ਸੋਨੂੰ ਸੂਦ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਸਵਾਲ ’ਤੇ ਦੇਖੋ ਕੀ ਕਿਹਾ

09/21/2021 2:00:52 PM

ਮੁੰਬਈ (ਬਿਊਰੋ)– ਸੋਨੂੰ ਸੂਦ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਇਨਕਮ ਟੈਕਸ ਵਿਭਾਗ ਨੇ ਹਾਲ ਹੀ ’ਚ ਉਨ੍ਹਾਂ ਦੇ ਘਰ ਤੇ ਦਫ਼ਤਰ ’ਚ ਇਕ ਸਰਵੇਖਣ ਕੀਤਾ ਸੀ। ਇਸ ਤੋਂ ਪਹਿਲਾਂ ਸੋਨੂੰ ਸੂਦ ‘ਆਮ ਆਦਮੀ ਪਾਰਟੀ’ ਦੇ ਇਕ ਸਮਾਗਮ ’ਚ ਨਜ਼ਰ ਆਏ ਸਨ। ਉਦੋਂ ਤੋਂ ਸੋਸ਼ਲ ਮੀਡੀਆ ’ਤੇ ਅਜਿਹੀ ਚਰਚਾ ਹੈ ਕਿ ਉਹ ਛੇਤੀ ਹੀ ਰਾਜਨੀਤੀ ’ਚ ਐਂਟਰੀ ਕਰਨ ਜਾ ਰਹੇ ਹਨ। ਹੁਣ ਸੋਨੂੰ ਸੂਦ ਨੇ ਰਾਜਨੀਤੀ ’ਚ ਆਉਣ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਕ ਇੰਟਰਵਿਊ ਦੌਰਾਨ ਸੋਨੂੰ ਸੂਦ ਨੇ ਸਿਆਸਤ ’ਚ ਜਾਣ ਦੀਆਂ ਖ਼ਬਰਾਂ ਨੂੰ ਖ਼ਾਰਜ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਸਿਆਸਤ ਉਨ੍ਹਾਂ ਲਈ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਜਨੇਤਾ ਬਣੇ ਬਿਨਾਂ ਹੀ ਉਨ੍ਹਾਂ ਕੋਲ ਜ਼ਿਆਦਾ ਆਜ਼ਾਦੀ ਹੈ। ਸੋਨੂੰ ਸੂਦ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਮੈਂ ਖ਼ੁਦ ਨੂੰ ਰਾਜਨੀਤੀ ’ਚ ਦੇਖਦਾ ਹਾਂ। ਲੋਕ ਕਹਿੰਦੇ ਹਨ ਕਿ ਇਹ ਮੈਨੂੰ ਹੋਰ ਤਾਕਤ ਤੇ ਸ਼ਕਤੀ ਦੇਵੇ, ਜੋ ਮੈਂ ਕੰਮ ਕਰ ਰਿਹਾ ਹਾਂ ਪਰ ਮੈਂ ਇਸ ਨੂੰ ਦੂਜੀ ਤਰ੍ਹਾਂ ਨਾਲ ਦੇਖਦਾ ਹਾਂ।’

ਇਹ ਖ਼ਬਰ ਵੀ ਪੜ੍ਹੋ : 2 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਏ ਰਾਜ ਕੁੰਦਰਾ, ਅਸ਼ਲੀਲ ਫ਼ਿਲਮਾਂ ਬਣਾਉਣ ਦਾ ਮਾਮਲਾ ਹੈ ਦਰਜ

ਸੋਨੂੰ ਸੂਦ ਨੇ ਅੱਗੇ ਕਿਹਾ, ‘ਜੇ ਮੈਂ ਸਿਆਸਤ ’ਚ ਜਾਂਦਾ ਹਾਂ ਤਾਂ ਮੈਨੂੰ ਕਿਸੇ ਨੂੰ ਵੀ ਫੋਨ ਕਰਨ ਤੋਂ ਪਹਿਲਾਂ ਦੋ-ਤਿੰਨ ਵਾਰ ਸੋਚਨਾ ਪਵੇਗਾ। ਮੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਕਿ ਮੈਂ ਆਪਣੇ ਰਾਜਨੀਤਕ ਦਲ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਾ ਕਰਾਂ। ਹੁਣ ਮੈਂ ਕਿਸੇ ਨੂੰ ਵੀ ਕਾਲ ਕਰ ਸਕਦਾ ਹਾਂ। ਮੈਂ ਰਾਜਨੀਤੀ ਦੇ ਬਿਨਾਂ ਕਿਸੇ ਵੀ ਸਥਾਨ ’ਤੇ ਜਾ ਸਕਦਾ ਹਾਂ। ਇਸ ਲਈ ਸਿਆਸਤ ਮੇਰੇ ਲਈ ਨਹੀਂ ਹੈ।’ ਸੋਨੂੰ ਸੂਦ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ ਤਾਂ ਕੀ ਉਹ ਫਿਰ ਵੀ ਰਾਜਨੀਤੀ ’ਚ ਸ਼ਾਮਲ ਨਹੀਂ ਹੋਣਗੇ?

ਇਸ ਸਵਾਲ ’ਤੇ ਹੱਸਦਿਆਂ ਅਦਾਕਾਰ ਨੇ ਕਿਹਾ, ‘ਇਹ ਦੂਰ ਦੀ ਸੰਭਾਵਨਾ ਵੀ ਨਹੀਂ ਹੈ। ਦੇਸ਼ ਚਲਾਉਣਾ ਇਕ ਵੱਡੀ ਜ਼ਿੰਮੇਵਾਰੀ ਹੈ। ਮੈਂ ਇਸ ਲਈ ਆਪਣੇ ਆਪ ਨੂੰ ਨਹੀਂ ਦੇਖਦਾ। ਮੈਂ ਚੀਫ ਕਮਾਂਡਿੰਗ ਅਫਸਰ ਨਾਲੋਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ਦੀ ਲੜਾਈ ’ਚ ਸਿਪਾਹੀ ਹੋਣਾ ਪਸੰਦ ਕਰਾਂਗਾ।’ ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਲਈ ਸੋਨੂੰ ਸੂਦ ਦੇ ਖ਼ਿਲਾਫ਼ 15 ਸਤੰਬਰ ਨੂੰ ਸਰਵੇਖਣ ਸ਼ੁਰੂ ਕੀਤਾ ਸੀ, ਜੋ ਚਾਰ ਦਿਨ ਤੱਕ ਜਾਰੀ ਰਿਹਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News