ਐਕਟਿੰਗ ਨੂੰ ਅਲਵਿਦਾ ਆਖ ਇਹ ਅਦਾਕਾਰਾ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ 'ਚ ਖੜੀ ਕੀਤੀ 820 ਕਰੋੜ ਦੀ ਕੰਪਨੀ
Friday, Aug 04, 2023 - 11:14 AM (IST)
ਮੁੰਬਈ (ਬਿਊਰੋ) : ਟੀ. ਵੀ. ਦੀ ਖ਼ੂਬਸੂਰਤ ਅਦਾਕਾਰਾ ਆਸ਼ਕਾ ਗੋਰਾਡੀਆ ਹੁਣ ਸਫ਼ਲ ਉਦਯੋਗਪਤੀ ਬਣ ਗਈ ਹੈ। ਆਸ਼ਕਾ ਨੇ ਉਦੋਂ ਐਕਟਿੰਗ ਛੱਡ ਦਿੱਤੀ ਸੀ ਜਦੋਂ ਉਹ ਆਪਣੇ ਕਰੀਅਰ ਦੇ ਸਿਖਰ 'ਤੇ ਸੀ। ਛੋਟੇ ਪਰਦੇ 'ਤੇ ਉਸ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਟੀ. ਵੀ. ਇੰਡਸਟਰੀ 'ਚ 20 ਸਾਲਾਂ ਤੋਂ ਵੱਧ ਸਮੇਂ ਤੱਕ ਸਰਗਰਮ ਰਹਿਣ ਤੋਂ ਬਾਅਦ ਆਸ਼ਕਾ ਨੇ ਅਪ੍ਰੈਲ 2021 'ਚ ਅਦਾਕਾਰੀ ਨੂੰ ਅਲਵਿਦਾ ਆਖ ਦਿੱਤਾ ਸੀ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਆਸ਼ਕਾ ਗੋਰਾਡੀਆ ਦੇ ਅਚਾਨਕ ਇੰਡਸਟਰੀ ਤੋਂ ਬਾਹਰ ਹੋਣ ਨਾਲ ਨਾ ਸਿਰਫ਼ ਟੀ. ਵੀ. ਜਗਤ ਸਗੋਂ ਉਸ ਦੇ ਪ੍ਰਸ਼ੰਸਕ ਵੀ ਹੈਰਾਨ ਸਨ। ਦੱਸ ਦਈਏ ਕਿ ਆਸ਼ਕਾ ਕਾਰੋਬਾਰੀ ਖ਼ੇਤਰ 'ਚ ਵੀ ਕਾਫ਼ੀ ਸਫਲ ਰਹੀ ਹੈ। ਸਿਰਫ਼ ਦੋ ਸਾਲਾਂ ਦੇ ਅੰਦਰ, ਉਹ ਫਾਲਗੁਨੀ ਨਾਇਰ (ਨਿਆਕਾ), ਵਿਨੀਤਾ ਸਿੰਘ (ਸ਼ੂਗਰ ਕਾਸਮੈਟਿਕਸ) ਅਤੇ ਹੋਰ ਬਹੁਤ ਸਾਰੀਆਂ ਵਰਗੀਆਂ ਉੱਤਮ ਕਾਰੋਬਾਰੀ ਔਰਤਾਂ ਨਾਲ ਮੁਕਾਬਲਾ ਕਰ ਰਹੀ ਹੈ।
ਇੰਝ ਮਿਲੀ ਸੀ ਛੋਟੇ ਪਰਦੇ 'ਤੇ ਪ੍ਰਸਿੱਧੀ
ਆਸ਼ਕਾ ਗੋਰਾਡੀਆ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਸ਼ੋਅ 'ਅਚਾਨਕ 37 ਸਾਲ' ਤੋਂ ਕੀਤੀ ਸੀ। ਹਾਲਾਂਕਿ, ਉਸ ਨੂੰ ਆਪਣਾ ਪਹਿਲਾ ਵੱਡਾ ਪ੍ਰੋਜੈਕਟ ਉਦੋਂ ਮਿਲਿਆ ਜਦੋਂ ਉਸ ਨੂੰ ਸ਼ੋਅ 'ਕੁਸੁਮ' ਲਈ ਸਾਈਨ ਕੀਤਾ ਗਿਆ ਸੀ, ਜਿਸ 'ਚ ਉਸ ਨੇ 'ਕੁਮੁਦ' ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨਾਲ ਉਸ ਨੂੰ ਘਰ-ਘਰ ਪਛਾਣ ਮਿਲੀ।
ਆਸ਼ਕਾ ਗੋਰਾਡੀਆ ਨੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਕੰਮ ਕੀਤਾ। ਉਹ 'ਜੈੱਟ ਸੈੱਟ ਗੋ', 'ਕਭੀ ਕਭੀ ਪਿਆਰ ਕਭੀ ਯਾਰ', 'ਮਿਸਟਰ ਐਂਡ ਮਿਸਿਜ਼ ਟੀਵੀ', 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 4', 'ਬਿੱਗ ਬੌਸ 6', 'ਨੱਚ ਬਲੀਏ 8', 'ਕਿਚਨ' 'ਚ ਨਜ਼ਰ ਆ ਚੁੱਕੀ ਹੈ।
ਅਦਾਕਾਰੀ ਨੂੰ ਆਖਿਆ ਅਲਵਿਦਾ ਤੇ ਬਣੀ ਬਿਜ਼ਨੈੱਸ ਵੂਮੈਨ
