ਸੀਨੀਅਰ ਫ਼ਿਲਮ ਅਦਾਕਾਰਾ ਦਾ ਦਿਹਾਂਤ, ਲੰਬੇ ਸਮੇਂ ਤੋਂ ਸੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ
Thursday, Jun 17, 2021 - 11:02 AM (IST)
ਮੁੰਬਈ (ਬਿਊਰੋ) : ਸੀਨੀਅਰ ਬੰਗਲਾ ਫ਼ਿਲਮ ਅਦਾਕਾਰਾ ਸਵਾਤੀਲੇਖਾ ਸੇਨਗੁਪਤਾ ਦਾ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਪਿਛਲੇ 24 ਦਿਨਾਂ ਤੋਂ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਬੁੱਧਵਾਰ ਨੂੰ ਲਗਪਗ ਦੁਪਹਿਰ 3 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸਵਾਤੀਲੇਖਾ ਦੇ ਪਰਿਵਾਰ ਵਿਚ ਪਤੀ ਰੁਦਰਪ੍ਰਸਾਦ ਸੇਨਗੁਪਤਾ ਤੇ ਬੇਟੀ ਸੋਹਿਨੀ ਹੈ।
ਰੁਦਰਪ੍ਰਸਾਦ ਸੇਨਗੁਪਤਾ ਵੀ ਰੰਗਮੰਚ ਦੀ ਜਾਣੀ ਪਛਾਣੀ ਹਸਤੀ ਹਨ। ਬੇਟੀ ਸੋਹਿਨੀ ਵੀ ਅਦਾਕਾਰ ਹੈ। ਸੋਹਿਨੀ ਨੇ ਕਿਹਾ, 'ਮੇਰੀ ਮਾਂ ਬਿਹਤਰੀਨ ਇਨਸਾਨ ਅਤੇ ਕਲਾਕਾਰ ਸੀ। ਉਨ੍ਹਾਂ ਦੇ ਕੰਮ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਬਿਹਤਰੀਨ ਵਿਦਿਆਰਥੀ ਅਤੇ ਗੋਲਡ ਮੈਡਲਿਸਟ ਸਨ। ਉਨ੍ਹਾਂ ਨੇ ਕਈ ਲੋਕਾਂ ਦੀ ਮਦਦ ਵੀ ਕੀਤੀ।'
ਸਵਾਤੀਲੇਖਾ ਫ਼ਿਲਮਾਂ ਦੇ ਨਾਲ ਰੰਗਮੰਚ ਦੀ ਦੁਨੀਆ ਵਿਚ ਵੀ ਜਾਣਿਆ ਪਛਾਣਿਆ ਨਾਂ ਹੈ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਸੀ। ਉਨ੍ਹਾਂ ਨੇ ਆਕਸਰ ਜੇਤੂ ਫਿਲਮਕਾਰ ਸਤਿਆਜੀਤ ਰੇ ਦੀ ਫ਼ਿਲਮ 'ਘੋਰੇ ਬਾਇਰੇ' ਵਿਚ ਬਿਮਲਾ ਦਾ ਯਾਦਗਾਰ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਮੌਤ 'ਤੇ ਬੰਗਲਾ ਫ਼ਿਲਮ ਜਗਤ ਨੇ ਡੂੰਘਾ ਦੁੱਖ ਪ੍ਰਗਟਾਇਆ।
ਨੋਟ - ਸਵਾਤੀਲੇਖਾ ਸੇਨਗੁਪਤਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।