ਫਿਲਮ ਦੇਖਣ ਤੋਂ ਬਾਅਦ ਤੁਸੀਂ ਖੁਦ ਤੈਅ ਕਰੋਗੇ ਕਿ ਸਾਵਰਕਰ ਵੀਰ ਸਨ ਜਾਂ ਨਹੀਂ : ਰਣਦੀਪ ਹੁੱਡਾ

Friday, Mar 22, 2024 - 03:29 PM (IST)

ਫਿਲਮ ਦੇਖਣ ਤੋਂ ਬਾਅਦ ਤੁਸੀਂ ਖੁਦ ਤੈਅ ਕਰੋਗੇ ਕਿ ਸਾਵਰਕਰ ਵੀਰ ਸਨ ਜਾਂ ਨਹੀਂ : ਰਣਦੀਪ ਹੁੱਡਾ

ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਸਵਾਤੰਤ੍ਰਯ ਵੀਰ ਸਾਵਰਕਰ’ ਨੂੰ ਲੈ ਕੇ ਸੁਰਖੀਆਂ ’ਚ ਹਨ। ਅਭਿਨੇਤਾ ਇਸ ਫਿਲਮ ’ਚ ਨਾ ਸਿਰਫ ਅਦਾਕਾਰੀ ਕਰ ਰਹੇ ਹਨ ਹੈ, ਸਗੋਂ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਦੀ ਕੁਰਸੀ ਵੀ ਸੰਭਾਲ ਰਹੇ ਹਨ। ਇਸ ਆਉਣ ਵਾਲੀ ਫਿਲਮ ਲਈ ਰਣਦੀਪ ਨੇ ਬਹੁਤ ਪਸੀਨਾ ਵਹਾਇਆ ਹੈ ਅਤੇ ਸਖਤ ਮਿਹਨਤ ਕੀਤੀ ਹੈ। ਵੀਰ ਸਾਵਰਕਰ ਦੇ ਜੀਵਨ ’ਤੇ ਆਧਾਰਿਤ ਇਸ ਫਿਲਮ ’ਚ ਉਨ੍ਹਾਂ ਤੋਂ ਇਲਾਵਾ ਅੰਕਿਤਾ ਲੋਖੰਡੇ ਅਤੇ ਅਮਿਤ ਸਿਆਲ ਵੀ ਹਨ। ‘ਸਵਾਤੰਤ੍ਰਯ ਵੀਰ ਸਾਵਰਕਰ’ 22 ਮਾਰਚ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਰਣਦੀਪ ਹੁੱਡਾ ਅਤੇ ਅੰਕਿਤਾ ਲੋਖੰਡੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਰਣਦੀਪ ਹੁੱਡਾ
ਮਹਾਤਮਾ ਗਾਂਧੀ ਅਤੇ ਵੀਰ ਸਾਵਰਕਰ ਦੇ ਰਿਸ਼ਤੇ ਨੂੰ ਫਿਲਮ ’ਚ ਕਿਵੇਂ ਦਾ ਦਿਖਾਇਆ ਗਿਆ ਹੈ?

ਸਾਵਰਕਰ ਜੀ ਬਾਰੇ ਪੜ੍ਹਦਿਆਂ ਸਮੇਂ ਮੈਂ ਗਾਂਧੀ ਜੀ ਬਾਰੇ ਵੀ ਪੜ੍ਹਿਆ। ਗਾਂਧੀ ਜੀ ਪ੍ਰਤੀ ਮੇਰੇ ਮਨ ’ਚ ਸਤਿਕਾਰ ਹੋਰ ਵਧਿਆ ਹੀ ਹੈ, ਘਟਿਆ ਨਹੀਂ। ਜਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਇਕ ਪ੍ਰਤੀਕ ਦੇ ਨਾਲ ਜੋੜਿਆ, ਉਸ ਤਰ੍ਹਾਂ ਕੋਈ ਨਹੀਂ ਜੋੜ ਸਕਦਾ ਸੀ। ਗਾਂਧੀ ਅਤੇ ਸਾਵਰਕਰ ਦੋਵੇਂ ਆਜ਼ਾਦ ਅਤੇ ਅਖੰਡ ਭਾਰਤ ਚਾਹੁੰਦੇ ਸਨ, ਉਨ੍ਹਾਂ ਦੋਵਾਂ ਦੀ ਵਿਚਾਰਧਾਰਾ ਵੱਖਰੀ ਸੀ। ਇਕ ਹਿੰਸਾਵਾਦੀ ਅਤੇ ਦੂਜਾ ਅਹਿੰਸਾਵਾਦੀ ਸੀ ਪਰ ਉਹ ਇਕ-ਦੂਜੇ ਦਾ ਆਦਰ ਕਰਦੇ ਸਨ।

ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਐੱਮ. ਕੇ. ਗਾਂਧੀ ਬੈਰਿਸਟਰ ਸਨ, ਮਹਾਤਮਾ ਜਾਂ ਬਾਪੂ ਨਹੀਂ ਬਣੇ ਸਨ। ਦੋਵਾਂ ਵਿਚਾਲੇ ਤਿੰਨ ਮੀਟਿੰਗਾਂ ਹੋਈਆਂ। ਗਾਂਧੀ ਜੀ ਲੰਡਨ ਹਾਊਸ ਵਿਚ ਸਾਵਰਕਰ ਨੂੰ ਮਿਲਣ ਆਏ, ਕਿਉਂਕਿ ਉਹ ਜਾਣਦੇ ਸਨ ਕਿ ਸਾਵਰਕਰ ਇਕ ਸਮਝਦਾਰ, ਲੋਕਾਂ ਨੂੰ ਇੱਕ-ਜੁਟ ਕਰਨ ਵਾਲੇ ਵਿਅਕਤੀ ਹਨ। ਫਿਰ ਲੰਡਨ ਵਿਚ ਇਕ ਡਿਬੇਟ ਹੋਈ, ਜਿਸ ਤੋਂ ਬਾਅਦ 1927 ਵਿਚ ਗਾਂਧੀ ਉਨ੍ਹਾਂ ਨੂੰ ਮਿਲਣ ਰਤਨਾਗਿਰੀ ਆਏ।

ਸਾਵਰਕਰ ਦੀ ਲਾਸਟ ਬੇਲ ਪਲੀ ਦਾ ਵਿਚਾਰ ਗਾਂਧੀ ਜੀ ਦਾ ਹੀ ਸੀ। ਇਸ ਲਈ ਫਿਲਮ ਵਿਚ ਵੀ ਇਹੋ ਗੱਲ ਕਹੀ ਗਈ ਹੈ ਕਿ ਭਾਵੇਂ ਦੋਵਾਂ ਦੀ ਵਿਚਾਰਧਾਰਾ ਵੱਖੋ-ਵੱਖ ਸੀ ਪਰ ਦੋਵਾਂ ਦਾ ਸੁਪਨਾ ਆਜ਼ਾਦ ਭਾਰਤ ਹੀ ਸੀ।

ਇਸ ਫ਼ਿਲਮ ਲਈ ਰਿਸਰਚ ਕਰਨ ’ਚ ਕਿੰਨਾ ਸਮਾਂ ਲੱਗਿਆ ਅਤੇ ਇਹ ਕਿੰਨਾ ਔਖਾ ਸੀ?
ਜਦੋਂ ਮੈਂ ਇਹ ਵਿਸ਼ਾ ਚੁਣਿਆ ਸੀ ਤਾਂ ਕਈ ਵਾਰ ਮੈਂ ਸਕ੍ਰੀਨਪਲੇ ’ਚ ਸੋਚਦਾ ਸੀ ਕਿ ਅਗਲਾ ਨਾਟਕੀ ਬਿੰਦੂ ਮੈਂ ਕਿੱਥੋਂ ਲਿਆਵਾਂ, ਜੋ ਸੱਚ ਵੀ ਹੋਵੇ। ਇਸ ਲਈ ਮੈਂ ਕਿਤਾਬਾਂ ਨਾਲ ਘਿਰਿਆ ਬੈਠਾ ਰਹਿੰਦਾ ਸੀ ਅਤੇ ਉਨ੍ਹਾਂ ਚੋਂ ਮੈਨੂੰ ਕੁਝ ਨਾ ਕੁਝ ਮਿਲ ਜਾਂਦਾ ਸੀ। ਲੰਬੇ ਸਮੇਂ ਤੋਂ ਰਿਸਰਚ ਕਰ ਰਹੇ ਸੀ ਪਰ ਪਿਛਲੇ 2 ਸਾਲਾਂ ਤੋਂ ਮੈਂ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ। ਸਾਵਰਕਰ ਜੀ ਦੀਆਂ ਆਪਣੀਆਂ ਲਿਖਤਾਂ ਵੀ ਬਹੁਤ ਔਖੀਆਂ ਹਨ। ਹਰ ਤਰ੍ਹਾਂ ਦੇ ਤੱਥਾਂ ਨੂੰ ਲੱਭਣਾ ਅਤੇ ਉਨ੍ਹਾਂ ਦੇ ਜੀਵਨ ਦੇ ਕਈ ਪਹਿਲੂਆਂ ਨੂੰ ਜਾਣਨਾ ਸਾਡੀ ਖੋਜ ਦਾ ਹਿੱਸਾ ਸੀ।