ਆਸ਼ਕਾ ਗੋਰਾਡੀਆ ਨੂੰ ਆਖਰੀ ਵਾਰ ਟੀ. ਵੀ. 'ਤੇ ਸਾਲ 2019 'ਚ ਦੇਖਿਆ ਗਿਆ ਸੀ। ਉਸ ਨੇ ਅਧਿਕਾਰਤ ਤੌਰ 'ਤੇ ਸਾਲ 2021 'ਚ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸ ਨੇ 2019 'ਚ ਆਪਣੇ ਕਾਰੋਬਾਰੀ ਉੱਦਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸਾਲ 2020 'ਚ ਆਸ਼ਕਾ ਨੇ ਆਪਣਾ ਮੇਕਅੱਪ ਅਤੇ ਬਿਊਟੀ ਬ੍ਰਾਂਡ, ਰੇਨੀ ਕਾਸਮੈਟਿਕਸ ਲਾਂਚ ਕੀਤਾ। ਉੱਦਮੀ ਬਣ ਗਈ ਅਦਾਕਾਰਾ ਨੇ ਆਪਣੇ ਕਾਲਜ ਦੇ ਦੋਸਤਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਨਾਲ ਹੱਥ ਮਿਲਾਇਆ ਅਤੇ ਇਕੱਠੇ ਮਿਲ ਕੇ ਰੇਨੀ ਕਾਸਮੈਟਿਕਸ ਲਾਂਚ ਕੀਤਾ ਸੀ।
2 ਸਾਲਾਂ 'ਚ ਬਣਾਈ ਕਰੋੜਾਂ ਦੀ ਕੰਪਨੀ
ਕਾਰੋਬਾਰ ਸ਼ੁਰੂ ਕਰਨ ਦੇ ਦੋ ਸਾਲਾਂ 'ਚ ਆਸ਼ਕਾ ਦਾ ਕਾਸਮੈਟਿਕ ਬ੍ਰਾਂਡ, ਰੇਨੀ ਕਾਸਮੈਟਿਕਸ 820 ਕਰੋੜ ਰੁਪਏ ਦੀ ਕੰਪਨੀ ਬਣ ਗਈ ਹੈ। ਹਾਲਾਂਕਿ, ਕਾਸਮੈਟਿਕ ਬ੍ਰਾਂਡ ਬਣਾਉਣ 'ਚ ਆਸ਼ਕਾ ਦੇ ਕਾਰੋਬਾਰੀ ਭਾਈਵਾਲਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਦੀ ਵਿਸ਼ੇਸ਼ਤਾ ਨੇ ਵੀ ਉਨ੍ਹਾਂ ਦੀ ਕੰਪਨੀ ਦੀ ਸਫ਼ਲਤਾ 'ਚ ਵੱਡਾ ਯੋਗਦਾਨ ਪਾਇਆ ਹੈ।
ਕਈ ਰਿਪੋਰਟਾਂ ਅਨੁਸਾਰ, ਰੇਨੀ ਕਾਸਮੈਟਿਕਸ ਕੋਲ ਇਸ ਦੀ ਸਾਈਟ 'ਤੇ ਸੂਚੀਬੱਧ ਲਗਭਗ 200 ਉਤਪਾਦ ਹਨ ਅਤੇ ਇਹ ਐਮਾਜ਼ਾਨ, ਨਿਆਕਾ, ਫਲਿੱਪਕਾਰਟ ਅਤੇ ਮਿੰਤਰਾ ਵਰਗੀਆਂ ਕੰਪਨੀਆਂ ਨਾਲ ਵੀ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਰੇਨੀ ਕਾਸਮੈਟਿਕਸ ਦੇ ਪੂਰੇ ਭਾਰਤ 'ਚ 650 ਸਟੋਰ ਹਨ, ਜੋ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਇਹ ਕਾਸਮੈਟਿਕ ਬ੍ਰਾਂਡ ਕਿਵੇਂ ਵਧ ਰਿਹਾ ਹੈ।
ਬ੍ਰੈਂਟ ਗੋਬਲ ਨਾਲ ਹੋਇਆ ਆਸ਼ਕਾ ਦਾ ਵਿਆਹ
ਆਸ਼ਕਾ ਗੋਰਾਡੀਆ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਵਿਆਹ ਅਮਰੀਕੀ ਕਾਰੋਬਾਰੀ ਬ੍ਰੈਂਟ ਗੋਬਲ ਨਾਲ ਹੋਇਆ ਹੈ। ਦੋਵੇਂ ਕਥਿਤ ਤੌਰ 'ਤੇ 2016 'ਚ ਮਿਲੇ ਸਨ ਅਤੇ ਗੰਢ ਬੰਨ੍ਹਣ ਤੋਂ ਪਹਿਲਾਂ ਇੱਕ ਸਾਲ ਤੋਂ ਵੱਧ ਸਮੇਂ ਤੱਕ ਡੇਟ ਕਰਦੇ ਸਨ। ਆਸ਼ਕਾ ਅਤੇ ਬ੍ਰੈਂਟ ਦਾ ਵਿਆਹ 1 ਦਸੰਬਰ 2017 ਨੂੰ ਈਸਾਈ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਫਿਲਹਾਲ ਇਹ ਜੋੜਾ ਆਪਣੇ ਪਹਿਲੇ ਬੱਚੇ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ।