ਹਲਕਾ-ਫੁਲਕਾ ਕਾਮਿਕ ਨਹੀਂ, ਡਾਰਕ ਅਤੇ ਇੰਟੈਂਸ ਹੈ ‘ਕਪਤਾਨ’ ਦਾ ਕਿਰਦਾਰ : ਕਵਿਤਾ ਕੌਸ਼ਿਕ
Tuesday, Apr 07, 2026 - 10:55 AM (IST)
ਮੁੰਬਈ- ਐਕਸ਼ਨ-ਕ੍ਰਾਈਮ ਡਰਾਮਾ ਵੈੱਬ ਸੀਰੀਜ਼ ‘ਕਪਤਾਨ’ ਓ.ਟੀ.ਟੀ. ਪਲੇਟਫਾਰਮ ਐੱਮ.ਐਕਸ ਪਲੇਅਰ ’ਤੇ 3 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ। ਇਹ ਸੀਰੀਜ਼ ਜਵਾਲਾਬਾਦ ਸ਼ਹਿਰ ਵਿਚ ਐੱਸ.ਐੱਸ.ਪੀ. ਸਮਰਦੀਪ ਸਿੰਘ ਦੀ ਕਹਾਣੀ ’ਤੇ ਆਧਾਰਤ ਹੈ। ਇਸ ਸੀਰੀਜ਼ ਵਿਚ ਸਾਕਿਬ ਸਲੀਮ, ਅੰਜੁਮ ਸ਼ਰਮਾ, ਸਿਧਾਰਥ ਨਿਗਮ, ਕਵਿਤਾ ਕੌਸ਼ਿਕ, ਵਰੁਣ ਬਡੋਲਾ, ਵਿਕਰਮ ਕੋਚਰ, ਆਰਿਫ਼ ਜ਼ਕਾਰੀਆ, ਪੂਜਾ ਗੌੜ ਅਤੇ ਅਨੁਸ਼ਕਾ ਕੌਸ਼ਿਕ ਮੁੱਖ ਕਿਰਦਾਰ ’ਚ ਨਜ਼ਰ ਆ ਰਹੇ ਹਨ। ਸੀਰੀਜ਼ ਬਾਰੇ ਸਾਕਿਬ ਸਲੀਮ, ਸਿਧਾਰਥ ਨਿਗਮ, ਕਵਿਤਾ ਕੌਸ਼ਿਕ ਤੇ ਅੰਜੁਮ ਸ਼ਰਮਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ....
ਇਹ ਬਦਲਾਅ ਬਹੁਤ ਦਿਲਚਸਪ ਅਤੇ ਚੁਣੌਤੀਪੂਰਨ : ਕਵਿਤਾ ਕੌਸ਼ਿਕ
ਪ੍ਰ.-ਐੱਫ.ਆਈ.ਆਰ ਵਾਲੀ ਕਪਤਾਨ ਅਤੇ ਇਸ ‘ਕਪਤਾਨ’ ਵਿਚ ਕੀ ਫਰਕ ਹੈ?
ਜੇ ਮੈਂ ਸਿੱਧੀ ਭਾਸ਼ਾ ਵਿਚ ਕਹਾਂ ਤਾਂ ਦੋਵੇਂ ਕਿਰਦਾਰਾਂ ਵਿਚ ਜ਼ਮੀਨ-ਅਾਸਮਾਨ ਦਾ ਫਰਕ ਹੈ। ਪਹਿਲਾਂ ਜੋ ਕਿਰਦਾਰ ਮੈਂ ਨਿਭਾਇਆ ਸੀ, ਉਹ ਕਾਫ਼ੀ ਹਲਕਾ-ਫੁਲਕਾ ਕਾਮਿਕ ਅਤੇ ਦਰਸ਼ਕਾਂ ਨੂੰ ਹਸਾਉਣ ਵਾਲਾ ਸੀ। ਉਸ ਵਿਚ ਇਕ ਚਮਕ ਸੀ, ਇਕ ਸਕਾਰਾਤਮਕਤਾ ਸੀ ਪਰ ‘ਕਪਤਾਨ’ ਵਿਚ ਜੋ ਮੇਰਾ ਕਿਰਦਾਰ ਹੈ, ਉਹ ਬਿਲਕੁਲ ਉਲਟ ਹੈ। ਕਾਫ਼ੀ ਡਾਰਕ, ਇੰਟੈਂਸ ਅਤੇ ਲੇਅਰਡ। ਜੇ ਤੁਲਨਾ ਕਰਨੀ ਹੋਵੇ ਤਾਂ ਮੈਂ ਕਹਾਂਗੀ ਕਿ ਉਹ ਕਿਰਦਾਰ ਸੂਰਜ ਦੀ ਤਰ੍ਹਾਂ ਸੀ ਜਦਕਿ ਇਹ ਕਿਰਦਾਰ ਮੱਸਿਆ ਦੀ ਕਾਲੀ ਰਾਤ ਵਰਗਾ ਹੈ, ਜੋ ਆਪਣੇ ਨਾਲ ਇਕ ਵੱਖ ਤਰ੍ਹਾਂ ਦਾ ਹਨੇਰਾ ਅਤੇ ਰਹੱਸ ਲੈ ਕੇ ਆਉਂਦਾ ਹੈ। ਇਹ ਬਦਲਾਅ ਮੇਰੇ ਲਈ ਇਕ ਐਕਟਰ ਦੇ ਤੌਰ ’ਤੇ ਬਹੁਤ ਦਿਲਚਸਪ ਵੀ ਸੀ ਅਤੇ ਚੁਣੌਤੀਪੂਰਨ ਵੀ।
ਪ੍ਰ. ਪੰਜਾਬੀ ਇੰਡਸਟਰੀ ਵਿਚ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ ਅਤੇ ਕੀ ਬਦਲਾਅ ਜ਼ਰੂਰੀ ਲੱਗਦੇ ਹਨ?
ਸੱਚ ਕਹਾਂ ਤਾਂ ਮੈਂ ਉੱਥੇ ਕੁਝ ਬਦਲਣ ਵਾਲੀ ਕੋਈ ਨਹੀਂ ਹਾਂ। ਉੱਥੇ ਪਹਿਲਾਂ ਤੋਂ ਹੀ ਇੰਨੇ ਪ੍ਰਤਿਭਾਸ਼ੀਲ ਅਨੁਭਵੀ ਲੋਕ ਮੌਜੂਦ ਹਨ ਕਿ ਮੈਨੂੰ ਲੱਗਦਾ ਹੈ ਕਿ ਮੈਂ ਉੱਥੇ ਸਿਰਫ਼ ਇਕ ਛੋਟਾ ਜਿਹਾ ਹਿੱਸਾ ਹਾਂ। ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਭਾਸ਼ਾ ਰਹੀ ਕਿਉਂਕਿ ਪੰਜਾਬੀ ਮੇਰੀ ਪਹਿਲੀ ਭਾਸ਼ਾ ਨਹੀਂ ਹੈ। ਮੈਨੂੰ ਉਸ ਨੂੰ ਸਿੱਖ ਕੇ ਬੋਲਣਾ ਪੈਂਦਾ ਹੈ, ਜਿਸ ਨਾਲ ਕਦੇ-ਕਦੇ ਇੰਪ੍ਰੋਵਾਈਜ਼ੇਸ਼ਨ ਵਿਚ ਦਿੱਕਤ ਆਉਂਦੀ ਹੈ ਪਰ ਇਸ ਦੇ ਬਾਵਜੂਦ ਉੱਥੋਂ ਦਾ ਕੰਮ ਖ਼ਾਸ ਕਰ ਕੇ ਕਹਾਣੀ, ਅਦਾਕਾਰੀ, ਕਾਮੇਡੀ ਅਤੇ ਸੰਗੀਤ ਸਭ ਬਹੁਤ ਸ਼ਾਨਦਾਰ ਹੈ। ਉੱਥੋਂ ਦੇ ਕਲਾਕਾਰ ਬੇਹੱਦ ਮਿਹਨਤੀ ਅਤੇ ਸਿਰਜਣਾਤਮਕ ਹਨ ਅਤੇ ਇੰਡਸਟਰੀ ਲਗਾਤਾਰ ਅੱਗੇ ਵਧ ਰਹੀ ਹੈ।
ਸਾਕਿਬ ਸਲੀਮ
ਮੈਂ ਆਪਣੇ ਪਾਸਟ ਵਿਚ ਨਹੀਂ ਫਸਦਾ
ਪ੍ਰ. ਤੁਹਾਡੀ ਨਜ਼ਰ ਵਿਚ ‘ਕਪਤਾਨ’ ਦਾ ਕਿਰਦਾਰ ਤੁਹਾਡੇ ਕਰੀਅਰ ਵਿਚ ਕਿੱਥੇ ਖੜ੍ਹਾ ਹੁੰਦਾ ਹੈ?
ਮੇਰੇ ਲਈ ਹਰ ਨਵਾਂ ਕੰਮ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਮੈਂ ਇਹ ਮੰਨਦਾ ਹਾਂ ਕਿ ਜੋ ਕੰਮ ਤੁਸੀਂ ਹੁਣ ਕਰ ਰਹੇ ਹੋ, ਉਹ ਹੀ ਤੁਹਾਡੇ ਕਰੀਅਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ। ਮੈਂ ਆਪਣੇ ਪਾਸਟ ਵਿਚ ਕੀਤੇ ਗਏ ਕੰਮ ਨੂੰ ਲੈ ਕੇ ਜ਼ਿਆਦਾ ਨਹੀਂ ਸੋਚਦਾ ਕਿਉਂਕਿ ਜੇਕਰ ਤੁਸੀਂ ਉਸ ਵਿਚ ਫਸ ਜਾਂਦੇ ਹੋ ਤਾਂ ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕ ਸਕਦਾ ਹੈ। ‘ਕਪਤਾਨ’ ਦਾ ਇਹ ਕਿਰਦਾਰ ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਸ ਵਿਚ ਕਈ ਪਰਤਾਂ ਹਨ। ਇਹ ਸਿੱਧਾ-ਸਾਦਾ ਨਹੀਂ ਹੈ ਬਲਕਿ ਇਸ ਵਿਚ ਕਈ ਰੰਗ ਹਨ। ਮੈਂ ਖ਼ੁਦ ਨੂੰ ਇਕ ਐਕਟਰ ਦੇ ਤੌਰ ’ਤੇ ਸੀਮਤ ਨਹੀਂ ਕਰਨਾ ਚਾਹੁੰਦਾ। ਇਸ ਲਈ ਇਹ ਕਿਰਦਾਰ ਮੇਰੇ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਮੇਰਾ ਕੋਈ ਵੀ ਦੂਜਾ ਕੰਮ ਰਿਹਾ ਹੈ ਜਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ।
ਅੰਜੁਮ ਸ਼ਰਮਾ
ਪਿਛਲੇ ਕੰਮ ਤੋਂ ਬਿਲਕੁਲ ਵੱਖਰਾ ਕਿਰਦਾਰ
ਪ੍ਰ. ‘ਮਿਰਜ਼ਾਪੁਰ’ ਦੇ ਕਿਰਦਾਰ ਤੋਂ ਇਹ ਰੋਲ ਕਿੰਨਾ ਵੱਖਰਾ ਹੈ?
ਮੇਰਾ ਇਹ ਕਿਰਦਾਰ ਪਿਛਲੇ ਕੰਮ ਤੋਂ ਬਿਲਕੁਲ ਵੱਖਰਾ ਹੈ। ‘ਮਿਰਜ਼ਾਪੁਰ’ ਵਿਚ ਮੇਰਾ ਕਿਰਦਾਰ ਜ਼ਿਆਦਾ ਸ਼ਾਂਤ ਅਤੇ ਇੰਟੈਂਸ ਸੀ ਪਰ ‘ਕਪਤਾਨ’ ਵਿਚ ਮੇਰਾ ਰੋਲ ਜ਼ਿਆਦਾ ਖੁੱਲ੍ਹਿਆ ਹੋਇਆ, ਡਾਰਕ ਅਤੇ ਪੋਲਰਾਈਜ਼ਡ ਹੈ। ਇਸ ਵਿਚ ਕਲਾਸਿਕ ਵਿਲੇਨ ਵਰਗੇ ਰੰਗ ਹਨ ਜਿਵੇਂ ਗੱਬਰ ਜਾਂ ਮੋਗੈਂਬੋ, ਜਿੱਥੇ ਤੁਸੀਂ ਖੁੱਲ੍ਹ ਕੇ ਪਰਫਾਰਮ ਕਰ ਸਕਦੇ ਹੋ।
ਸਿਧਾਰਥ ਨਿਗਮ
ਮੈਂ ਕਦੇ ਪਲਾਨ ਹੀ ਨਹੀਂ ਕੀਤਾ ਸੀ ਕਿ ਐਕਟਰ ਬਣਾਂਗਾ
ਪ੍ਰ. ਇੰਨੀ ਘੱਟ ਉਮਰ ਵਿਚ ਏਨਾ ਵੱਡਾ ਮੁਕਾਮ, ਕੀ ਤੁਸੀਂ ਕਦੇ ਸੋਚਿਆ ਸੀ?