ਵੀਰ ਸਾਵਰਕਰ ’ਤੇ ਲੱਗੇ ਦੋਸ਼ਾਂ ਨੂੰ ਫਿਲਮ ’ਚ ਕਿਸ ਤਰ੍ਹਾਂ ਦਿਖਾਇਆ ਹੈ?
ਮੇਰੀ ਫਿਲਮ ਐਂਟੀ ਪ੍ਰੋਪੇਗੰਡਾ ਹੈ। ਸਾਵਰਕਰ ’ਤੇ ਲਗਾਏ ਗਏ ਦੋਸ਼ਾਂ ਦੀ ਸੱਚਾਈ ਨੂੰ ਫਿਲਮ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ ਅਤੇ ਫਿਰ ਲੋਕ ਤੈਅ ਕਰਨਗੇ ਕਿ ਅਸਲ ਸੱਚਾਈ ਕੀ ਹੈ। ਮੈਂ ਦੋ ਸਾਲਾਂ ਤੋਂ ਇਹ ਫਿਲਮ ਬਣਾ ਰਿਹਾ ਹਾਂ ਅਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕੀਤਾ ਹੈ। ਆਪਣੀ ਇਸ ਫ਼ਿਲਮ ਵਿਚ ਸਾਵਰਕਰ ਨੂੰ ਵੀਰ ਵੀ ਨਹੀਂ ਕਿਹਾ ਹੈ। ਤੁਸੀਂ ਹੀ ਫਿਲਮ ਦੇਖਣ ਤੋਂ ਬਾਅਦ ਫੈਸਲਾ ਕਰੋਗੇ ਕਿ ਉਹ ਵੀਰ ਸਨ ਜਾਂ ਨਹੀਂ। ਮੈਂ ਤਾਂ ਬਸ ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀਆਂ ਵਿਚੋਂ ਇਕ ਕ੍ਰਾਂਤੀਕਾਰੀ ਦੀ ਕਹਾਣੀ ਲੋਕਾਂ ਸਾਹਮਣੇ ਲਿਆਉਣਾ ਚਾਹੁੰਦਾ ਹਾਂ।

