ਆਮ ਪੰਜਾਬੀ ਫ਼ਿਲਮਾਂ ਨਾਲੋਂ ਹੱਟ ਕੇ ਵੱਖਰੇ ਸਿਨੇਮਾ ਦਾ ਅਹਿਸਾਸ ਕਰਾਵੇਗੀ ਫ਼ਿਲਮ ‘ਉੱਚਾ ਪਿੰਡ’

Monday, Aug 30, 2021 - 11:13 AM (IST)

ਆਮ ਪੰਜਾਬੀ ਫ਼ਿਲਮਾਂ ਨਾਲੋਂ ਹੱਟ ਕੇ ਵੱਖਰੇ ਸਿਨੇਮਾ ਦਾ ਅਹਿਸਾਸ ਕਰਾਵੇਗੀ ਫ਼ਿਲਮ ‘ਉੱਚਾ ਪਿੰਡ’

ਜਲੰਧਰ (ਰਾਹੁਲ ਸਿੰਘ) – 3 ਸਤੰਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਹਰਜੀਤ ਰਿੱਕੀ ਦੀ ਨਵੀਂ ਫ਼ਿਲਮ ‘ਉੱਚਾ ਪਿੰਡ’ ਅਜੋਕੇ ਪੰਜਾਬੀ ਸਿਨੇਮਾ ਤੋਂ ਹੱਟ ਕੇ ਰੋਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ, ਜਿਸ ’ਚ ਪੰਜਾਬੀ ਥਿਏਟਰ ਤੇ ਫ਼ਿਲਮਾਂ ਨਾਲ ਚਿਰਾਂ ਤੋਂ ਜੁੜਿਆ ਅਦਾਕਾਰ ਨਵਦੀਪ ਕਲੇਰ ਤੇ ਚਰਚਿਤ ਖ਼ੂਬਸੂਰਤ ਅਦਾਕਾਰਾ ਪੂਨਮ ਸੂਦ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਮਲਟੀਸਟਾਰਰ ਇਹ ਫ਼ਿਲਮ ਸਟਾਰ ਕਾਸਟ ਤੇ ਲੋਕੇਸ਼ਨ ਪੱਖੋਂ ਸ਼ੂਟਿੰਗ ਸਮੇਂ ਤੋਂ ਹੀ ਚਰਚਾ ’ਚ ਸੀ। ਨਿਰਦੇਸ਼ਕ ਹਰਜੀਤ ਰਿੱਕੀ ਦੀ ਕਲਾਤਮਿਕ ਸੋਚ ਅਨੁਸਾਰ ਦਰਸ਼ਕਾਂ ਦੇ ਸੁਆਦ ਨੂੰ ਵੇਖਦਿਆਂ ਇਸ ਫ਼ਿਲਮ ਨੂੰ ਹਰ ਪੱਖੋਂ ਸੰਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਫ਼ਿਲਮ ’ਚ ਜਿਥੇ ਰਵਾਇਤੀ ਐਕਸ਼ਨ ਤੇ ਰੋਮਾਂਸ ਹੈ, ਉਥੇ ਮਨੁੱਖਤਾ ਤੇ ਧਰਾਤਲ ਨਾਲ ਜੁੜੀ ਕਹਾਣੀ ਵੀ ਹੈ। ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨ ਵਲੋਂ ਬਣਾਈ ਇਸ ਫ਼ਿਲਮ ’ਚ ਨਵਦੀਪ ਕਲੇਰ, ਪੂਨਮ ਸੂਦ, ਸਰਦਾਰ ਸੋਹੀ, ਹੋਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕੁਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ, ਦਿਲਾਵਰ ਸਿੱਧੂ ਤੇ ਰਾਹੁਲ ਜੁਗਰਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਿਆ ਹੈ। ਫ਼ਿਲਮ ਦਾ ਸੰਗੀਤ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ। 3 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ। ਫ਼ਿਲਮ ਨੂੰ ਲੈ ਕੇ ਮੁੱਖ ਕਲਾਕਾਰਾਂ ਨਵਦੀਪ ਕਲੇਰ ਤੇ ਪੂਨਮ ਸੂਦ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ : ਲੰਮੇ ਸਮੇਂ ਬਾਅਦ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ। ਕੀ ਕਹੋਗੇ ਇਸ ਬਾਰੇ?
ਪੂਨਮ ਸੂਦ : ਮੈਂ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ। ਟਰੇਲਰ ਤੇ ਗੀਤਾਂ ਨੂੰ ਮਿਲ ਰਹੀ ਲੋਕਾਂ ਦੀ ਪ੍ਰਤੀਕਿਰਿਆ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਲੋਕ ਇਸ ਫ਼ਿਲਮ ਨੂੰ ਪਿਆਰ ਦੇਣਗੇ। ਮੈਨੂੰ ਇੰਝ ਲੱਗ ਰਿਹਾ ਹੈ ਕਿ ਇਮਤਿਹਾਨ ਅਸੀਂ ਦੇ ਦਿੱਤੇ ਹਨ, ਬਸ ਨਤੀਜੇ ਦੀ ਉਡੀਕ ਹੈ।