ਸੱਚ ਕਹਾਂ ਤਾਂ ਮੈਂ ਕਦੇ ਇਹ ਸਭ ਪਲਾਨ ਹੀ ਨਹੀਂ ਕੀਤਾ ਸੀ। ਮੈਂ ਜਿਸ ਬੈਕਗਰਾਊਂਡ ਤੋਂ ਆਉਂਦਾ ਹਾਂ, ਉੱਥੇ ਫਿਲਮਾਂ ਜਾਂ ਐਕਟਿੰਗ ਦੀ ਖ਼ਾਸ ਡਿਸਕਸ਼ਨ ਨਹੀਂ ਹੁੰਦੀ ਸੀ। ਬਚਪਨ ਵਿਚ ਥੀਏਟਰ ਤੱਕ ਨਹੀਂ ਗਿਆ ਸੀ ਫਿਲਮ ਦੇਖਣ। ਮੇਰੀ ਪਹਿਲੀ ਫਿਲਮ ਜੋ ਮੈਂ ਥੀਏਟਰ ਵਿਚ ਦੇਖੀ ਸੀ ਉਹ ਸੀ ‘ਮੰਗਲ ਪਾਂਡੇ: ਦਾ ਰਾਈਜ਼ਿੰਗ’ ਅਤੇ ਉਸ ਤੋਂ ਬਾਅਦ ‘ਧੂਮ-3’ ਦੇਖੀ। ਮੇਰਾ ਪੂਰਾ ਫੋਕਸ ਸਪੋਰਟਸ ’ਤੇ ਸੀ। ਮੈਂ ਜਿਮਨਾਸਟਿਕਸ ਕਰਦਾ ਸੀ, ਹੋਸਟਲ ਵਿਚ ਰਹਿੰਦਾ ਸੀ ਅਤੇ ਇੰਟਰਟੇਨਮੈਂਟ ਦੀ ਦੁਨੀਆਂ ਤੋਂ ਬਿਲਕੁਲ ਦੂਰ ਸੀ ਪਰ ਹੌਲੀ-ਹੌਲੀ ਜ਼ਿੰਦਗੀ ਨੇ ਮੋੜ ਲਿਆ ਅਤੇ ਮੈਂ ਇਸ ਇੰਡਸਟਰੀ ਵਿਚ ਆ ਗਿਆ। ਜਿਸ ਤਰ੍ਹਾਂ ਇੰਡਸਟਰੀ ਨੇ ਮੈਨੂੰ ਅਪਣਾਇਆ ਅਤੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਅੱਜ ਇੰਨੇ ਸ਼ਾਨਦਾਰ ਕਲਾਕਾਰਾਂ ਨਾਲ ਕੰਮ ਕਰਨਾ ਮੇਰੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ।
ਪ੍ਰ. ਤੁਸੀਂ ਆਮਿਰ ਖ਼ਾਨ ਵਰਗੇ ਵੱਡੇ ਸਟਾਰ ਨਾਲ ਕੰਮ ਕੀਤਾ ਹੈ। ਉਨ੍ਹਾਂ ਤੋਂ ਕੀ ਸਿੱਖਿਆ ਮਿਲੀ?
ਮੈਂ ਉਨ੍ਹਾਂ ਤੋਂ ਸਭ ਤੋਂ ਵੱਡੀ ਸਿੱਖਿਆ ਇਹ ਲਈ ਕਿ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਸਟਾਰ ਕਿਉਂ ਨਾ ਬਣ ਜਾਓ, ਤੁਹਾਨੂੰ ਹਮੇਸ਼ਾ ਹੰਬਲ ਅਤੇ ਗਰਾਊਂਡਿਡ ਰਹਿਣਾ ਚਾਹੀਦਾ। ਕਈ ਵਾਰ ਜਦੋਂ ਲੋਕ ਥੋੜ੍ਹਾ ਹਾਸਲ ਕਰ ਲੈਂਦੇ ਹਨ ਤਾਂ ਉਨ੍ਹਾਂ ਅੰਦਰ ਐਟੀਟਿਊਡ ਆ ਜਾਂਦਾ ਹੈ ਕਿ ਉਨ੍ਹਾਂ ਨੇ ਸਭ ਕੁਝ ਹਾਸਲ ਕਰ ਲਿਆ ਹੈ ਪਰ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨਾਲ ਕੰਮ ਕਰ ਕੇ ਮੈਂ ਜਾਣਿਆ ਕਿ ਅਸਲੀ ਗ੍ਰੇਟਨੈੱਸ ਕੀ ਹੁੰਦੀ ਹੈ। ਦੋਵੇਂ ਆਪਣੇ ਕੰਮ ਨੂੰ ਲੈ ਕੇ ਬੇਹੱਦ ਈਮਾਨਦਾਰ ਹਨ ਅਤੇ ਸੈੱਟ ’ਤੇ ਹਰ ਕਿਸੇ ਨੂੰ ਇੰਨਾ ਕੰਫਰਮ ਦਿੰਦੇ ਹਨ ਕਿ ਤੁਸੀਂ ਖ਼ੁਦ ਮੋਟੀਵੇਟ ਹੋ ਜਾਂਦੇ ਹੋ।