ਤੁਸੀਂ ਇਸ ਫ਼ਿਲਮ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਹੋ, ਤਾਂ ਕੀ ਇਸ ਬਾਰੇ ਪਹਿਲਾਂ ਹੀ ਸੋਚਿਆ ਗਿਆ ਸੀ?
ਨਹੀਂ, ਮੈਂ ਇਹ ਸਭ ਕੁਝ ਨਹੀਂ ਸੋਚਿਆ, ਸਿਰਫ ਐਕਟਿੰਗ ਬਾਰੇ ਸੋਚਿਆ ਸੀ। ਹੋਇਆ ਕੁਝ ਇੰਝ ਕਿ ਐਕਟਰ ਤੋਂ ਲੇਖਕ, ਫਿਰ ਨਿਰਦੇਸ਼ਕ ਅਤੇ ਨਿਰਮਾਤਾ ਬਣ ਗਿਆ। ਮੈਨੂੰ ਲੱਗਦਾ ਹੈ ਕਿ ਵੀਰ ਸਾਵਰਕਰ ਚਾਹੁੰਦੇ ਸਨ ਕਿ ਮੈਂ ਨਾ ਸਿਰਫ਼ ਇਕ ਅਭਿਨੇਤਾ ਬਣਾਂ, ਸਗੋਂ ਇਕ ਨਿਰਮਾਤਾ ਅਤੇ ਨਿਰਦੇਸ਼ਕ ਵੀ ਬਣ ਜਾਵਾਂ, ਤਾਂ ਜੋ ਸਿਨੇਮਾ ਵਿਚ ਮੇਰਾ ਯੋਗਦਾਨ ਹੋਰ ਵਧ ਜਾਵੇ। ਸਾਵਰਕਰ ਸਿਨੇਮਾ ਨੂੰ ਬਹੁਤ ਪਿਆਰ ਕਰਦੇ ਸਨ, ਨਿਰਮਾਤਾ ਅਤੇ ਨਿਰਦੇਸ਼ਕ ਵਰਗੇ ਸ਼ਬਦ ਤਾਂ ਸਿਨੇਮਾ ’ਚ ਉਨ੍ਹਾਂ ਨੇ ਹੀ ਲਿਖੇ ਸਨ।

ਜੇਕਰ ਤੁਸੀਂ ਸੁਤੰਤਰਤਾ ਸੰਗ੍ਰਾਮ ਦਾ ਹਿੱਸਾ ਹੁੰਦੇ ਤਾਂ ਤੁਸੀਂ ਕੀ ਚੁਣਦੇ, ਹਿੰਸਾ ਜਾਂ ਅਹਿੰਸਾ?
ਜੇਕਰ ਮੈਂ ਸੁਤੰਤਰਤਾ ਸੰਗ੍ਰਾਮ ਦਾ ਹਿੱਸਾ ਹੁੰਦਾ ਤਾਂ ਮੈਂ ਅਹਿੰਸਾ ਦਾ ਰਾਹ ਹੀ ਚੁਣਦਾ, ਕਿਉਂਕਿ ਅਸੀਂ ਜਿਸ ਜਗ੍ਹਾ ਤੋਂ ਆਏ ਹਾਂ, ਉਥੇ ਅਸੀਂ ਬਹੁਤ ਹਿੰਸਾ ਦੇਖੀ ਹੈ। ਮੈਂ ਹਿੰਸਾ ਦਾ ਸਮਰਥਨ ਨਹੀਂ ਕਰ ਰਿਹਾ ਹਾਂ। ਹਿੰਸਾ ਬਹੁਤ ਹੀ ਗਲਤ ਚੀਜ਼ ਹੈ ਪਰ ਜਦੋਂ ਗੱਲ ਆਤਮ-ਰੱਖਿਆ ਦੀ ਹੋਵੇ, ਤਾਂ ਹਿੰਸਾ ਗਲਤ ਨਹੀਂ ਹੈ।

ਮੈਂ ਇਹ ਵੀ ਕਹਾਂਗਾ ਕਿ ਜੋ ਅਹਿੰਸਾ ਵਾਲੇ ਸਨ, ਉਹ ਗੋਲੀਆਂ ਨਾਲ ਮਰੇ ਅਤੇ ਹਿੰਸਾ ਵਾਲਿਆਂ ਨੇ ਮਰਨ ਵਰਤ ਰੱਖਿਆ, ਆਖਿਰ ’ਚ ਸਮਾਧੀ ਲਈ। ਬਹੁਤ ਸਾਰੇ ਲੋਕਾਂ ਨੇ ਮਰਨ ਵਰਤ ਰੱਖਿਆ ਪਰ ਕੋਈ ਮਰਿਆ ਨਹੀਂ, ਸਿਰਫ ਇਕੋ ਹੀ ਵਿਅਕਤੀ ਦੀ ਮੌਤ ਹੋਈ, ਜਿਸ ਦਾ ਨਾਂ ਵਿਨਾਇਕ ਦਾਮੋਦਰ ਸਾਵਰਕਰ ਹੈ।

ਅੰਕਿਤਾ ਲੋਖੰਡੇ
ਜਦੋਂ ਤੁਹਾਨੂੰ ਇਸ ਕਿਰਦਾਰ ਲਈ ਚੁਣਿਆ ਗਿਆ, ਕੀ ਤੁਹਾਨੂੰ ਲੱਗਿਆ ਸੀ ਕਿ ਤੁਸੀਂ ਇਸ ਕਿਰਦਾਰ ਨਾਲ ਇਨਸਾਫ਼ ਕਰ ਸਕੋਗੇ?

