60 ਦੇ ਦਹਾਕੇ ਦੇ ਪਿਆਰ, ਰੋਮਾਂਸ ਤੇ ਬ੍ਰੇਕਅੱਪ ਦੀ ਕਹਾਣੀ ਹੈ The Archies : ਜ਼ੋਇਆ ਅਖ਼ਤਰ

Wednesday, Dec 06, 2023 - 04:09 PM (IST)

ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀ ਡੈਬਿਊ ਫ਼ਿਲਮ ‘ਦਿ ਆਰਚੀਜ਼’ 7 ਦਸੰਬਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਕਰੇਗੀ। ਜ਼ੋਇਆ ਅਖ਼ਤਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ 60 ਦੇ ਦਹਾਕੇ ਦੇ ਪਿਆਰ ਤੇ ਬ੍ਰੇਕਅੱਪ ਦੀ ਕਹਾਣੀ ਦਿਖਾਈ ਗਈ ਹੈ। ਸਟਾਰ ਕਿੱਡਜ਼ ਨਾਲ ਸਜੀ ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਤੋਂ ਇਲਾਵਾ ਅਮਿਤਾਭ ਬੱਚਨ ਦੀ ਨਾਤੀ ਅਗਸਤਿਆ ਨੰਦਾ ਤੇ ਬੋਨੀ ਕਪੂਰ ਦੀ ਧੀ ਖ਼ੁਸ਼ੀ ਕਪੂਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਨਿਰਦੇਸ਼ਕ ਜ਼ੋਇਆ ਅਖ਼ਤਰ ਨੇ ‘ਦਿ ਆਰਚੀਜ਼’ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ਅਸੀਂ ਕਈ ਵਾਰ ਬਾਇਓਪਿਕ ਤੇ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਦੇਖੀਆਂ ਹਨ ਪਰ ਇਕ ਕਾਮਿਕ ’ਤੇ ਪਹਿਲੀ ਵਾਰ ਕੋਈ ਫ਼ਿਲਮ ਬਣੀ ਹੈ। ਇਸ ਦਾ ਆਇਡੀਆ ਤੁਹਾਨੂੰ ਕਿਵੇਂ ਆਇਆ?
ਜਵਾਬ–
ਇਹ ਆਇਡੀਆ ਆਰਚੀ ਕਾਮਿਕਸ ਤੇ ਨੈੱਟਫਲਿਕਸ ਨੂੰ ਆਇਆ ਸੀ ਕਿ ਇਸ ’ਤੇ ਫ਼ਿਲਮ ਬਣਾਉਣੀ ਚਾਹੀਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਨੈੱਟਫਲਿਕਸ ਇੰਡੀਆ ਨਾਲ ਗੱਲ ਕੀਤੀ ਤੇ ਨੈੱਟਫਲਿਕਸ ਇੰਡੀਆ ਨੇ ਫ਼ਿਲਮ ਨੂੰ ਬਣਾਉਣ ਬਾਰੇ ਮੇਰੇ ਨਾਲ ਗੱਲ ਕੀਤੀ, ਜੋ ਕਿ ਮੇਰੇ ਲਈ ਇਕ ਤਰ੍ਹਾਂ ਨਾਲ ਗੁੱਡ ਲੱਕ ਹੋ ਗਿਆ। ਇਸ ’ਤੇ ਜੋ ਮੇਰਾ ਪਹਿਲਾ ਰਿਐਕਸ਼ਨ ਸੀ ਉਹ ਉਤਸ਼ਾਹ ਸੀ ਕਿਉਂਕਿ ਇਹ ਬਚਪਨ ਤੋਂ ਹੀ ਮੇਰੀ ਮਨਪਸੰਦ ਕਾਮਿਕ ਸੀ ਤੇ ਉਸ ਤੋਂ ਬਾਅਦ ਇਹ ਪੈਨਿਕ ਵੀ ਹੋਇਆ ਕਿ ਕਿਵੇਂ ਕਰਾਂ ਤੇ ਕਿਵੇਂ ਹੋਵੇਗਾ।

ਸਵਾਲ– ਕੀ ਤੁਸੀਂ ਇਸ ਪ੍ਰਾਜੈਕਟ ਲਈ ਪਹਿਲਾਂ ਤੋਂ ਇਹ ਸਟਾਰਕਾਸਟ ਸੋਚੀ ਹੋਈ ਸੀ?
