ਸੁਸ਼ਾਂਤ ਸਿੰਘ ਰਾਜਪੂਤ ਦਾ ਮਜ਼ਾਕ ਉਡਾਉਣਾ ਰਣਵੀਰ ਸਿੰਘ ਨੂੰ ਪਿਆ ਭਾਰੀ, ਟਵਿਟਰ ’ਤੇ ਹੋ ਰਿਹੈ ਵਿਰੋਧ

11/19/2020 2:55:01 PM

ਜਲੰਧਰ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਹੀ ਉਨ੍ਹਾਂ ਦੇ ਪ੍ਰਸ਼ੰਸਕ ਅਦਾਕਾਰ ਲਈ ਨਿਆਂ ਦੀ ਮੰਗ ਕਰ ਰਹੇ ਹਨ। ਆਏ ਦਿਨ ਸੁਸ਼ਾਂਤ ਸਿੰਘ ਦੇ ਪ੍ਰਸ਼ੰਸਕ ਕੁਝ ਨਵਾਂ ਟਵਿਟਰ ਟਰੈਂਡ ਚਲਾਉਂਦੇ ਰਹਿੰਦੇ ਹਨ। ਅਜਿਹੇ ’ਚ ਸੁਸ਼ਾਂਤ ਦੇ ਪ੍ਰਸ਼ੰਸਕ ਇਕ ਨਵੇਂ ਮੁੱਦੇ ਨੂੰ ਚੁੱਕ ਰਹੇ ਹਨ। ਹੁਣ ਇਕ ਨਵਾਂ ਟੈਗ ਟਰੈਂਡ ਹੋ ਰਿਹਾ ਹੈ। ਇਸ ਵਾਰ #BoycottBingo ਟਰੈਂਡਿੰਗ ’ਚ ਹੈ। ਇਸ ਦੀ ਵਜ੍ਹਾ ਹੈ ਰਣਵੀਰ ਸਿੰਘ ਦਾ ਇਕ ਨਵਾਂ ਇਸ਼ਤਿਹਾਰ। ਅਸਲ ’ਚ ਰਣਵੀਰ ਸਿੰਘ ਦਾ ਇਹ ਇਸ਼ਤਿਹਾਰ ਦੇਖ ਕੇ ਸੁਸ਼ਾਂਤ ਦੇ ਪ੍ਰਸ਼ੰਸਕ ਬਹੁਤ ਨਾਰਾਜ਼ ਹਨ ਤੇ ਇਸ ਨੂੰ ਸੁਸ਼ਾਂਤ ਦੇ ਖ਼ਿਲਾਫ਼ ਦੱਸ ਰਹੇ ਹਨ।

ਇਸ਼ਤਿਹਾਰ ’ਚ ਰਣਵੀਰ ਨੂੰ ਬਿੰਗੋ ਖਾਂਦੇ ਵਿਖਾਇਆ ਗਿਆ ਹੈ। ਇਸ ਇਸ਼ਤਿਹਾਰ ’ਚ ਵਿਖਾਇਆ ਗਿਆ ਹੈ ਕਿ ਰਣਵੀਰ ਸਿੰਘ ਦੇ ਘਰ ਕੁਝ ਮਹਿਮਾਨ ਆਏ ਹਨ। ਇਹ ਮਹਿਮਾਨ ਰਣਵੀਰ ਕੋਲੋਂ ਅੱਗੇ ਦਾ ਪਲਾਨ ਪੁੱਛ ਰਹੇ ਹਨ। ਇਨ੍ਹਾਂ ਸਵਾਲਾਂ ਤੋਂ ਪ੍ਰੇਸ਼ਾਨ ਹੋ ਕੇ ਰਣਵੀਰ ਅਜਿਹਾ ਜਵਾਬ ਦਿੰਦੇ ਹਨ, ਜਿਸ ਨਾਲ ਸਾਰਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਰਣਵੀਰ ਆਪਣੇ ਜਵਾਬ ’ਚ ਮੰਗਲ, ਭੂਤ-ਪ੍ਰੇਤ, ਏਲੀਅਨ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸ ਨੂੰ ਸੁਣ ਸਾਹਮਣੇ ਵਾਲੇ ਹੈਰਾਨ ਰਹਿ ਜਾਂਦੇ ਹਨ।

ਇਸ ਇਸ਼ਤਿਹਾਰ ਨੂੰ ਵੇਖਣ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਹੈ ਕਿ ਅਜਿਹਾ ਕਰਕੇ ਸੁਸ਼ਾਂਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਹੁਣ ਸਾਰੇ ਇਸ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਅਸਲ ’ਚ ਸੁਸ਼ਾਂਤ ਨੂੰ ਸਪੇਸ ਤੇ ਸਾਇੰਸ ’ਚ ਕਾਫੀ ਦਿਲਚਸਪੀ ਸੀ। ਇਸ ਇਸ਼ਤਿਹਾਰ ਨੂੰ ਵੀ ਉਸੇ ਨਾਲ ਜੋੜ ਦੇ ਵੇਖਿਆ ਜਾ ਰਿਹਾ ਹੈ। ਉਂਝ ਇਸ਼ਤਿਹਾਰ ’ਚ ਸੁਸ਼ਾਂਤ ਦਾ ਨਾਂ ਨਹੀਂ ਲਿਆ ਗਿਆ ਹੈ। ਸਿਰਫ ਇਕ ਅਜਿਹੀ ਕਹਾਣੀ ਦਿਖਾਈ ਗਈ ਹੈ, ਜਿਥੇ ਵਿਅਕਤੀ ਕੁਝ ਅਲੱਗ ਕਰਨਾ ਚਾਹੁੰਦਾ ਹੈ ਤੇ ਲੋਕ ਉਸ ਨੂੰ ਸਵਾਲ ਕਰ ਰਹੇ ਹਨ ਕਿ ਉਹ ਜ਼ਿੰਦਗੀ ’ਚ ਅੱਗੇ ਕੀ ਕਰੇਗਾ।

ਦੱਸਣਯੋਗ ਹੈ ਕਿ ਇਸ ਵਿਰੋਧ ਦੇ ਚਲਦਿਆਂ ਬਿੰਗੋ ਨੇ ਆਪਣੇ ਯੂਟਿਊਬ ਚੈਨਲ ’ਤੇ ਅਪਲੋਡ ਇਸ ਵੀਡੀਓ ਦੇ ਕੁਮੈਂਟਸ ਤੇ ਲਾਈਕਸ ਸੈਕਸ਼ਨ ਨੂੰ ਬੰਦ ਕਰ ਦਿੱਤਾ ਹੈ। ਹੁਣ ਇਹ ਦੇਖਣਾ ਕਾਫੀ ਮਜ਼ੇਦਾਰ ਹੋਵੇਗਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੇ ਇਸ ਟਰੈਂਡ ਦਾ ਰਣਵੀਰ ਕੀ ਜਵਾਬ ਦਿੰਦੇ ਹਨ।


Rahul Singh

Content Editor Rahul Singh