ਰੁਬਿਨਾ ਬਾਜਵਾ ਤੇ ਗੁਰਬਖਸ਼ ਦਾ ਟਵਿੱਟਰ ਅਕਾਊਂਟ ਸਸਪੈਂਡ, ਵਿਆਹ ਦੀ ਵਰ੍ਹੇਗੰਢ ਮੌਕੇ ਕੀਤੀਆਂ ਸਨ ਇਹ ਵੀਡੀਓਜ਼ ਪੋਸਟ
Monday, Jan 16, 2023 - 10:50 AM (IST)
ਜਲੰਧਰ (ਬਿਊਰੋ) : ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਭਾਰਤੀ-ਅਮਰੀਕੀ ਕਾਰੋਬਾਰੀ ਗੁਰਬਖਸ਼ ਸਿੰਘ ਚਾਹਲ ਅਤੇ ਰੁਬਿਨਾ ਬਾਜਵਾ ਦੇ ਟਵਿੱਟਰ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ। ਬੀ. ਐੱਨ. ਐੱਨ. ਵੈੱਬਸਾਈਟ ਮੁਤਾਬਕ, ਗੁਰਬਖਸ਼ ਚਾਹਲ ਅਤੇ ਰੁਬਿਨਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵੀਡੀਓਜ਼ ਪੋਸਟ ਕੀਤੀਆਂ ਸਨ ਅਤੇ ਕੁਝ ਘੰਟੇ ਬਾਅਦ ਦੋਹਾਂ ਦੇ ਅਕਾਊਂਟ ਇਕੱਠੇ ਸਸਪੈਂਡ ਕਰ ਦਿੱਤੇ ਗਏ।
ਬੀ. ਐੱਨ. ਐੱਨ. ਵੈੱਬਸਾਈਟ ਨੇ ਲਿਖੀ ਇਹ ਪੋਸਟ
ਬੀ. ਐੱਨ. ਐੱਨ. ਵੈੱਬਸਾਈਟ ਨੇ ਲਿਖਿਆ, "ਸਾਡੇ ਸੰਸਥਾਪਕ ਗੁਰਬਖਸ਼ ਚਾਹਲ ਵੱਲੋਂ ਆਪਣੇ ਅਤੇ ਪਤਨੀ ਰੁਬਿਨਾ ਦੇ ਟਵਿੱਟਰ ਅਕਾਊਂਟਸ 'ਤੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਇਕ ਵੀਡੀਓ ਪੋਸਟ ਕਰਨ ਦੇ ਕੁਝ ਹੀ ਘੰਟੇ ਬਾਅਦ ਟਵਿੱਟਰ ਨੇ ਦੋਵਾਂ ਦੇ @gchahal ਅਤੇ @bajwarubina24 ਅਕਾਊਂਟ ਨੂੰ ਮੁਅੱਤਲ ਕਰ ਦਿੱਤਾ।" ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰਬਖਸ਼ ਚਾਹਲ ਨੂੰ ਅਕਾਊਂਟ ਸਸਪੈਂਡ ਕਰਨ ਬਾਰੇ ਕੋਈ ਮੈਸੇਜ ਜਾਂ ਈਮੇਲ ਨਹੀਂ ਭੇਜੀ ਗਈ ਸੀ। ਉਨ੍ਹਾਂ ਵੱਲੋਂ ਟਵਿੱਟਰ ਤੋਂ ਆਪਣਾ ਅਕਾਊਂਟ ਸਸਪੈਂਡ ਕਰਨ ਬਾਰੇ ਜਾਣਕਾਰੀ ਮੰਗੀ ਗਈ ਹੈ ਪਰ ਹਾਲੇ ਤਕ ਕੋਈ ਜਵਾਬ ਨਹੀਂ ਮਿਲਿਆ ਹੈ।
ਪਤਨੀ ਰੁਬਿਨਾ ਨੂੰ ਚਾਹਲ ਨੇ ਪੋਸਟ ਰਾਹੀਂ ਦਿੱਤੀਆਂ ਸਨ ਵਧਾਈਆਂ
ਦੱਸਣਯੋਗ ਹੈ ਕਿ ਗੁਰਬਖਸ਼ ਸਿੰਘ ਚਾਹਲ ਤੇ ਰੁਬਿਨਾ ਬਾਜਵਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਬੀਤੇ ਦਿਨ ਗੁਰਬਖਸ਼ ਚਾਹਲ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗੁਰਬਖਸ਼ ਚਾਹਲ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਸਨ।
7 ਜਨਵਰੀ 2022 ਨੂੰ ਕਰਵਾਇਆ ਸੀ ਵਿਆਹ
ਦਰਅਸਲ ਦੋਵਾਂ ਨੇ 7 ਜਨਵਰੀ 2022 ਨੂੰ ਵਿਆਹ ਕਰਵਾਇਆ ਸੀ ਪਰ ਕੋਵਿਡ ਕਾਰਨ ਆਫੀਸ਼ੀਅਲ ਤੌਰ 'ਤੇ ਦੋਵਾਂ ਨੇ 26 ਅਕਤੂਬਰ 2022 ਨੂੰ ਵਿਆਹ ਸਮਾਗਮ ਰੱਖਿਆ ਸੀ। ਇਸ 'ਚ ਉਨ੍ਹਾਂ ਦੇ ਦੋਸਤ ਅਤੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਏ ਸਨ। ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਪੰਜਾਬੀ ਇੰਡਸਟਰੀ ਨੂੰ ਦੇ ਚੁੱਕੀ ਹੈ ਕਈ ਹਿੱਟ ਫ਼ਿਲਮਾਂ
ਰੁਬਿਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਵੱਡੀ ਭੈਣ ਨੀਰੂ ਬਾਜਵਾ ਵੀ ਇੱਕ ਬਿਹਤਰੀਨ ਅਦਾਕਾਰਾ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।