ਜਵਾਬ–
ਨਹੀਂ, ਮੈਂ ਇਸ ਤਰ੍ਹਾਂ ਪਹਿਲਾਂ ਨਹੀਂ ਸੋਚਿਆ ਸੀ ਕਿਉਂਕਿ ਪਹਿਲਾਂ ਅਸੀਂ ਫ਼ਿਲਮ ਦੇ ਕਰੈਕਟਰ ਬਾਰੇ ਸੋਚਦੇ ਹਾਂ, ਫਿਰ ਉਨ੍ਹਾਂ ਲਈ ਕਿਸ ਨੂੰ ਲੈਣਾ ਹੈ ਇਹ ਸੋਚਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਸਕ੍ਰਿਪਟ ਲਿਖੀ ਤਾਂ ਅਸੀਂ ਸੋਚਿਆ ਕਿ ਇਸ ਫ਼ਿਲਮ ’ਚ 17 ਸਾਲ ਦੇ ਬੱਚੇ ਚਾਹੀਦੇ ਹਨ। ਸਾਨੂੰ ਬਿਲਕੁਲ ਉਸੇ ਉਮਰ ਦੇ ਨਵੇਂ ਕਲਾਕਾਰਾਂ ਦੀ ਜ਼ਰੂਰਤ ਸੀ ਕਿਉਂਕਿ ਕੋਈ ਵੀ ਸਟਾਰ 17 ਸਾਲ ਦਾ ਨਹੀਂ ਹੋਵੇਗਾ ਤੇ ਸਾਨੂੰ ਅਜਿਹੇ ਨਵੇਂ ਕਿਰਦਾਰ ਲਈ ਨਵੇਂ ਚਿਹਰੇ ਚਾਹੀਦੇ ਸਨ, ਇਸ ਲਈ ਅਸੀਂ ਲਗਭਗ ਇਕ ਸਾਲ ਤੱਕ ਕਈ ਬੱਚਿਆਂ ਦੇ ਆਡੀਸ਼ਨ ਲਏ, ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਮਿਚੌਂਗ ਤੂਫਾਨ ਦਾ ਸ਼ਿਕਾਰ ਹੋਏ ਆਮਿਰ ਖ਼ਾਨ, ਫਾਇਰ ਤੇ ਰੈਸਕਿਊ ਵਿਭਾਗ ਨੇ ਇੰਝ ਕੀਤਾ ਬਚਾਅ (ਤਸਵੀਰਾਂ)

ਸਵਾਲ– ਤੁਸੀਂ ਹਮੇਸ਼ਾ ਤਜਰਬੇਕਾਰ ਕਲਾਕਾਰਾਂ ਨਾਲ ਕੰਮ ਕੀਤਾ ਹੈ ਤਾਂ ਇਕਦਮ ਨਵੇਂ ਬੱਚਿਆਂ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ?
