ਧਰਮ ਤਬਦੀਲੀ ਦੀ ਭਿਆਨਕ ਗੰਢ-ਸੰਢ ਦਾ ਪਰਦਾਫਾਸ਼ ਕਰਦੀ ਹੈ ‘ਦਿ ਕੇਰਲਾ ਸਟੋਰੀ’ : ਅਨੁਰਾਗ ਠਾਕੁਰ

Tuesday, May 09, 2023 - 10:38 AM (IST)

ਧਰਮ ਤਬਦੀਲੀ ਦੀ ਭਿਆਨਕ ਗੰਢ-ਸੰਢ ਦਾ ਪਰਦਾਫਾਸ਼ ਕਰਦੀ ਹੈ ‘ਦਿ ਕੇਰਲਾ ਸਟੋਰੀ’ : ਅਨੁਰਾਗ ਠਾਕੁਰ

ਨਵੀਂ ਦਿੱਲੀ (ਬਿਊਰੋ) - ਕੇਂਦਰੀ ਸੂਚਨਾ ਪ੍ਰਸਾਰਣ , ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਫ਼ਿਲਮ ‘ਦਿ ਕੇਰਲਾ ਸਟੋਰੀ’ ਵੇਖਣ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਧਰਮ ਤਬਦੀਲੀ ਦੀ ਭਿਆਨਕ ਗੰਢ-ਸੰਢ ਦਾ ਪਰਦਾਫਾਸ਼ ਕਰਨ ਵਾਲੀ ਫਿਲਮ ਦੱਸਿਆ ਹੈ। ਕੌਮਾਂਤਰੀ ਅੱਤਵਾਦ ਦੀ ਖਤਰਨਾਕ ਸਾਜ਼ਿਸ਼ ਤੋਂ ਬਚਣ ਲਈ ਹਰ ਭੈਣ-ਬੇਟੀ ਨੂੰ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ।

ਅਨੁਰਾਗ ਠਾਕੁਰ ਨੇ ਕਿਹਾ ਕਿ ‘ਦਿ ਕੇਰਲਾ ਸਟੋਰੀ’ ਸੱਚਾਈ ਨੂੰ ਸਾਹਮਣੇ ਰੱਖਣ ਦੀ ਇੱਕ ਕੋਸ਼ਿਸ਼ ਹੈ। ਇਹ ਫ਼ਿਲਮ ਸਾਨੂੰ ਝੰਜੋੜਨ ਵਾਲੀ ਹੈ। ਫ਼ਿਲਮ ਰਾਹੀਂ ਇਹ ਸੱਚਾਈ ਸਾਡੇ ਸਾਹਮਣੇ ਆਉਂਦੀ ਕਿ ਕਿਵੇਂ ਭਾਰਤ ਦੀਆਂ ਮਾਸੂਮ ਧੀਆਂ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਅੱਤਵਾਦੀ ਸੰਗਠਨਾਂ 'ਚ ਭਰਤੀ ਕੀਤਾ ਜਾਂਦਾ ਹੈ। ਇਸ ਫ਼ਿਲਮ ਨੇ ਦੇਸ਼ ਖਿਲਾਫ ਸਾਲਾਂ ਤੋਂ ਚੱਲ ਰਹੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਪਹਿਲੀ ਵਾਰ ਕਿਸੇ ਫ਼ਿਲਮ ਨੇ ਕੇਰਲ 'ਚ ਚੱਲ ਰਹੀ ਕੌਮਾਂਤਰੀ ਦਹਿਸ਼ਤਗਰਦੀ ਦੀ ਖ਼ਤਰਨਾਕ ਸਾਜ਼ਿਸ਼ ਨੂੰ ਇੰਨੇ ਜ਼ੋਰਦਾਰ ਢੰਗ ਨਾਲ ਭਾਰਤ ਅਤੇ ਦੁਨੀਆਂ ਸਾਹਮਣੇ ਵਿਖਾਇਆ ਹੈ, ਜਿਸ ਸੱਚਾਈ ਨੂੰ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਪਿਛਲੇ ਇੱਕ ਦਹਾਕੇ ਤੋਂ ਦੇਸ਼ ਨੂੰ ਝੁਠਲਾਉਂਦੀਆਂ ਆ ਰਹੀਆਂ ਹਨ, ਉਹ ਅੱਜ ਸਾਡੇ ਸਾਹਮਣੇ ਆ ਗਈ ਹੈ। ਇਹ ਸਿਰਫ਼ ਇੱਕ ਫ਼ਿਲਮ ਨਹੀਂ ਹੈ। ਇਹ ਇੱਕ ਦਸਤਾਵੇਜ਼ ਹੈ ਜੋ ਭਾਰਤ ਦੇ ਖਿਲਾਫ ਗਲੋਬਲ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਰਗੀ ਜਥੇਬੰਦੀ ਦੀਆਂ ਨਾਪਾਕ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਦੀ ਹੈ। ਇਹ ਸਾਨੂੰ ਚੌਕਸ ਕਰਦੀ ਹੈ ਕਿ ਅਸੀਂ ਕਿਵੇਂ ਆਪਣੀਆਂ ਭੈਣਾਂ, ਧੀਆਂ ਅਤੇ ਬੱਚਿਆਂ ਨੂੰ ਅੱਤਵਾਦ ਦੇ ਇਸ ਰਾਖਸ਼ ਤੋਂ ਬਚਾਈਏ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’

ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਤੁਸ਼ਟੀਕਰਨ ਦੀ ਸਿਆਸਤ ਕਰ ਕੇ ਨੀਵੇਂ ਪੱਧਰ ’ਤੇ ਆ ਗਈਆਂ
ਅਨੁਰਾਗ ਠਾਕੁਰ ਨੇ ਕਿਹਾ ਕਿ ਤੁਸ਼ਟੀਕਰਨ ਦੀ ਸਿਆਸਤ ਕਰਦੇ ਹੋਏ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਇਸ ਹੱਦ ਤੱਕ ਡਿੱਗ ਗਈਆਂ ਹਨ ਕਿ ਉਨ੍ਹਾਂ ਨੇ ਕੇਰਲ 'ਚ ਦਹਾਕਿਆਂ ਤੋਂ ਚੱਲ ਰਹੀਆਂ ਅੱਤਵਾਦੀ ਸਾਜ਼ਿਸ਼ਾਂ ਦੇ ਬਚਾਅ 'ਚ ਮਾੜੇ ਪ੍ਰਚਾਰ ਦਾ ਸਹਾਰਾ ਲਿਆ ਅਤੇ ਅਦਾਲਤ ਤੱਕ ਵੀ ਗਏ। ਕਾਂਗਰਸ ਅਤੇ ਖੱਬੇ ਪੱਖੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਭਾਰਤ ਦੀਆਂ ਮਾਸੂਮ ਬੱਚੀਆਂ ਨਾਲ ਖੜ੍ਹੇ ਹਨ ਜਾਂ ਇਸ ਦੇ ਵਿਰੁੱਧ ਹਨ? ਕੀ ਉਹ ਅੱਤਵਾਦੀ ਸੰਗਠਨਾਂ ਦਾ ਪਰਦਾਫਾਸ਼ ਕਰਨ ਦੇ ਇਸ ਯਤਨ ’ਚ ਨਾਲ ਹਨ ਜਾਂ ਵਿਰੋਧ 'ਚ ਖੜੇ ਹਨ? ਕੀ ਭਵਿੱਖ 'ਚ ਅਜਿਹੀਆਂ ਭਰਤੀ ਮੁਹਿੰਮਾਂ ਨਾ ਹੋਣ? ਕੀ ਕੁੜੀਆਂ ਇਸ ਦੇ ਜਾਲ 'ਚ ਨਾ ਫਸਣ? ਕੀ ਉਹ ਇਸ ਦੇ ਨਾਲ ਹਨ ਜਾਂ ਇਸ ਦੇ ਵਿਰੁੱਧ ਹਨ? ਕੇਰਲ ਦੀਆਂ ਅਣਗਿਣਤ ਮਾਸੂਮ ਭੈਣਾਂ ਅਤੇ ਧੀਆਂ ਨੂੰ ਧਰਮ ਤਬਦੀਲੀ ਰਾਹੀਂ ਅੱਤਵਾਦ ਦੀ ਦਲਦਲ 'ਚ ਸੁੱਟ ਦਿੱਤਾ ਗਿਆ।

