਕ ਸਭਾ ਦੌਰਾਨ ਧਰਮਪਾਲ ਧੰਮੀ ਪ੍ਰਧਾਨ ਭੀਮ ਆਰਮੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰ ਕੁਮਾਰ ਬਿੱਟੂ ਤੰਵਰ ਰਾਸ਼ਟਰੀ ਰਿਜਕ ਸੈਨਾ, ਪੰਜਾਬ ਪ੍ਰਧਾਨ ਐਡਵੋਕੇਟ ਰੋਹਿਤ ਨਾਰੰਗ, ਦੇਵਨ ਮਜਾਲ, ਜਨ ਜਿੰਦਰ ਜੋਨੀ, ਸਿਕੰਦਰ ਸਿੰਘ ਮਾਨ, ਨੈਬ ਸਿੰਘ, ਬੇਅੰਤ ਸਿੰਘ ਗੁਰੂਸਰ ਆਦਿ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਾਰਿਆਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਧੀਆਂ-ਭੈਣਾਂ ਦੀ ਰੱਖਿਆ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।