ਸਵਾਲ : ਟਰੇਲਰ ਤੇ ਗੀਤਾਂ ਨੂੰ ਮਿਲ ਰਹੇ ਪਿਆਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਨਵਦੀਪ ਕਲੇਰ : ਸਾਨੂੰ ਗੀਤਾਂ ਤੇ ਟਰੇਲਰ ’ਤੇ ਬਹੁਤ ਵਧੀਆ ਫੀਡਬੈਕ ਮਿਲ ਰਹੀ ਹੈ। ਪੂਨਮ ਤੇ ਮੈਂ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਰਹੇ ਹਾਂ। ਅਸੀਂ ਦੋਵੇਂ ਲੰਮੇ ਸਮੇਂ ਤੋਂ ਇੰਡਸਟਰੀ ’ਚ ਕੰਮ ਕਰਦੇ ਆ ਰਹੇ ਹਾਂ ਪਰ ਮੁੱਖ ਭੂਮਿਕਾ ਪਹਿਲੀ ਵਾਰ ਨਿਭਾਅ ਰਹੇ ਹਾਂ। ਜਾਨੀ ਦੇ ਬੋਲ ਤੇ ਬੀ-ਪਾਰਕ ਦਾ ਮਿਊਜ਼ਿਕ ਸਾਡੀ ਫ਼ਿਲਮ ਦੀ ਰੀੜ੍ਹ ਦੀ ਹੱਡੀ ਹੈ, ਜਿਸ ਨੂੰ ਲੋਕ ਪਿਆਰ ਦੇ ਰਹੇ ਹਨ। ਬੇਹੱਦ ਖ਼ੁਸ਼ ਹਾਂ ਕਿ ਸਾਡਾ ਪਹਿਲਾ ਇੰਨਾ ਵੱਡਾ ਕੰਮ ਲੋਕਾਂ ਨੇ ਵਧੀਆ ਤਰੀਕੇ ਨਾਲ ਕਬੂਲ ਕੀਤਾ ਹੈ।

ਸਵਾਲ : ਫ਼ਿਲਮ ਦੇ ਐਕਸ਼ਨ ਦੀ ਸਾਊਥ ਦੀਆਂ ਫ਼ਿਲਮਾਂ ਨਾਲ ਤੁਲਨਾ ਕੀਤੀ ਜਾ ਰਹੀ ਹੈ। ਇਸ ’ਤੇ ਕੀ ਕਹੋਗੇ?
ਨਵਦੀਪ : ਫ਼ਿਲਮ ਦੇ ਐਕਸ਼ਨ ’ਤੇ ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਐਕਸ਼ਨ ਦ੍ਰਿਸ਼ਾਂ ਦੌਰਾਨ ਮਸਤੀ ਵੀ ਬਹੁਤ ਕੀਤੀ ਹੈ। ਜਦੋਂ ਫ਼ਿਲਮ ’ਚ ਤੁਸੀਂ ਐਕਸ਼ਨ ਦੇਖੋਗੇ ਤਾਂ ਤੁਹਾਨੂੰ ਇਹ ਬਹੁਤ ਪ੍ਰਭਾਵਿਤ ਕਰੇਗਾ।