ਇਸ ਤਰ੍ਹਾਂ ਦੇ ਕਿਰਦਾਰ ਜੋ ਬਹੁਤ ਮਜ਼ਬੂਤ ਅਤੇ ਅਸਲ ’ਚ ਹੁੰਦੇ ਹਨ, ਉਨ੍ਹਾਂ ਦੇ ਨਾਲ ਮੈਂ ਕਿੰਨਾ ਨਿਆ ਕਰ ਸਕਾਂਗੀ, ਇਹ ਤਾਂ ਮੈਨੂੰ ਨਹੀਂ ਪਤਾ ਸੀ ਪਰ ਮੈਂ ਅਜਿਹੇ ਕਿਰਦਾਰ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਕ ਅਜਿਹੀ ਚੁਣੌਤੀ ਹੈ, ਜਿਸ ਨੂੰ ਮੈਂ ਲੈਣਾ ਚਾਹੁੰਦੀ ਹਾਂ ਅਤੇ ਮੈਂ ਇਸ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਆਪਣੇ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਅ ਸਕੀ, ਇਸ ’ਚ ਰਣਦੀਪ ਦਾ ਬਹੁਤ ਸਹਿਯੋਗ ਰਿਹਾ, ਕਿਉਂਕਿ ਉਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਵਿਸਥਾਰ ਨਾਲ ਸਿਖਾਈਆਂ। ਯਮੁਨਾਬਾਈ ਦੀ 16 ਤੋਂ 60 ਸਾਲ ਤਕ ਦੀ ਉਮਰ ਦੀ ਯਾਤਰਾ ਨਿਭਾਉਣਾ ਮੇਰੇ ਲਈ ਬਹੁਤ ਵਧੀਆ ਅਨੁਭਵ ਸੀ।

ਤੁਹਾਡੇ ਲਈ ਮਹਿਲਾ ਸਸ਼ਕਤੀਕਰਨ ਦੇ ਕੀ ਮਾਇਨੇ ਹਨ?
ਮੇਰਾ ਮੰਨਣਾ ਹੈ ਕਿ ਔਰਤ ਕਦੇ ਵੀ ਕਮਜ਼ੋਰ ਨਹੀਂ ਸੀ, ਉਹ ਹਮੇਸ਼ਾ ਮਜ਼ਬੂਤ ਰਹੀ ਹੈ, ਭਾਵੇਂ ਅੱਜ ਦਾ ਸਮਾਂ ਹੋਵੇ ਜਾਂ ਵਰ੍ਹਿਆਂ ਪਹਿਲਾਂ ਦਾ। ਔਰਤਾਂ ਹਮੇਸ਼ਾ ਤਾਕਤਵਰ ਸਨ, ਇਸੇ ਲਈ ਸ਼ਾਇਦ ਜਦੋਂ ਸਾਵਰਕਰ ਜੇਲ ਵਿਚ ਸਨ ਅਤੇ ਯਮੁਨਾਬਾਈ ਉਨ੍ਹਾਂ ਤੋਂ ਬਿਨਾ ਆਪਣੀ ਲੜਾਈ ਲੜ ਰਹੀ ਸਨ, ਉਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੀਤਾ। ਉਸ ਸਮੇਂ ਸ਼ਾਇਦ ਔਰਤਾਂ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ ਸਨ ਪਰ ਹੁਣ ਅਸੀਂ ਉਨ੍ਹਾਂ ਬਾਰੇ ਗੱਲਾਂ ਕਰ ਰਹੇ ਹਾਂ। ਉਨ੍ਹਾਂ ਨੂੰ ਸਾਹਮਣੇ ਲਿਆ ਰਹੇ ਹਾਂ, ਇਹ ਸਸ਼ਕਤੀਕਰਨ ਹੈ।