ਜਵਾਬ–
ਪਹਿਲਾਂ ਮੈਂ ਸੋਚਿਆ ਕਿ ਕੀ ਮੇਰੇ ਲਈ ਇਹ ਔਖਾ ਹੋਵੇਗਾ? ਕੀ ਇਸ ਲਈ ਮੈਨੂੰ ਹੋਰ ਵੱਧ ਕੰਮ ਕਰਨਾ ਪਵੇਗਾ ਪਰ ਅਜਿਹਾ ਨਹੀਂ ਹੋਇਆ। ਜਦੋਂ ਉਨ੍ਹਾਂ ਦੀ ਸਿਖਲਾਈ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਐਕਟਿੰਗ ਵਰਕਸ਼ਾਪ, ਡਾਂਸਿੰਗ, ਸਕੇਟਿੰਗ, ਸਾਈਕਲਿੰਗ ਆਦਿ ਦੀ ਸਿਖਲਾਈ ਲਈ। ਇਸ ਤੋਂ ਬਾਅਦ ਜਦੋਂ ਉਹ ਮੇਰੇ ਕੋਲ ਰਿਹਰਸਲ ਲਈ ਆਏ ਤਾਂ ਉਹ ਪਹਿਲਾਂ ਹੀ ਪ੍ਰੋਫੈਸ਼ਨਲ ਹੋ ਚੁੱਕੇ ਸਨ ਤੇ ਜਦੋਂ ਉਹ ਸ਼ੂਟਿੰਗ ਲਈ ਸੈੱਟ ’ਤੇ ਆਏ ਤਾਂ ਉਹ ਇਕ ਤਜਰਬੇਕਾਰ ਕਲਾਕਾਰ ਵਾਂਗ ਕੰਮ ਕਰ ਰਹੇ ਸਨ। ਉਹ ਸੱਤੇ ਬੱਚੇ ਬਹੁਤ ਮਿਹਨਤੀ ਹਨ ਤੇ ਕਦੇ ਅਜਿਹਾ ਲੱਗਾ ਨਹੀਂ ਕਿ ਉਨ੍ਹਾਂ ਨੂੰ ਐਕਸਪੀਰੀਐਂਸ ਨਹੀਂ ਹਨ।

ਸਵਾਲ– ਅੱਜ ਦੇ ਸਮੇਂ ’ਚ ਐਕਸ਼ਨ, ਲਵ ਟ੍ਰਾਈਐਂਗਲ, ਥ੍ਰਿਲ ਨੂੰ ਪਸੰਦ ਕਰਨ ਵਾਲੇ ਨੌਜਵਾਨਾਂ ਨੂੰ ਇਹ ਫ਼ਿਲਮ ਕਿਸ ਆਧਾਰ ’ਤੇ ਪਸੰਦ ਆਵੇਗੀ?
ਜਵਾਬ–
ਅੱਜ-ਕੱਲ ਅਸੀਂ ਦੁਨੀਆ ਨਾਲ ਜੁੜ ਰਹੇ ਹਾਂ, ਅਸੀਂ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਕਈ ਦੇਸ਼ਾਂ ਦੇ ਸ਼ੋਅ ਤੇ ਫ਼ਿਲਮਾਂ ਦੇਖ ਰਹੇ ਹਾਂ। ਲੋਕ ਕੋਰੀਅਨ, ਤੁਰਕੀ ਵਰਗੇ ਦੇਸ਼ਾਂ ਦੇ ਸ਼ੋਅ ਦੇਖ ਰਹੇ ਹਨ। ਉਥੋਂ ਦੇ ਸੱਭਿਆਚਾਰ ਨੂੰ ਜਾਣ ਰਹੇ ਹਨ। ਇਸੇ ਤਰ੍ਹਾਂ ਜੇ ਮੈਂ ਐਂਗਲੋ ਇੰਡੀਅਨਜ਼ ਦੀ ਗੱਲ ਕਰਾਂ ਤਾਂ ਉਹ ਤਾਂ ਸਾਡਾ ਹੀ ਇਕ ਭਾਈਚਾਰਾ ਹੈ। ਲੋਕਾਂ ਨੂੰ ਉਸ ਬਾਰੇ ਹੋਰ ਵੀ ਜਾਣਨਾ ਚਾਹੀਦਾ ਹੈ, ਜਿਸ ਦਾ ਰਹਿਣ-ਸਹਿਣ ਅਸੀਂ ਫ਼ਿਲਮ ’ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫ਼ਿਲਮ ਦਾ ਯੂਨੀਕ ਕੰਟੈਂਟ ਇਸ ਨੂੰ ਖ਼ਾਸ ਬਣਾਉਂਦਾ ਹੈ। ਇਸ ਫ਼ਿਲਮ ’ਚ 60 ਦੇ ਦਹਾਕੇ ਦੇ ਪਿਆਰ ਤੇ ਬ੍ਰੇਕਅੱਪ ਦੀ ਕਹਾਣੀ ਦਿਖਾਈ ਗਈ ਹੈ।       

ਸਵਾਲ– ਫ਼ਿਲਮ ’ਚ ਕਾਲਪਨਿਕ ਹਿੱਲ ਸਟੇਸ਼ਨ, ਐਂਗਲੋ ਇੰਡੀਅਨ ਭਾਈਚਾਰਾ ਸਾਡੇ ਦਰਸ਼ਕਾਂ ਨੂੰ ਕਿੰਨਾ ਆਕਰਸ਼ਿਤ ਕਰੇਗਾ?