ਸਵਾਲ : ਤੁਸੀਂ ਲੰਮੇ ਸਮੇਂ ਤੋਂ ਇੰਡਸਟਰੀ ’ਚ ਕੰਮ ਕਰ ਰਹੇ ਹੋ ਪਰ ਮੁੱਖ ਕਿਰਦਾਰ ਵਜੋਂ ਹੁਣ ਨਜ਼ਰ ਆ ਰਹੇ ਹੋ। ਅਜਿਹਾ ਕਿਉਂ?
ਪੂਨਮ : ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਦਾ ਇਕ ਦੌਰ ਹੁੰਦਾ ਹੈ। ਕਿਸਮਤ ਤੋਂ ਬਿਨਾਂ ਕੁਝ ਨਹੀਂ ਮਿਲ ਸਕਦਾ। ਮੁੱਖ ਭੂਮਿਕਾ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਨਹੀਂ ਮਿਲੀ ਤਾਂ ਅਸੀਂ ਕਰੈਕਟਰ ਨਿਭਾਉਣੇ ਸ਼ੁਰੂ ਕਰ ਦਿੱਤੇ। ਕਰੈਕਟਰ ਨਿਭਾਉਂਦਿਆਂ ‘ਉੱਚਾ ਪਿੰਡ’ ਫ਼ਿਲਮ ਦੀ ਟੀਮ ਨੇ ਸਾਡੇ ਕੰਮ ਨੂੰ ਸਰਾਹਿਆ। ਮੈਂ ‘ਵੰਡ’ ਫ਼ਿਲਮ ਕੀਤੀ ਸੀ, ਨਵਦੀਪ ਨੇ ‘ਰੁਪਿੰਦਰ ਗਾਂਧੀ’ ’ਚ ਕੰਮ ਕੀਤਾ ਸੀ। ਸਾਡੀ ਅਦਾਕਾਰੀ ਉਨ੍ਹਾਂ ਨੂੰ ਪਸੰਦ ਆਈ ਤੇ ਉਨ੍ਹਾਂ ਨੂੰ ਲੱਗਾ ਕਿ ਸਾਨੂੰ ਹੁਣ ਮੁੱਖ ਕਿਰਦਾਰਾਂ ਵਜੋਂ ਅੱਗੇ ਆਉਣਾ ਚਾਹੀਦਾ ਹੈ।

ਸਵਾਲ : ਜਦੋਂ ਮੁੱਖ ਭੂਮਿਕਾ ’ਚ ਫ਼ਿਲਮ ਆਫਰ ਹੋਈ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਸੀ?
ਪੂਨਮ : ਉਦੋਂ ਇਹ ਲੱਗ ਰਿਹਾ ਸੀ ਕਿ ਠੀਕ ਹੈ ਫ਼ਿਲਮ ਆ ਗਈ ਹੈ ਪਰ ਡਰ ਸੀ ਕਿ ਕਿਤੇ ਫ਼ਿਲਮ ਅੱਧ ਵਿਚਾਲੇ ਨਾ ਰੁਕ ਜਾਵੇ ਜਾਂ ਇਹ ਪੂਰੀ ਹੋਵੇਗੀ ਜਾਂ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਕੁਝ ਫ਼ਿਲਮਾਂ ਕੀਤੀਆਂ ਹਨ, ਜੋ ਡੱਬਾ ਬੰਦ ਪਈਆਂ ਹਨ। ਮੈਨੂੰ ਖੁਸ਼ੀ ਹੈ ਕਿ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।