ਇਹ ਸਿਰਫ਼ ਉਨ੍ਹਾਂ ਦੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦੀ ਕਹਾਣੀ ਨਹੀਂ ਹੈ। ਇਹ ਉਨ੍ਹਾਂ ਭਾਰਤੀਆਂ ਦੀ ਕਹਾਣੀ ਹੈ ਜੋ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਦੇਸ਼ ਨੂੰ ਅੱਤਵਾਦ ਤੋਂ ਬਚਾਉਣਾ ਚਾਹੁੰਦੇ ਹਨ। ਇਹ ਫ਼ਿਲਮ ਅਸਲੀਅਤ ’ਤੇ ਚਾਨਣਾ ਪਾਉਂਦੀ ਹੈ ਕਿ ਕਿਵੇਂ ਭਾਰਤ ਦੀਆਂ ਧੀਆਂ ਨੂੰ ਪਿਆਰ ਦੇ ਜਾਲ ’ਚ ਫਸਾਇਆ ਜਾਂਦਾ ਹੈ ਅਤੇ ਫਿਰ ਅਜਿਹੇ ਰਾਹ ’ਤੇ ਲਿਜਾਇਆ ਜਾਂਦਾ ਹੈ ਜਿੱਥੋਂ ਪਿੱਛੇ ਮੁੜਨ ਦਾ ਕੋਈ ਮੌਕਾ ਨਹੀਂ ਮਿਲਦਾ। ਇਸ ’ਤੇ ਪਰਦਾ ਪਾਉਣ ਦਾ ਕੰਮ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਮੂਸੇਵਾਲਾ ਦੀ ਹਵੇਲੀ ’ਚ ਸ਼ੂਟ ਕੀਤਾ ਨਵਾਂ ਗੀਤ, ਕੀ ਤੁਸੀਂ ਦੇਖੀ ਵੀਡੀਓ?

ਮਮਤਾ ਬੈਨਰਜੀ ਅੱਤਵਾਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੇ ਨਾਲ ਹੈ ਜਾਂ ਵਿਰੁੱਧ
ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਫ਼ਿਲਮ ’ਤੇ ਪਾਬੰਦੀ ਲਾ ਕੇ ਪੱਛਮੀ ਬੰਗਾਲ ਦੀਆਂ ਭੈਣਾਂ ਅਤੇ ਧੀਆਂ ਨਾਲ ਬੇਇਨਸਾਫੀ ਕੀਤੀ ਹੈ। ਮਮਤਾ ਬੈਨਰਜੀ ਦੇ ਰਾਜ 'ਚ ਜਿਸ ਤਰ੍ਹਾਂ ਇੱਕ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਹੈ ਅਤੇ ਉਸ ਨੂੰ ਘਸੀਟ ਕੇ ਲਿਜਾਇਆ ਜਾਂਦਾ ਹੈ, ਉਹ ਸਾਨੂੰ ਸ਼ਰਮਸਾਰ ਕਰਦਾ ਹੈ। ਅਜਿਹੀ ਸੋਚ ਉਨ੍ਹਾਂ ਅੱਤਵਾਦੀਆਂ ਨੂੰ ਤਾਕਤ ਦਿੰਦੀ ਹੈ।

ਇਹ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੀ ਹਮਦਰਦੀ ਅੱਤਵਾਦੀ ਸੰਗਠਨਾਂ ਨਾਲ ਕਿਉਂ ਹੈ ਅਤੇ ਕੇਰਲ ਦੀਆਂ ਉਨ੍ਹਾਂ ਮਾਸੂਮ ਬੱਚੀਆਂ ਨਾਲ ਕਿਉਂ ਨਹੀਂ ਜੋ ਅੱਤਵਾਦ ਦਾ ਸ਼ਿਕਾਰ ਹੋਈਆਂ? ਅੱਜ ਦੇਸ਼ ਉਨ੍ਹਾਂ ਤੋਂ ਇਕ ਆਵਾਜ਼ 'ਚ ਪੁੱਛਣਾ ਚਾਹੁੰਦਾ ਹੈ ਕਿ ਅੱਤਵਾਦ ’ਤੇ ਕੇਂਦਰਿਤ ਫ਼ਿਲਮ ਤੋਂ ਉਨ੍ਹਾਂ ਨੂੰ ਕੋਈ ਸਮੱਸਿਆ ਕਿਉਂ ਹੈ? ਜਿਹੜੇ ਲੋਕ ਇਸ ਫ਼ਿਲਮ ਨੂੰ ਏਜੰਡਾ-ਪ੍ਰਚਾਰ ਮੰਨਦੇ ਹਨ, ਮੈਂ ਅੱਤਵਾਦ ਦੇ ਅਜਿਹੇ ਸਮਰਥਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇਸ਼ ਦਾ ਹਰ ਬੱਚਾ ਕੇਰਲ ਦੀ ਉਸ ਕਹਾਣੀ ਨੂੰ ਜਾਣਨਾ ਚਾਹੁੰਦਾ ਹੈ, ਜਿਸ ਨੂੰ ਤੁਸੀਂ ਲੁਕੋ ਰਹੇ ਹੋ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News