ਜਵਾਬ–
ਇਹ ਇਕ ਬਚਪਨ ਦੀ ਕਹਾਣੀ ਹੈ, ਸਾਡੇ ਬਚਪਨ ਦੀ ਕਹਾਣੀ ਹੈ, ਜਦੋਂ ਸਾਡੇ ਕੋਲ ਅੱਜ ਦੀ ਪੀੜ੍ਹੀ ਵਾਂਗ ਇਨ੍ਹੇ ਸਾਧਨ ਨਹੀਂ ਹੁੰਦੇ ਸਨ। ਅੱਜ ਅਸੀਂ ਘਰ ਬੈਠੇ ਹੀ ਦੇਸ਼-ਵਿਦੇਸ਼ਾਂ ਦੀਆਂ ਸਾਰੀਆਂ ਚੀਜ਼ਾਂ ਬਾਰੇ ਜਾਣ ਸਕਦੇ ਹਾਂ। ਅਜਿਹੇ ’ਚ ਉਸ ਸਮੇਂ ਸਾਡੇ ਲਈ ਆਰਚੀ ਕਾਮਿਕ ਬਹੁਤ ਜ਼ਰੂਰੀ ਸੀ। ਉਸ ਸਮੇਂ ਜਦੋਂ ਸਾਡੇ ਕੋਲ ਸਾਧਨ ਘੱਟ ਸਨ ਪਰ ਅਸੀਂ ਜ਼ਿਆਦਾ ਖ਼ੁਸ਼ ਸੀ। ਇਹ ਉਸ ਸਮੇਂ ਦੀ ਕਹਾਣੀ ਹੈ। ਅਸੀਂ ਕਹਾਣੀ ਨੂੰ ਅੱਜ ਦੀ ਪੀੜ੍ਹੀ ਅਨੁਸਾਰ ਮਾਡਰਨ ਕੀਤਾ ਹੈ। ਅਸੀਂ ਸਾਰੇ ਕਿਰਦਾਰਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਜਿਸ ਨਾਲ ਅੱਜ ਦੀ ਪੀੜ੍ਹੀ ਉਸ ਸਮੇਂ ਦੀਆਂ ਕਦਰਾਂ-ਕੀਮਤਾਂ ਨੂੰ ਸਮਝ ਸਕੇ।

ਸਵਾਲ– ਤੁਸੀਂ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ‘ਗਲੀ ਬੁਆਏ’, ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’, ‘ਤਲਾਸ਼’। ਇਸ ਨਵੇਂ ਵਿਚਾਰ ਵਾਲੀ ਫ਼ਿਲਮ ਤੋਂ ਤੁਹਾਨੂੰ ਕੀ ਉਮੀਦਾਂ ਹਨ?