ਜਦੋਂ ਤੁਸੀਂ ਕਿਸੇ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਹੋ, ਤਾਂ ਉਸ ਨੂੰ ਪ੍ਰਮਾਣਿਕ ਦਿਖ ਦੇਣ ਦੀ ਜ਼ਿੰਮੇਵਾਰੀ ਕਿੰਨੀ ਵਧ ਜਾਂਦੀ ਹੈ?
ਜਦੋਂ ਵੀ ਮੈਂ ਕੋਈ ਕਿਰਦਾਰ ਨਿਭਾਉਂਦੀ ਹਾਂ, ਮੈਂ ਕਦੇ ਨਹੀਂ ਸੋਚਦੀ ਕਿ ਮੈਨੂੰ ਇਹ ਕਿਸੇ ਲਈ ਕਰਨਾ ਹੈ। ਮੈਂ ਹਮੇਸ਼ਾ ਆਪਣੇ ਲਈ ਕਿਰਦਾਰ ਨਿਭਾਉਂਦੀ ਹਾਂ। ਮੈਂ ਇਸ ਫਿਲਮ ਦੇ ਮੰਤਵ ਮੁਤਾਬਕ ਕੰਮ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਮੈਂ ਪੂਰੀ ਤਰ੍ਹਾਂ ਨਿਭਾਵਾਂ, ਉਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ਹੋਣਾ ਚਾਹੀਦਾ। ਇਸ ਲਈ ਜਦੋਂ ਤੁਹਾਡੇ ਉੱਤੇ ਜ਼ਿੰਮੇਵਾਰੀ ਆਉਂਦੀ ਹੈ, ਤਾਂ ਤੁਸੀਂ ਖੁਦ ਇਹ ਸੋਚਦੇ ਹੋ ਕਿ ਮੈਂ ਇਸ ਨੂੰ ਚੰਗੀ ਤਰ੍ਹਾਂ ਨਿਭਾਉਣਾ ਹੈ ਅਤੇ ਆਪਣਾ ਸੌ ਫੀਸਦੀ ਦੇਣਾ ਹੈ।

ਤੁਹਾਡਾ ਰਣਦੀਪ ਹੁੱਡਾ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਰਣਦੀਪ ਹੁੱਡਾ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ ਹੈ। ਉਹ ਕਮਾਲ ਦੇ ਐਕਟਰ ਹਨ ਅਤੇ ਉਸ ਤੋਂ ਜ਼ਿਆਦਾ ਕਮਾਲ ਦੇ ਨਿਰਦੇਸ਼ਕ ਹਨ। ਉਹ ਹਰ ਕੰਮ ’ਚ ਬਹੁਤ ਵਧੀਆ ਹਨ। ਉਨ੍ਹਾਂ ਨਾਲ ਕੰਮ ਕਰਕੇ ਮੈਂ ਸਿੱਖਿਆ ਹੈ ਅਤੇ ਦੇਖਿਆ ਹੈ ਕਿ ਇਕ ਸੀਨੀਅਰ ਅਦਾਕਾਰ ਕਿਹੋ ਜਿਹਾ ਹੁੰਦਾ ਹੈ। ਉਹ ਬਹੁਤ ਸਮਰਪਿਤ ਹਨ, ਉਹ ਤੁਹਾਨੂੰ ਸਭ ਕੁਝ ਸਿਖਾਉਣਗੇ ਅਤੇ ਇਹ ਕਿਵੇਂ ਕਰਨਾ ਹੈ, ਇਹ ਵੀ ਦੱਸਣਗੇ। ਮੇਰੇ ਸੀਨਜ਼ ਵਿਚ ਵੀ ਰਣਦੀਪ ਦਾ ਇਨਪੁਟ ਹੁੰਦਾ ਸੀ, ਇਸੇ ਲਈ ਮੈਂ ਆਪਣੀ ਭੂਮਿਕਾ ਨੂੰ ਹੋਰ ਵੀ ਬਿਹਤਰ ਢੰਗ ਨਾਲ ਨਿਭਾਅ ਸਕੀ।


author

sunita

Content Editor

Related News