ਤਮੰਨਾ ਭਾਟੀਆ ਨੇ ਵਿਜੇ ਵਰਮਾ ਨਾਲ ਆਪਣੇ ਰਿਸ਼ਤੇ ਦੀ ਕੀਤੀ ਪੁਸ਼ਟੀ, ਕਿਹਾ– ‘ਉਹੀ ਹੈ ਮੇਰੀ ਖ਼ੁਸ਼ੀ ਦਾ ਟਿਕਾਣਾ’

Tuesday, Jun 13, 2023 - 04:23 PM (IST)

ਤਮੰਨਾ ਭਾਟੀਆ ਨੇ ਵਿਜੇ ਵਰਮਾ ਨਾਲ ਆਪਣੇ ਰਿਸ਼ਤੇ ਦੀ ਕੀਤੀ ਪੁਸ਼ਟੀ, ਕਿਹਾ– ‘ਉਹੀ ਹੈ ਮੇਰੀ ਖ਼ੁਸ਼ੀ ਦਾ ਟਿਕਾਣਾ’

ਮੁੰਬਈ (ਬਿਊਰੋ)– ਤਮੰਨਾ ਭਾਟੀਆ ਨੇ ਆਖਿਰਕਾਰ ਆਪਣੇ ਪਿਆਰ ਦਾ ਇਕਬਾਲ ਕਰ ਲਿਆ ਹੈ। ਦਰਅਸਲ ‘ਬਾਹੂਬਲੀ’ ਦੀ ਅਦਾਕਾਰਾ ਤਮੰਨਾ ਭਾਟੀਆ ਤੇ ‘ਦਹਾੜ’ ਦੇ ਅਦਾਕਾਰ ਵਿਜੇ ਵਰਮਾ ਦੇ ਲੰਬੇ ਸਮੇਂ ਤੋਂ ਡੇਟ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ। ਦੋਵੇਂ ਲਗਾਤਾਰ ਕੈਮਰੇ ’ਚ ਇਕੱਠੇ ਕੈਦ ਹੋ ਰਹੇ ਸਨ ਪਰ ਅਫੇਅਰ ਦੀਆਂ ਖ਼ਬਰਾਂ ਤੋਂ ਪ੍ਰਹੇਜ਼ ਕਰ ਰਹੇ ਸਨ। ਹੁਣ ਤਮੰਨਾ ਭਾਟੀਆ ਨੇ ਆਪਣੇ ਰਿਸ਼ਤੇ ’ਤੇ ਮੋਹਰ ਲਗਾ ਦਿੱਤੀ ਹੈ ਤੇ ਵਿਜੇ ਵਰਮਾ ਨਾਲ ਆਪਣੇ ਪਿਆਰ ਦਾ ਜਨਤਕ ਤੌਰ ’ਤੇ ਇਕਬਾਲ ਕੀਤਾ ਹੈ। ਆਓ ਜਾਣਦੇ ਹਾਂ ਤਮੰਨਾ ਭਾਟੀਆ ਨੇ ਕੀ ਕਿਹਾ–

ਤਮੰਨਾ ਭਾਟੀਆ ਤੇ ਵਿਜੇ ਵਰਮਾ ਦੀ ਮੁਲਾਕਾਤ ‘ਲਸਟ ਸਟੋਰੀਜ਼ 2’ ਦੇ ਸੈੱਟ ’ਤੇ ਹੋਈ ਸੀ। ਇਹ ਉਨ੍ਹਾਂ ਦਾ ਇਕੱਠੇ ਪਹਿਲਾ ਪ੍ਰਾਜੈਕਟ ਸੀ, ਜਿਸ ਨੂੰ ਅਮਿਤ ਰਵਿੰਦਰਨਾਥ ਸ਼ਰਮਾ, ਕੋਂਕਣਾ ਸੇਨ ਸ਼ਰਮਾ, ਆਰ. ਬਾਲਕੀ ਤੇ ਸੁਜੋਏ ਘੋਸ਼ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।

ਗੋਆ ’ਚ ਪਾਰਟੀ ਤੋਂ ਬਾਅਦ ਪਹਿਲੀ ਵਾਰ ਤਮੰਨਾ ਭਾਟੀਆ ਤੇ ਵਿਜੇ ਵਰਮਾ ਲਾਈਮਲਾਈਟ ’ਚ ਆਏ ਸਨ। ਦੋਵਾਂ ਦਾ ਕਥਿਤ ਚੁੰਮਣ ਦਾ ਵੀਡੀਓ ਪਾਰਟੀ ਤੋਂ ਵਾਇਰਲ ਹੋਇਆ ਸੀ। ਉਦੋਂ ਤੋਂ ਹੀ ਦੋਵਾਂ ਦੇ ਅਫੇਅਰ ਦੀ ਚਰਚਾ ਲਗਾਤਾਰ ਹੁੰਦੀ ਰਹੀ ਸੀ। ਜੋੜੇ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ ਪਰ ਦੋਵਾਂ ਨੇ ਇਸ ’ਤੇ ਕਦੇ ਪ੍ਰਤੀਕਿਰਿਆ ਨਹੀਂ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ

ਹੁਣ ਫ਼ਿਲਮ ਕੰਪੈਨੀਅਨ ਨੂੰ ਦਿੱਤੇ ਇਕ ਇੰਟਰਵਿਊ ’ਚ ਤਮੰਨਾ ਭਾਟੀਆ ਨੇ ਡੇਟਿੰਗ ਬਾਰੇ ਖ਼ੁਲਾਸਾ ਕੀਤਾ ਹੈ। ਉਸ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਪ੍ਰਤੀ ਇਸ ਲਈ ਆਕਰਸ਼ਿਤ ਹੁੰਦੇ ਹੋ ਕਿ ਉਹ ਤੁਹਾਡਾ ਕੋ-ਸਟਾਰ ਹੈ। ਮੇਰੇ ਕੋਲ ਕਈ ਕੋ-ਸਟਾਰ ਸਨ। ਮੇਰਾ ਮੰਨਣਾ ਹੈ ਕਿ ਤੁਸੀਂ ਕਿਸੇ ਦੇ ਨੇੜੇ ਉਦੋਂ ਆਉਂਦੇ ਹੋ, ਜਦੋਂ ਤੁਸੀਂ ਉਸ ਲਈ ਭਾਵਨਾਵਾਂ ਰੱਖਣ ਲੱਗਦੇ ਹੋ। ਹਾਂ, ਇਹ ਇਕ ਬਹੁਤ ਹੀ ਨਿੱਜੀ ਗੱਲ ਹੈ, ਮੇਰਾ ਮਤਲਬ ਹੈ ਕਿ ਅਸੀਂ ਇਕ-ਦੂਜੇ ਦੇ ਨੇੜੇ ਕਿਵੇਂ ਆਏ।’’

ਜਦੋਂ ਤਮੰਨਾ ਭਾਟੀਆ ਨੂੰ ਵਿਜੇ ਵਰਮਾ ਨਾਲ ਉਸ ਦੇ ਸਬੰਧ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਵੀਕਾਰ ਕੀਤਾ ਕਿ ਹਾਂ, ਉਸ ਦਾ ਵਿਜੇ ਵਰਮਾ ਨਾਲ ਖ਼ਾਸ ਰਿਸ਼ਤਾ ਹੈ। ਦੋਵੇਂ ਇਕ ਬਹੁਤ ਹੀ ਅਸਲੀ ਬੰਧਨ ਸਾਂਝਾ ਕਰਦੇ ਹਨ। ਉਹ ਕਹਿੰਦੀ ਹੈ, ‘‘ਹਾਂ ਬਿਲਕੁਲ, ਵਿਜੇ ਉਹ ਵਿਅਕਤੀ ਹੈ, ਜਿਸ ਨਾਲ ਮੈਂ ਬਹੁਤ ਯੋਜਨਾਬੱਧ ਤਰੀਕੇ ਨਾਲ ਜੁੜਦੀ ਹਾਂ। ਉੱਚ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਦੀ ਇਕ ਸਮੱਸਿਆ ਇਹ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਸਭ ਕੁਝ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪਵੇਗੀ। ਜੇਕਰ ਕੋਈ ਚੀਜ਼ ਆਸਾਨੀ ਨਾਲ ਮਿਲ ਜਾਵੇ ਤਾਂ ਸਮਝ ਲਓ ਕਿ ਇਸ ਵਾਰ ਤੁਹਾਨੂੰ ਅੰਡੇ ਦੇ ਛਿਲਕਿਆਂ ’ਤੇ ਨਹੀਂ ਤੁਰਨਾ ਪਵੇਗਾ।’’

ਅਦਾਕਾਰਾ ਅੱਗੇ ਕਹਿੰਦੀ ਹੈ, ‘‘ਭਾਰਤ ’ਚ ਇਕ ਸਮੱਸਿਆ ਇਹ ਵੀ ਹੈ ਕਿ ਇਕ ਲੜਕੀ ਨੂੰ ਇਕ ਸਾਥੀ ਲਈ ਆਪਣੀ ਪੂਰੀ ਜ਼ਿੰਦਗੀ ਬਦਲਣੀ ਪੈਂਦੀ ਹੈ। ਤੁਹਾਨੂੰ ਉਸ ਆਦਮੀ ਲਈ ਬਹੁਤ ਯਤਨ ਕਰਨੇ ਪੈਣਗੇ ਪਰ ਉਹ (ਵਿਜੇ ਵਰਮਾ) ਅਜਿਹਾ ਨਹੀਂ ਹੈ। ਉਹ ਮੇਰੀ ਜ਼ਿੰਦਗੀ ਤੇ ਚੀਜ਼ਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਉਹ ਉਹ ਵਿਅਕਤੀ ਹੈ, ਜਿਸ ਦੀ ਮੈਂ ਡੂੰਘਾਈ ਨਾਲ ਪਰਵਾਹ ਕਰਦੀ ਹਾਂ। ਉਹ ਮੇਰੀ ਖ਼ੁਸ਼ੀ ਦਾ ਟਿਕਾਣਾ ਬਣ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News