ਜਵਾਬ–
ਇਹ ਮੇਰੀ ਪਹਿਲੀ ਫ਼ਿਲਮ ਹੈ, ਜੋ ਪੂਰੀ ਤਰ੍ਹਾਂ ਬੱਚਿਆਂ ਲਈ ਹੈ, ਜਿਸ ਦਾ ਤੁਸੀਂ ਪੂਰੇ ਪਰਿਵਾਰ ਨਾਲ ਆਨੰਦ ਲੈ ਸਕਦੇ ਹੋ। ਮੇਰੀਆਂ ਹੋਰ ਫ਼ਿਲਮਾਂ ਵਾਂਗ, ਇਸ ’ਚ ਵੀ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਜਾਂ ਐਡਲਟ ਕੰਟੈਂਟ ਨਹੀਂ ਹੈ। ਮੈਨੂੰ ਨੈੱਟਫਲਿਕਸ ਤੋਂ ਇਕ ਅਜਿਹਾ ਮੌਕਾ ਮਿਲਿਆ ਕਿ ਮੈਂ ਇਕ ਅਜਿਹੀ ਫ਼ਿਲਮ ਬਣਾਵਾਂ, ਜਿਸ ਨੂੰ ਪੂਰਾ ਪਰਿਵਾਰ ਘਰ ’ਚ ਇਕੱਠੇ ਬਹਿ ਕੇ ਵੇਖ ਸਕੇ। ਮੇਰੀ ਇਹੋ ਉਮੀਦ ਹੈ ਕਿ ਤੁਸੀਂ ਦੇਖੋ ਤੇ ਸੋਚੋ ਕਿ ਅਜਿਹਾ ਸਮਾਂ ਵੀ ਸੀ।

ਸਵਾਲ– ‘ਦਿ ਆਰਚੀਜ਼’ ’ਚ ਤੁਸੀਂ ਦੋਸਤੀ, ਪਰਿਵਾਰ, ਵਾਤਾਵਰਣ ਵਰਗੇ ਕਈ ਸੰਦੇਸ਼ ਦਿੱਤੇ ਹਨ। ਇਕ ਕਾਮਿਕ ਫ਼ਿਲਮ ਰਾਹੀਂ ਇੰਨੇ ਸਾਰੇ ਸੋਸ਼ਲ ਸੰਦੇਸ਼ ਦੇਣਾ ਤੁਹਾਨੂੰ ਕਿੰਨਾ ਜ਼ਰੂਰੀ ਲੱਗਾ?
ਜਵਾਬ–
ਮੈਨੂੰ ਆਪਣੀ ਕਿਸੇ ਵੀ ਫ਼ਿਲਮ ’ਚ ਕੁਝ ਨਾ ਕੁਝ ਸੁਨੇਹਾ ਦੇਣਾ ਬਹੁਤ ਜ਼ਰੂਰੀ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਮੇਰੇ ਕੋਲ ਲੋਕਾਂ ਨੂੰ ਕੁਝ ਚੰਗਾ ਸੰਦੇਸ਼ ਦੇਣ ਲਈ ਪਲੇਟਫਾਰਮ ਹੈ ਤਾਂ ਮੈਂ ਕੁਝ ਅਜਿਹਾ ਕਰਾਂ। ਜਿਵੇਂ ਔਰਤਾਂ ਦਾ ਮੁੱਦਾ ਮੇਰੇ ਲਈ ਮਹੱਤਵਪੂਰਨ ਹੈ, ਜਿਸ ਨੂੰ ਮੈਂ ਆਪਣੀਆਂ ਕਈ ਫ਼ਿਲਮਾਂ ’ਚ ਉਠਾਇਆ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ’ਚ ਮੈਂ ਆਪਣੀ ਪੀੜ੍ਹੀ ਨੂੰ ਇਕ ਸੁਨੇਹਾ ਦੇਣ ਲਈ ਵਾਤਾਵਰਨ ਦਾ ਮੁੱਦਾ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News