‘ਸਰਬਾਲਾ ਜੀ’ ਫਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟ੍ਰੇਲਰ ਰਿਲੀਜ਼
Tuesday, Jul 08, 2025 - 09:35 AM (IST)

ਜਲੰਧਰ (ਬਿਊਰੋ)– ਪੰਜਾਬੀ ਫਿਲਮ ‘ਸਰਬਾਲਾ ਜੀ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ ਕਾਫ਼ੀ ਹੈ। ਇਹ ਫਿਲਮ ਉਨ੍ਹਾਂ ਵੇਲਿਆਂ ਦੀ ਗੱਲ ਕਰਦੀ ਹੈ, ਜਦੋਂ ਸਰਬਾਲਾ ਲਾੜੇ ਦੇ ਹਾਣ ਦਾ ਹੁੰਦਾ ਸੀ। ਪਹਿਲੀ ਵਾਰ ਅਜਿਹਾ ਵਿਸ਼ਾ ਪੰਜਾਬੀ ਸਿਨੇਮਾ ’ਚ ਵੱਡੇ ਪੱਧਰ ’ਤੇ ਦੇਖਣ ਨੂੰ ਮਿਲਣ ਵਾਲਾ ਹੈ।
ਫਿਲਮ ’ਚ ਐਮੀ ਵਿਰਕ ਲਾੜਾ ਬਣਿਆ ਹੈ ਤੇ ਗਿੱਪੀ ਗਰੇਵਾਲ ਸਰਬਾਲਾ, ਜਿਸ ਨੂੰ ਵਿਆਹੁਣ ਜਾਣ ਸਮੇਂ ਹੋ ਜਾਂਦਾ ਹੈ ਸਰਗੁਣ ਮਹਿਤਾ ਨਾਲ ਪਿਆਰ। ਉਥੇ ਹੀ ਨਿਮਰਤ ਖਹਿਰਾ ਦੀ ਜੋੜੀ ਸਾਨੂੰ ਫਿਲਮ ’ਚ ਐਮੀ ਵਿਰਕ ਨਾਲ ਦੇਖਣ ਨੂੰ ਮਿਲਣ ਵਾਲੀ ਹੈ। ਇਹ ਉਹ ਜੋੜੀਆਂ ਹਨ, ਜੋ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਦਿਲਾਂ ’ਚ ਪਹਿਲਾਂ ਤੋਂ ਹੀ ਖਿੱਚ ਪੈਦਾ ਕਰ ਚੁੱਕੀਆਂ ਹਨ।
ਫਿਲਮ ਦਾ ਟ੍ਰੇਲਰ ਸ਼ੁਰੂ ਤੋਂ ਲੈ ਕੇ ਅਖੀਰ ਤਕ ਕਾਮੇਡੀ ਨਾਲ ਭਰਪੂਰ ਹੈ, ਜਿਸ ’ਚ ਪੁਰਾਣੇ ਸਮੇਂ ਦੇ ਹਿਸਾਬ ਨਾਲ ਕਾਮੇਡੀ ਪੰਚ ਸੁਣਨ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਬਹੁਤ ਹੀ ਟੈਲੇਂਟਿਡ ਸੁਪੋਰਟਿੰਗ ਕਾਸਟ ਵੀ ਟ੍ਰੇਲਰ ’ਚ ਦੇਖਣ ਨੂੰ ਮਿਲ ਰਹੀ ਹੈ। ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਚਾਰੇ ਹੀ ਵੱਖਰੇ ਅੰਦਾਜ਼ ’ਚ ਇਸ ਵਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ।
ਫਿਲਮ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਇੰਦਰਜੀਤ ਮੋਗਾ ਵਲੋਂ ਲਿਖੀ ਗਈ ਹੈ। ਫਿਲਮ ਕੁਮਾਰ ਤੌਰਾਨੀ ਤੇ ਗਿਰਿਸ਼ ਤੌਰਾਨੀ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਦੁਨੀਆ ਭਰ ’ਚ ਇਹ ਫਿਲਮ 18 ਜੁਲਾਈ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।