ਨਵਦੀਪ : ਮੈਂ ਡਾਇਰੈਕਟਰ ਹਰਜੀਤ ਰਿੱਕੀ ਦੇ ਦਫਤਰ ’ਚ ਬੈਠਾ ਸੀ। ਉਨ੍ਹਾਂ ਨੂੰ ਮੈਂ ਕਿਹਾ ਕਿ ਅਸੀਂ ਕੋਈ ਵੈੱਬ ਸੀਰੀਜ਼ ਬਣਾਉਂਦੇ ਹਾਂ, ਕੋਈ ਪਲਾਨ ਕਰਦੇ ਹਾਂ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਇਕੱਠੇ ਫ਼ਿਲਮ ਕਰ ਰਹੇ ਹਾਂ। ਇਕ ਪਲ ਲਈ ਮੈਂ ਹੈਰਾਨ ਰਹਿ ਗਿਆ ਤੇ ਮੈਨੂੰ ਯਕੀਨ ਨਹੀਂ ਹੋਇਆ ਪਰ ਬਾਅਦ ’ਚ ਉਨ੍ਹਾਂ ਨੇ ਮੈਨੂੰ ਸਾਈਨਿੰਗ ਅਮਾਊਂਟ ਦਿੱਤੀ ਤੇ ਮੈਂ ਉਸ ਦੌਰਾਨ ਭਾਵੁਕ ਹੋ ਗਿਆ। ਉਦੋਂ ਲੱਗਾ ਕਿ ਜਿਹੜਾ ਅਸੀਂ ਇੰਨੇ ਲੰਮੇ ਸਮੇਂ ਦਾ ਸੰਘਰਸ਼ ਕੀਤਾ ਸੀ, ਉਸ ਦਾ ਸਾਨੂੰ ਫਲ ਮਿਲ ਗਿਆ ਹੈ।

ਸਵਾਲ : ਕਿਰਦਾਰ ’ਚ ਢਲਣ ਲਈ ਕਿੰਨੀ ਮਿਹਨਤ ਕੀਤੀ?
ਨਵਦੀਪ– ਮਿਹਨਤ ਤਾਂ ਬਹੁਤ ਕੀਤੀ ਹੈ। ਪੂਨਮ ਦੀ ਗੱਲ ਕਰੀਏ ਤਾਂ ਉਸ ਨੇ ਆਪਣਾ 6 ਕਿਲੋ ਭਾਰ ਫ਼ਿਲਮ ਲਈ ਘਟਾਇਆ ਹੈ। ਉਥੇ ਮੈਂ 6 ਕਿਲੋ ਭਾਰ ਵਧਾਇਆ ਸੀ। ਐਕਸ਼ਨ ਦੌਰਾਨ ਸੱਟਾਂ ਵੀ ਬਹੁਤ ਲੱਗੀਆਂ। ਪੂਨਮ ਦਾ ਫ਼ਿਲਮ ’ਚ ਇਕ ਆਈਟਮ ਨੰਬਰ ਹੈ। ਉਸ ਦੀ ਸ਼ੂਟਿੰਗ ਤੋਂ ਪਹਿਲਾਂ ਉਹ ਬੀਮਾਰ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਣਾ ਪਿਆ ਪਰ ਫਿਰ ਵੀ ਪੂਨਮ ਨੇ ਸ਼ੂਟਿੰਗ ਰੱਦ ਨਹੀਂ ਕੀਤੀ ਤੇ ਹਸਪਤਾਲ ਤੋਂ ਵਾਪਸ ਆਉਂਦਿਆਂ ਹੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ।

