ਗਾਇਕ ਦਿਲਜਾਨ ਦੀ ਅੰਤਿਮ ਅਰਦਾਸ ਮੌਕੇ ਨਮ ਹੋਈਆਂ ਹਜ਼ਾਰਾਂ ਅੱਖਾਂ (ਵੀਡੀਓ)
Sunday, Apr 11, 2021 - 06:06 PM (IST)
ਜਲੰਧਰ: ਸਭ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮਸ਼ਹੂਰ ਸੂਫੀ ਗਾਇਕ ਦਿਲਜਾਨ ਦੀ 30 ਮਾਰਚ ਨੂੰ ਦਰਦਨਾਕ ਹਾਦਸੇ ’ਚ ਮੌਤ ਹੋ ਗਈ ਸੀ। ਦਿਲਜਾਨ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਆਮ ਲੋਕਾਂ ਨੂੰ ਵੀ ਵੱਡਾ ਝਟਕਾ ਲੱਗਾ। ਅੱਜ ਦਿਲਜਾਨ ਦੀ ਅੰਤਿਮ ਅਰਦਾਸ ਹੈ।
ਮਹਰੂਮ ਗਾਇਕ ਦੀ ਅੰਤਿਮ ਅਰਦਾਸ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਸ਼ਰਧਾਜਲੀ ਦੇਣ ਪਹੁੰਚੀਆਂ। ਇਸ ਸਮੇਂ ਦਿਲਜਾਨ ਨੂੰ ਯਾਦ ਕਰ ਹਰ ਕਿਸੇ ਦੀਆਂ ਅੱਖਾਂ ਨਮ ਸਨ ਅਤੇ ਹਰ ਕੋਈ ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਗਾਇਕੀ ਨੂੰ ਯਾਦ ਕਰ ਰਿਹਾ ਸੀ। ਦਿਲਜਾਨ ਦੀ ਅੰਤਿਮ ਅਰਦਾਸ ’ਚ ਹੁਣ ਤੱਕ ਮਸ਼ਹੂਰ ਗਾਇਕ ਸਰਬਜੀਤ ਚੀਮਾ,ਸਰਦਾਰ ਅਲੀ, ਰਣਜੀਤ ਰਾਣਾ ਵਰਗੇ ਵੱਡੇ ਕਲਾਕਾਰਾਂ ਨੇ ਪਹੁੰਚ ਕੇ ਸ਼ਰਧਾਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਸੂਫੀ ਗਾਇਕ ਦਿਲਜਾਨ ਦੀ ਮੌਤ 31 ਮਾਰਚ ਦੀ ਸਵੇਰੇ ਤੜਕੇ ਮੁੱਖ ਰਾਸ਼ਟਰੀ ਮਾਰਗ ਜੰਡਿਆਲਾ ਗੁਰੂ (ਅੰਮ੍ਰਿਤਸਰ) ਨੇੜੇ ਵਾਪਰੇ ਜ਼ਬਰਦਸਤ ਸੜਕ ਹਾਦਸੇ ’ਚ ਹੋਈ ਸੀ ਅਤੇ 5 ਅਪ੍ਰੈਲ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ 11 ਤਾਰੀਕ ਭਾਵ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਘਰ ਆਰੀਆ ਨਗਰ, ਕਰਤਾਰਪੁਰ ਵਿਖੇ ਹੋਵੇਗੀ।
ਦੱਸ ਦਈਏ ਕਿ 31 ਸਾਲਾਂ ਦਿਲਜਾਨ ਦੀ ਵੱਡੀ ਪਛਾਣ ਪੰਜਾਬ ਦੇ ਅਤੇ ਨੈਸ਼ਨਲ ਲੈਵਲ ਦੇ ਰਿਐਲਿਟੀ ਸ਼ੋਅ ਤੋਂ ਬਣੀ ਸੀ। ਦਿਲਜਾਨ ਨੇ ਇੰਗਲੈਂਡ, ਅਮਰੀਕਾ, ਕਤਰ, ਦੁਬਈ ਅਤੇ ਅਫਰੀਕਾ ਸਮੇਤ ਕਈ ਦੇਸ਼ਾਂ 'ਚ ਸ਼ੋਅ ਲਗਾਏ ਸਨ। ਉਨ੍ਹਾਂ ਨੇ ਸੰਗੀਤ ਲਈ ਜੋ ਕੁਰਬਾਨੀ ਦਿੱਤੀ, ਇਸ ਤੋਂ ਵਧੀਆ ਉਦਾਹਰਨ ਨਹੀਂ ਹੋ ਸਕਦੀ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਬਲਦੇਵ ਕੁਮਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਅਤਾ ਜੋੜ ਲਿਆ ਸੀ।
ਸੰਗੀਤ ਲਈ ਦਿਲਜਾਨ ਨੇ ਦਿੱਤੀ ਇਹ ਕੁਰਬਾਨੀ
ਮਾਡਾਰ ਰਾਸ਼ਟਰੀ ਬੀਮੇ 'ਚ ਕਲਾਸ ਵੰਨ ਅਧਿਕਾਰੀ ਸੀ ਅਤੇ ਸੰਗੀਤ ਦੇ ਮਹਾਂਗੁਰੂ, ਪੂਰਨ ਸ਼ਾਹਕੋਟੀ ਦੇ ਚੇਲੇ ਸੀ। ਬਚਪਨ 'ਚ ਜਦੋਂ ਦਿਲਜਾਨ ਨੂੰ ਪਤਾ ਲੱਗਿਆ ਕਿ ਮਡਾਰ ਕਰਤਾਰਪੁਰੀ ਸੰਗੀਤ ਸਿਖਾਉਂਦਾ ਹੈ ਤਾਂ ਦਿਲਜਾਨ ਉਸ ਦੀ ਸ਼ਰਨ 'ਚ ਚਲਾ ਗਿਆ।
ਸੰਗੀਤ ਸਿੱਖਣ ਲਈ, ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਮਦਨ ਮਾਡਾਰ ਦੇ ਨੇੜੇ ਹੀ ਰਿਹਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਵਜੋਂ ਸਵੀਕਾਰ ਲਿਆ। ਸਿੱਖਿਆ ਪ੍ਰਾਪਤ ਕਰਦਿਆਂ ਵੀ ਦਿਲਜਾਨ ਨੇ ਆਪਣੇ ਸਕੂਲ-ਕਾਲਜ ਦੇ ਸਾਰੇ ਸਰਟੀਫਿਕੇਟ 'ਤੇ ਪਿਤਾ ਬਲਦੇਵ ਕੁਮਾਰ ਦੀ ਥਾਂ 'ਤੇ ਮਦਨ ਮਾਡਾਰ ਦਾ ਨਾਂ ਲਿਖਿਆ। ਕਰਤਾਰਪੁਰ ਦੇ ਵਸਨੀਕ ਸਮਝਦੇ ਹਨ ਕਿ ਦਿਲਜਾਨ ਮਦਨ ਮਾਡਾਰ ਦਾ ਪੁੱਤਰ ਹੈ। ਮਦਨ ਮਾਡਾਰ ਦੀ ਪਤਨੀ ਮੀਨਾ ਰਾਣੀ ਨੇ ਦਿਲਜਾਨ ਨੂੰ ਪੁੱਤਰ ਦੀ ਤਰ੍ਹਾਂ ਪਾਲਿਆ।
ਉਸਤਾਦ ਪੂਰਨ ਸ਼ਾਹਕੋਟੀ ਤੋਂ ਲਏ ਗਾਇਕੀ ਦੇ ਗੁਰ
ਗਾਇਕ ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ।