ਰੀਆ ਚੱਕਰਵਰਤੀ ਨੇ ਨਵੀਂ ਜ਼ਮਾਨਤ ਪਟੀਸ਼ਨ 'ਚ ਖ਼ੁਦ ਨੂੰ ਦੱਸਿਆ ਨਿਰਦੋਸ਼, NCB 'ਤੇ ਲਾਇਆ ਵੱਡਾ ਦੋਸ਼

09/10/2020 2:20:27 PM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗਜ਼ ਦਾ ਐਂਗਲ ਸਾਹਮਣੇ ਆਉਣ ਤੋਂ ਬਾਅਦ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਐੱਨ. ਸੀ. ਬੀ. ਨੇ ਉਸ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ ਮੁੰਬਈ ਦੇ ਇੱਕ ਲੋਕਲ ਅਦਾਲਤ ਨੇ ਰੀਆ ਦੀ ਜ਼ਮਾਨਤ ਯਾਚਿਕਾ ਨੂੰ ਖਾਰਜ ਕਰਦੇ ਹੋਏ ਮੰਗਲਵਾਰ ਦੇਰ ਰਾਤ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ ਸੀ। ਉਥੇ ਹੀ ਵੀਰਵਾਰ ਯਾਨੀਕਿ ਅੱਜ ਉਸ ਦੀ ਜ਼ਮਾਨਤ ਯਾਚਿਕਾ 'ਤੇ ਸੁਣਵਾਈ ਹੋਣੀ ਹੈ।

ਇਸੇ ਦੌਰਾਨ ਰੀਆ ਚੱਕਰਵਰਤੀ ਦੀ ਨਵੀਂ ਜ਼ਮਾਨਤ ਯਾਚਿਕਾ 'ਚੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਮੀਡੀਆ ਮੁਤਾਬਕ, ਰੀਆ ਨੇ ਆਪਣੀ ਨਵੀਂ ਜ਼ਮਾਨਤ ਯਾਚਿਕਾ 'ਚ ਕਿਹਾ ਹੈ ਕਿ ਉਹ ਨਿਰਦੋਸ਼ ਹੈ। ਐੱਨ. ਸੀ. ਬੀ. ਨੇ ਮੇਰੇ 'ਤੇ ਜੁਰਮ ਸਵੀਕਾਰ ਕਰਨ ਦਾ ਦਬਾਅ ਬਣਾਇਆ ਸੀ। ਮੈਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ। ਅਦਾਕਾਰਾ ਦੀ ਜ਼ਮਾਨਤ ਯਾਚਿਕਾ ਮੁਤਾਬਕ, ਉਸ ਨੇ ਕੋਈ ਵੀ ਜੁਰਮ ਨਹੀਂ ਕੀਤਾ। ਇਸ ਗੱਲ ਨੂੰ ਰੀਆ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਵੀ ਕਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਰੀਆ ਨੂੰ ਜੁਰਮ ਕਬੂਲ ਕਰਨ ਲਈ ਮਾਮਲੇ 'ਚ ਝੂਠਾ ਫਸਾਇਆ ਜਾ ਰਿਹਾ ਹੈ।

ਅਦਾਕਾਰਾ ਦੀ ਜ਼ਮਾਨਤ ਯਾਚਿਕਾ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਐੱਨ. ਸੀ. ਬੀ. ਨੇ ਰੀਆ ਤੋਂ ਪੁੱਛਗਿੱਛ ਦੌਰਾਨ ਸੁਪਰੀਮ ਕੋਰਟ ਦੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਵੀ ਪਾਲਣ ਨਹੀਂ ਕੀਤਾ ਗਿਆ, ਜੋ ਬਹੁਤ ਜ਼ਰੂਰੀ ਹੁੰਦੇ ਹਨ।
ਖ਼ਬਰਾਂ ਮੁਤਾਬਕ, ਯਾਚਿਕਾ 'ਚ ਅੱਗੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਇੱਕ ਵੀ ਜਨਾਨੀ ਆਫਸਰ ਉਥੇ ਮੌਜੂਦ ਨਹੀਂ ਸੀ, ਜਿਵੇਂ ਕਿ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਣਾ ਚਾਹੀਦਾ ਹੈ। ਰੀਆ ਦੀ ਜ਼ਮਾਨਤ ਪਟੀਸ਼ਨ 'ਚ ਇੱਕ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸ਼ੀਲਾ ਬਰਸੀ ਬਨਾਮ ਮਹਾਰਾਸ਼ਟਰ ਰਾਜ 'ਚ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਨਾਨੀਆਂ ਤੋਂ ਪੁੱਛਗਿੱਛ ਸਿਰਫ਼ ਇੱਕ ਜਨਾਨੀ ਆਫ਼ਸਰ (ਅਧਿਕਾਰੀ)/ਕਾਂਸਟੇਬਲ ਦੀ ਮੌਜ਼ੂਦਗੀ 'ਚ ਹੀ ਕੀਤੀ ਜਾਣੀ ਚਾਹੀਦੀ।

ਐੱਨ. ਸੀ. ਬੀ. ਰੀਆ ਤੋਂ ਪੁੱਛਗਿੱਛ ਰਾਹੀਂ ਬਾਲੀਵੁੱਡ ਹਸਤੀਆਂ ਦੁਆਰਾ ਡਰੱਗਜ਼ ਦੀ ਵਰਤੋਂ ਦੀ ਤਹਿ ਤੱਕ ਜਾਣਾ ਚਾਹੁੰਦੀ ਹੈ। ਮੀਡੀਆ ਰਿਪੋਰਟ ਮੁਤਾਬਕ  ਐੱਨ. ਸੀ. ਬੀ. ਨੇ 'ਦਮ ਮਾਰੋ ਦਮ' ਕਰਨ ਵਾਲੀਆਂ 25 ਫ਼ਿਲਮੀ ਹਸਤੀਆਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਖ਼ਿਲਾਫ਼ ਜਲਦੀ ਹੀ ਕਾਰਵਾਈ ਹੋ ਸਕਦੀ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ ਦੀ ਜਾਂਚ ਦਾ ਇਕ ਹਿੱਸਾ ਹੁਣ ਬਾਲੀਵੁੱਡ 'ਚ ਨਸ਼ੀਲੀ ਦਵਾਈਆਂ ਦੀ ਵਰਤੋਂ ਤੇ ਖਰੀਦੋ-ਫਰੋਤ ਤਕ ਜਾ ਪਹੁੰਚਿਆ ਹੈ ਕਿਉਂਕਿ ਇਸ ਦੇ ਸੁਰਾਗ ਰੀਆ ਦੇ ਮੋਬਾਈਲ ਤੋਂ 2019-2020 'ਚ ਕੀਤੀ ਗਈ ਚੈਟ ਵਿਚੋਂ ਮਿਲੇ ਹਨ। ਇਸ ਲਈ ਰੀਆ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹਨ।

ਐੱਨ. ਸੀ. ਬੀ. ਸ਼ੌਵਿਕ ਚੱਕਰਵਰਤੀ ਸਣੇ 9 ਲੋਕਾਂ ਨੂੰ ਹੁਣ ਤਕ ਗ੍ਰਿਫ਼ਤਾਰ ਕਰ ਚੁੱਕਾ ਹੈ। ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ 'ਚ ਮਿਲੀਆਂ ਜਾਣਕਾਰੀਆਂ ਤੋਂ ਬਾਅਦ ਹੀ ਐੱਨ. ਸੀ. ਬੀ. ਨੇ ਐਤਵਾਰ ਨੂੰ ਰੀਆ ਤੋਂ ਪੁੱਛਗਿੱਛ ਸ਼ੁਰੂ ਕੀਤੀ ਸੀ। ਰੀਆ ਨੇ ਐੱਨ. ਸੀ. ਬੀ. ਸਾਹਮਣੇ ਆਪਣੇ ਭਰਾ ਅਤੇ ਹੋਰ ਲੋਕਾਂ ਨਾਲ ਡਰੱਗਜ਼ ਸਬੰਧੀ ਚੈਟ ਦੀ ਗੱਲ ਕਬੂਲ ਕੀਤੀ ਹੈ ਪਰ ਖ਼ੁਦ ਡਰੱਗਸ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਮੋਬਾਈਲ ਤੋਂ ਭੇਜੇ ਗਏ ਮੈਸੇਜ ਸੁਸ਼ਾਂਤ ਖ਼ੁਦ ਬੋਲ ਕੇ ਲਿਖਵਾਉਂਦਾ ਸੀ। ਐੱਨ. ਸੀ. ਬੀ. ਰੀਆ ਤੋਂ ਬਾਲੀਵੁੱਡ 'ਚ ਡਰੱਗਜ਼ ਦਾ ਇਸਤੇਮਾਲ ਕਰਨ ਵਾਲੇ ਹੋਰ ਲੋਕਾਂ ਅਤੇ ਰੀਆ ਦੇ ਸੰਪਰਕ 'ਚ ਰਹੇ ਡਰੱਗਜ਼ ਪੈਡਲਰਜ਼ (ਨਸ਼ਾ ਤਸਕਰਾਂ) ਬਾਰੇ ਜਾਣਨਾ ਚਾਹੁੰਦੀ ਹੈ।


sunita

Content Editor

Related News