ਸਵਾਲ : ਫ਼ਿਲਮ ਦੀ ਕਮਾਈ ਦਾ 5 ਫੀਸਦੀ ਹਿੱਸਾ ਕਿਸਾਨੀ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਕੀ ਇੰਨੀ ਰਾਸ਼ੀ ਬਹੁਤ ਹੋਵੇਗੀ?
ਨਵਦੀਪ : ਦੇਖੋ 5 ਫੀਸਦੀ ਹਿੱਸਾ ਕਹਿਣ ਨੂੰ ਤਾਂ ਬਹੁਤ ਛੋਟਾ ਹੁੰਦਾ ਹੈ ਪਰ ਜਦੋਂ ਇਕ ਫ਼ਿਲਮ ਦੀ ਕਮਾਈ ਦੀ ਗੱਲ ਆਉਂਦੀ ਹੈ ਤਾਂ ਇਹ 5 ਫੀਸਦੀ ਹਿੱਸਾ ਵੀ ਕਾਫੀ ਚੰਗੀ ਰਾਸ਼ੀ ’ਚ ਬਦਲ ਜਾਂਦਾ ਹੈ। ਉਥੇ ਸਰਕਾਰ ਨੂੰ ਚਾਹੀਦਾ ਹੈ ਕਿ ਰੀਜਨਲ ਸਿਨੇਮਾ ਨੂੰ ਹੁੰਗਾਰਾ ਦੇਣ ਲਈ ਟੈਕਸ ਹਟਾਇਆ ਜਾਵੇ। ਵੱਡੀ ਗੱਲ ਤਾਂ ਪਹਿਲਕਦਮੀ ਕਰਨ ਦੀ ਵੀ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜਿਸ ਨੇ ਅਜਿਹਾ ਕਦਮ ਚੁੱਕਿਆ ਹੈ। ਸਾਨੂੰ ਇਸ ਗੱਲ ’ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਪੂਨਮ : ਫ਼ਿਲਮ ਦੀ ਕਮਾਈ ਦਾ 50 ਫੀਸਦੀ ਹਿੱਸਾ ਤਾਂ ਸਿਨੇਮਾਘਰਾਂ ਨੂੰ ਹੀ ਚਲਾ ਜਾਂਦਾ ਹੈ। ਉਸ ਤੋਂ ਬਾਅਦ ਡਿਸਟ੍ਰੀਬਿਊਟਰਾਂ ਤੇ ਟੈਕਸ ’ਚ ਦੇਣਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਪ੍ਰੋਡਿਊਸਰਾਂ ਨੂੰ ਵੀ 10 ਫੀਸਦੀ ਹੀ ਬੱਚਦਾ ਹੈ। ਕਿਤੇ ਨਾ ਕਿਤੇ ਅਸੀਂ ਵੀ ਕਿਸਾਨੀ ਨਾਲ ਜੁੜੇ ਹੋਏ ਹਾਂ। ਉਥੇ ਜੋ ਸਾਡੀ ਫ਼ਿਲਮ ਦੇ ਪ੍ਰੋਡਿਊਸਰ ਹਨ, ਉਨ੍ਹਾਂ ਦੀਆਂ ਬੱਸਾਂ ਕਿਸਾਨਾਂ ਦੀ ਸੇਵਾ ’ਚ ਲੱਗੀਆਂ ਹੋਈਆਂ ਹਨ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪਹਿਲ ਕਰਨੀ ਹੀ ਬਹੁਤ ਵੱਡਾ ਫ਼ੈਸਲਾ ਹੈ।

ਸਵਾਲ : ਫ਼ਿਲਮ ਨੂੰ ਕਿਥੇ-ਕਿਥੇ ਰਿਲੀਜ਼ ਕੀਤਾ ਜਾ ਰਿਹਾ ਹੈ?
ਨਵਦੀਪ– ਪੰਜਾਬ ’ਚ ਫ਼ਿਲਮ ਹਰ ਪਾਸੇ ਰਿਲੀਜ਼ ਹੋਵੇਗੀ, ਜਿਥੇ ਵੀ ਸਿਨੇਮਾਘਰ ਖੁੱਲ੍ਹੇ ਹਨ। ਉਥੇ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਫ਼ਿਲਮ ਨੂੰ ਕੈਨੇਡਾ, ਆਸਟਰੇਲੀਆ ਤੇ ਯੂ. ਕੇ. ’ਚ ਰਿਲੀਜ਼ ਕੀਤਾ ਜਾ ਰਿਹਾ ਹੈ। ਨਿਊਜ਼ੀਲੈਂਡ ’ਚ ਫਿਲਹਾਲ ਲਾਕਡਾਊਨ ਚੱਲ ਰਿਹਾ ਹੈ, ਜੇ ਉਥੇ ਸਿਨੇਮਾਘਰ ਖੁੱਲ੍ਹ ਜਾਂਦੇ ਹਨ ਤਾਂ ਉਥੇ ਵੀ ਫ਼ਿਲਮ ਰਿਲੀਜ਼ ਹੋਵੇਗੀ।

