ਦੁਨੀਆ ਭਰ 'ਚ ਕੱਲ ਰਿਲੀਜ਼ ਹੋਣ ਜਾ ਰਹੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ'

Thursday, Sep 12, 2024 - 09:42 AM (IST)

ਜਲੰਧਰ- ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਕੱਲ ਭਾਵ 13 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਜਾਵੇਗੀ। ਇਸ ਫਿਲਮ ਨੂੰ ਦੇਸ਼-ਵਿਦੇਸ਼ ’ਚ ਬੈਠੇ ਦਰਸ਼ਕ ਕੱਲ ਤੋਂ ਦੇਖ ਸਕਦੇ ਹਨ। ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫਿਲਮ ਜੀਓ ਸਟੂਡੀਓਜ਼, ਹੰਬਲ ਮੋਸ਼ਨ ਪਿਕਚਰਜ਼ ਤੇ ਪੈਨੋਰਮਾ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ। ਫਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਜੈਸਮੀਨ ਭਸੀਨ ਨਾਲ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸ੍ਰੀ ਹਜ਼ੂਰ ਸਾਹਿਬ ’ਚ ਸ਼ੂਟਿੰਗ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?

ਗਿੱਪੀ ਗਰੇਵਾਲ– ਜਦੋਂ ਫਿਲਮ ਲਿਖੀ ਗਈ ਸੀ, ਉਦੋਂ ਇਹ ਚੀਜ਼ ਨਹੀਂ ਪਤਾ ਸੀ ਕਿ ਫਿਲਮ ਉਥੇ ਜਾ ਕੇ ਸ਼ੂਟ ਹੋ ਪਾਵੇਗੀ ਜਾਂ ਨਹੀਂ ਪਰ ਉਥੇ ਪ੍ਰਬੰਧਕ ਕਮੇਟੀ ਨੇ ਸਾਡਾ ਬਹੁਤ ਸਾਥ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਬੜੀ ਇਮਾਨਦਾਰੀ ਨਾਲ ਅਸੀਂ ਫਿਲਮ ਸ਼ੂਟ ਕਰਨ ਗਏ ਸੀ ਤੇ ਸਾਨੂੰ ਉਹੀ ਦੁਆਵਾਂ ਮਿਲੀਆਂ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਜਦੋਂ ਅਸੀਂ ਪਹਿਲੇ ਦਿਨ ਉਥੇ ਗਏ ਤੇ ਮੱਥਾ ਟੇਕਿਆ ਤਾਂ ਜੋ ਮੈਨੂੰ ਅਹਿਸਾਸ ਹੋ ਰਿਹਾ ਸੀ, ਮੈਂ ਆਪਣੇ ਮਨ ’ਚ ਉਦੋਂ ਹੀ ਸੋਚ ਲਿਆ ਕਿ ਅਸੀਂ ਫਿਲਮ ਇੰਨੀ ਵਧੀਆ ਤਰੀਕੇ ਨਾਲ ਸ਼ੂਟ ਕਰੀਏ ਕਿ ਜੋ ਲੋਕ ਇਥੇ ਨਹੀਂ ਪਹੁੰਚ ਸਕਦੇ, ਉਹ ਫਿਲਮ ਦੇਖ ਕੇ ਕਹਿਣ ਕੇ ਸਾਨੂੰ ਉਥੋਂ ਦੇ ਦਰਸ਼ਨ ਹੋ ਗਏ ਹਨ।

13 ਤਰੀਕ ਨੂੰ ਫਿਲਮ ਰਿਲੀਜ਼ ਕਰਨ ਦਾ ਪਹਿਲਾਂ ਹੀ ਪਲਾਨ ਕੀਤਾ ਸੀ ਜਾਂ ਫਿਰ ਆਪਣੇ-ਆਪ ਹੀ ਬਾਬੇ ਨਾਨਕ ਦੀ ਮਿਹਰ ਹੋ ਗਈ?

ਗਿੱਪੀ– ਇਹ ਚੀਜ਼ ਖ਼ੁਸ਼ਕਿਮਸਤੀ ਨਾਲ ਹੋਈ ਹੈ। ਸਾਰੀਆਂ ਚੀਜ਼ਾਂ ਆਪਣੇ-ਆਪ ਹੋ ਰਹੀਆਂ ਹਨ। ਗੁਰਪ੍ਰੀਤ ਘੁੱਗੀ ਜੀ ਕਹਿੰਦੇ ਹਨ ਕਿ 13-9 ਭਾਵ ‘ਤੇਰਾ ਨਾਂ’ ਬਹੁਤ ਕਮਾਲ ਦਾ ਮੇਲ ਬਣਿਆ ਹੈ। ਇਸ ਫਿਲਮ ਲਈ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਰ ਜਦੋਂ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਬਾਬਾ ਜੀ ਆਪ ਹੀ ਠੀਕ ਕਰਵਾ ਦਿੰਦੇ ਹਨ। ਇਸ ਫਿਲਮ ’ਚ ਬਹੁਤ ਵੱਖਰੀਆਂ ਕਹਾਣੀਆਂ ਚੁੱਕੀਆਂ ਗਈਆਂ ਹਨ। ਕੋਸ਼ਿਸ਼ ਕੀਤੀ ਹੈ ਕਿ ਫਿਲਮ ਤੁਹਾਨੂੰ ਮੋਟੀਵੇਟ ਕਰੇ। ਜ਼ਿੰਦਗੀ ਦੇ ਸਬਕ ਹੀ ਹਨ, ਜੋ ਲੋਕਾਂ ਤੋਂ ਸਾਨੂੰ ਮਿਲਦੇ ਹਨ, ਉਹੀ ਇਸ ਫਿਲਮ ’ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਸਵਾਲ– ਤੁਹਾਨੂੰ ਲੱਗਦਾ ਹੈ ਕਿ ‘ਅਰਦਾਸ’ ਫਿਲਮ ਨੇ ਤੁਹਾਡਾ ਇਕ ਕਾਮੇਡੀਅਨ ਦਾ ਕਿਰਦਾਰ ਤੋੜ ਕੇ ਦਰਸ਼ਕਾਂ ਸਾਹਮਣੇ ਨਵਾਂ ਰੂਪ ਪੇਸ਼ ਕੀਤਾ ਹੈ?

ਗੁਰਪ੍ਰੀਤ ਘੁੱਗੀ– ਜਦੋਂ ਮੈਂ ਦੂਰਦਰਸ਼ਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਮੈਂ ਵੱਖ-ਵੱਖ ਕਿਰਦਾਰ ਕਰਦਾ ਹੁੰਦਾ ਸੀ। ਜਦੋਂ ਮੈਂ ਫਿਲਮਾਂ ਤੇ ਸੀਰੀਅਲਾਂ ’ਚ ਆਇਆ ਤਾਂ ਮੈਨੂੰ ਇਕ ਕਾਮੇਡੀਅਨ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਇਸ ਦਾ ਮੈਨੂੰ ਫ਼ਾਇਦਾ ਵੀ ਹੋਇਆ, ਸ਼ੋਹਰਤ ਵੀ ਮਿਲੀ ਪਰ ਮੇਰੇ ਅੰਦਰ ਜੋ ਇਕ ਅਦਾਕਾਰ ਸੀ, ਉਹ ਕਿਤੇ ਮਰ ਗਿਆ ਸੀ ਪਰ ‘ਅਰਦਾਸ’ ਨੇ ਮੈਨੂੰ ਵੱਖਰੀ ਪਛਾਣ ਦਿੱਤੀ। ਮੇਰੇ ਅੰਦਰਲੇ ਅਦਾਕਾਰ ਨੂੰ ਮੁੜ ਬਾਹਰ ਕੱਢਿਆ। ਇਹ ਕਹਿਣਾ ਵੀ ਗਲਤ ਨਹੀਂ ਕਿ ‘ਅਰਦਾਸ’ ਨੇ ਮੈਨੂੰ ਮੁੜ ਜਿਊਂਦਾ ਕਰ ਦਿੱਤਾ ਹੈ।

ਘਰਦਿਆਂ ਦੀ ਇਸ ਫਿਲਮ ਨੂੰ ਲੈ ਕੇ ਕੀ ਪ੍ਰਤੀਕਿਰਿਆ ਸੀ?

ਜੈਸਮੀਨ ਭਸੀਨ– ਮੇਰੇ ਘਰਦੇ ਬਹੁਤ ਉਤਸ਼ਾਹਿਤ ਹਨ ਤੇ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਸ੍ਰੀ ਹਜ਼ੂਰ ਸਾਹਿਬ ਜਾ ਕੇ ਬਚਪਨ ਦੀਆਂ ਸਾਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਮੈਂ ਜਦੋਂ ਪਹਿਲੀ ਵਾਰ ਸ੍ਰੀ ਹਜ਼ੂਰ ਸਾਹਿਬ ਗਈ ਸੀ ਤਾਂ ਉਦੋਂ ਮੈਂ 11ਵੀਂ ’ਚ ਪੜ੍ਹਦੀ ਸੀ।

ਜਦੋਂ ਫਿਲਮ ਦੀ ਕਹਾਣੀ ਲਿਖ ਰਹੇ ਸੀ ਤਾਂ ਤੁਹਾਨੂੰ ਆਪਣੇ ਬਚਪਨ ਦੀ ਰੋਡ ਟਰਿੱਪ ਦੀ ਕਹਾਣੀ ਯਾਦ ਆਉਂਦੀ ਸੀ?

ਗਿੱਪੀ– ਸਾਡੇ ਤਾਂ ਰੋਡ ਟਰਿੱਪ ਇਹੀ ਹੁੰਦੀ ਸੀ ਕਿ ਅਸੀਂ ਵਿਸਾਖੀ ’ਤੇ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਸੀ। ਟਰਾਲੀਆਂ ਭਰ ਕੇ ਸ੍ਰੀ ਆਨੰਦਪੁਰ ਸਾਹਿਬ ਜਾਣਾ ਇਕ ਵੱਖਰੇ ਤਰ੍ਹਾਂ ਦੀ ਆਨੰਦ ਦੇਣ ਵਾਲੀ ਰੋਡ ਟਰਿੱਪ ਹੁੰਦੀ ਸੀ। ਮੇਰਾ ਇਕ ਦੰਦ ਅਜੇ ਵੀ ਅੱਧਾ ਟੁੱਟਾ ਹੋਇਆ ਹੈ, ਸ੍ਰੀ ਆਨੰਦਪੁਰ ਸਾਹਿਬ ਜਾਂਦੇ ਸਮੇਂ ਟਰਾਲੀ ’ਚ ਡਾਲੇ ਨਾਲ ਵੱਜ ਕੇ ਇਹ ਟੁੱਟ ਗਿਆ ਸੀ। ਪਹਿਲਾਂ ਤਾਂ ਬਹੁਤ ਟੁੱਟਿਆ ਸੀ ਪਰ ਹੁਣ ਥੋੜ੍ਹਾ ਠੀਕ ਕਰਵਾ ਲਿਆ।

ਅੱਜ ਤੁਸੀਂ ਜਿਸ ਮੁਕਾਮ ’ਤੇ ਹੋ, ਕੀ ਉਸ ਤੋਂ ਤੁਸੀਂ ਸੰਤੁਸ਼ਟ ਹੋ?

ਘੁੱਗੀ– ਜੇਕਰ ਤੁਸੀਂ ਅਰਦਾਸ ਕਰਦੇ ਹੋ ਤਾਂ ਆਪਣੇ ਲਈ ਸਬਰ-ਸੰਤੋਖ ਮੰਗੋ, ਜਿਸ ਨੂੰ ਸਬਰ ਆਉਣਾ, ਉਸ ਨੂੰ ਘੱਟ ’ਚ ਵੀ ਆ ਜਾਣਾ ਤੇ ਜਿਸ ਨੂੰ ਨਹੀਂ ਆਇਆ, ਉਸ ਨੂੰ ਵੱਧ ’ਚ ਵੀ ਨਹੀਂ ਆਉਣਾ। ਇਕ ਅਦਾਕਾਰ ਵਜੋਂ ਮੇਰੀ ਜ਼ਿੰਦਗੀ ਸੰਤੁਸ਼ਟੀ ਭਰੀ ਹੈ।

 ਜ਼ਿੰਦਗੀ ’ਚ ਅਜਿਹਾ ਕਿਹੜਾ ਇਨਸਾਨ ਮਿਲਿਆ, ਜਿਸ ਨੇ ਤੁਹਾਨੂੰ ਸਹੀ ਦਿਸ਼ਾ ਦਿੱਤੀ?

ਜੈਸਮੀਨ– ਮੈਂ ਇਮਾਨਦਾਰੀ ਨਾਲ ਦੱਸਾਂ ਤਾਂ ਮੈਨੂੰ ਮੁੰਬਈ ’ਚ ਕਦੇ ਵੀ ਅਜਿਹਾ ਕੋਈ ਨਹੀਂ ਮਿਲਿਆ, ਜਿਸ ਨੇ ਮੈਨੂੰ ਦਿਸ਼ਾ ਦਿੱਤੀ ਹੋਵੇ ਪਰ ਜਦੋਂ ਮੈਂ ਪੰਜਾਬੀ ਸਿਨੇਮਾ ’ਚ ‘ਹਨੀਮੂਨ’ ਫਿਲਮ ਕੀਤੀ ਤਾਂ ਗਿੱਪੀ ਮੇਰੇ ਨਾਲ ਇਕ ਸਾਥ ਤੇ ਦਿਸ਼ਾ ਦੇਣ ਵਾਲੇ ਬਣ ਕੇ ਖੜ੍ਹੇ ਹੋਏ। ਮੈਂ ਸਾਊਥ ’ਚ ਵੀ ਕੰਮ ਕੀਤਾ, ਉਥੇ ਤਾਂ ਲੋਕਾਂ ਨੇ ਮੇਰੇ ਲਈ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ।
 


Priyanka

Content Editor

Related News