ਸਵਾਲ : ਐਮੀ ਵਿਰਕ ਦੇ ਵਿਵਾਦ ’ਤੇ ਤੁਹਾਡੀ ਕੀ ਰਾਏ ਹੈ?
ਨਵਦੀਪ : ਕਲਾਕਾਰਾਂ ਦਾ ਕੰਮ ਹੈ ਗੀਤ ਤੇ ਫ਼ਿਲਮਾਂ ਕਰਨੀਆਂ। ਹੋਰ ਉਨ੍ਹਾਂ ਕੋਲ ਆਮਦਨ ਦਾ ਕੋਈ ਰਸਤਾ ਨਹੀਂ ਹੈ। ਜਿਵੇਂ ਬਾਕੀ ਲੋਕ ਕੰਮ ਕਰਦੇ ਹਨ, ਕਲਾਕਾਰਾਂ ਲਈ ਵੀ ਫ਼ਿਲਮ ਦੇ ਗੀਤ ਕਰਨੇ ਕੰਮ ਹੈ। ਐਮੀ ਨੇ ਜਾਂ ਕਿਸੇ ਹੋਰ ਕਲਾਕਾਰ ਨੇ ਜੋ ਫ਼ਿਲਮਾਂ ਕੀਤੀਆਂ, ਉਹ ਪਹਿਲਾਂ ਦੀਆਂ ਬਣੀਆਂ ਹਨ। ਸਾਨੂੰ ਕਿਸੇ ਚੀਜ਼ ਦਾ ਇਕ ਪੱਖ ਨਹੀਂ ਦੇਖਣਾ ਚਾਹੀਦਾ, ਦੋਵੇਂ ਪੱਖ ਦੇਖ ਕੇ ਹੀ ਰਾਏ ਰੱਖਣੀ ਚਾਹੀਦੀ ਹੈ। ਪ੍ਰੋਡਿਊਸਰ ਫ਼ਿਲਮ ਨੂੰ ਕਿਥੇ ਜਾ ਕੇ ਵੇਚਦੇ ਹਨ, ਇਸ ’ਚ ਕਲਾਕਾਰ ਦਾ ਕੋਈ ਕਸੂਰ ਨਹੀਂ ਹੁੰਦਾ।

ਪੂਨਮ– ਜੇ ਅੱਜ ਇਕ ਕਲਾਕਾਰ ਅੱਗੇ ਜਾ ਰਿਹਾ ਹੈ ਤਾਂ ਉਹ ਕਿਸਾਨਾਂ ਨੂੰ ਛੱਡ ਤਾਂ ਨਹੀਂ ਰਿਹਾ। ਉਹ ਆਪਣੇ ਭਰਾਵਾਂ ਨਾਲ ਤਾਂ ਖੜ੍ਹਾ ਹੈ। ਉਸ ਨੇ ਕਦੇ ਇਹ ਤਾਂ ਨਹੀਂ ਦਿਖਾਇਆ ਕਿ ਉਸ ਨੇ ਕਿਸਾਨਾਂ ਨਾਲ ਖੜ੍ਹਾ ਨਹੀਂ ਹੋਣਾ। ਹਰ ਕਲਾਕਾਰ ਜਿੰਨੀ ਵੀ ਹੁੰਦੀ ਹੈ, ਸੁਪੋਰਟ ਜ਼ਰੂਰ ਕਰਦਾ ਹੈ। ਹਮੇਸ਼ਾ ਨੈਗੇਟਿਵ ਗੱਲਾਂ ਹੀ ਉਛਾਲੀਆਂ ਜਾਂਦੀਆਂ ਹਨ, ਚੰਗੀਆਂ ਚੀਜ਼ਾਂ ਘੱਟ ਹੀ ਅੱਗੇ ਲਿਆਈਆਂ ਜਾਂਦੀਆਂ ਹਨ।


author

sunita

Content Editor

Related News