ਕਾਲਕਾਜੀ ਮੰਦਰ ਹਾਦਸੇ ’ਤੇ ਗਾਇਕ ਬੀ ਪਰਾਕ ਦਾ ਬਿਆਨ, ਕਿਹਾ– ‘ਜਾਨ ਤੋਂ ਵੱਧ ਕੇ ਕੁਝ ਨਹੀਂ ਇਸ ਦੁਨੀਆ ’ਚ’

01/28/2024 11:27:35 AM

ਐਂਟਰਟੇਨਮੈਂਟ ਡੈਸਕ– ਬੀਤੀ ਰਾਤ ਦਿੱਲੀ ਦੇ ਕਾਲਕਾਜੀ ਮੰਦਰ ’ਚ ਵੱਡਾ ਹਾਦਸਾ ਵਾਪਰਿਆ। ਗਾਇਕ ਬੀ ਪਰਾਕ ਇਸ ਮੰਦਰ ’ਚ ਜਾਗਰਣ ਕਰ ਰਹੇ ਸਨ ਕਿ ਅਚਾਨਕ ਸਟੇਜ ਡਿੱਗ ਗਈ, ਜਿਸ ਕਾਰਨ 1 ਮਹਿਲਾ ਦੀ ਮੌਤ ਹੋ ਗਈ, ਜਦਕਿ 17 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਲਗਭਗ 1500 ਲੋਕਾਂ ਦੀ ਭੀੜ ਮੰਦਰ ’ਚ ਬੀ ਪਰਾਕ ਦੇ ਭਜਨ ਸੁਣਨ ਲਈ ਇਕੱਠੀ ਹੋ ਗਈ ਸੀ। ਇਸ ਦੇ ਨਾਲ ਹੀ ਸਟੇਜ ਦੇ ਉੱਪਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਮਗਰੋਂ ਗਾਇਕ ਬੀ ਪਰਾਕ ਦਾ ਬਿਆਨ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਦੇ ਕਾਲਕਾਜੀ ਮੰਦਰ ’ਚ ਜਾਗਰਣ ਦੌਰਾਨ ਵੱਡਾ ਹਾਦਸਾ, ਡਿੱਗੀ ਸਟੇਜ, 1 ਦੀ ਮੌਤ ਤੇ 17 ਜ਼ਖ਼ਮੀ

ਬੀ ਪਰਾਕ ਨੇ ਕਿਹਾ, ‘‘ਬਹੁਤ ਹੀ ਦੁੱਖ ਹੋਇਆ ਤੇ ਮੈਂ ਬਹੁਤ ਉਦਾਸ ਹਾਂ। ਪਹਿਲੀ ਵਾਰ ਮੈਂ ਅਜਿਹਾ ਹਾਦਸਾ ਦੇਖਿਆ ਹੈ, ਉਹ ਵੀ ਆਪਣੇ ਸਾਹਮਣੇ ਹੁੰਦਾ। ਆਪਣੀ ਸਟੇਜ, ਜਿਥੇ ਮੈਂ ਗਾ ਰਿਹਾ ਮਾਂ ਕਾਲਕਾਜੀ ਮੰਦਰ ’ਚ। ਅੱਜ ਜੋ ਵੀ ਹੋਇਆ, ਬਹੁਤ ਦੁੱਖ ਦੀ ਗੱਲ ਹੈ, ਜਿਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ, ਮੈਂ ਉਮੀਦ ਕਰਦਾ ਹਾਂ ਕਿ ਉਹ ਸਾਰੇ ਠੀਕ ਹੋਣ ਤੇ ਬਹੁਤ ਜਲਦ ਠੀਕ ਹੋ ਜਾਣ।’’

ਬੀ ਪਰਾਕ ਨੇ ਅੱਗੇ ਕਿਹਾ, ‘‘ਮੈਂ ਇਹੀ ਕਹਾਂਗਾ ਕਿ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਮੈਨੇਜਮੈਂਟ ਨੇ ਲੋਕਾਂ ਨੂੰ ਉਥੇ ਬਹੁਤ ਸਮਝਾਇਆ ਕਿ ਤੁਸੀਂ ਪਿੱਛੇ ਹੋ ਜਾਓ ਪਰ ਇਹ ਸਾਰਾ ਤੁਹਾਡਾ ਸਾਰਿਆਂ ਦਾਂ ਮਾਂ ਲਈ ਪਿਆਰ ਹੈ, ਮੇਰੇ ਲਈ ਪਿਆਰ ਹੈ ਪਰ ਅੱਗੇ ਤੋਂ ਅਸੀਂ ਬਹੁਤ ਧਿਆਨ ਰੱਖਣਾ ਹੈ, ਬੱਚਿਆਂ ਦਾ, ਬਜ਼ੁਰਗਾਂ ਦਾ ਤੇ ਬਹੁਤ ਸਾਰੇ ਲੋਕਾਂ ਦਾ ਕਿਉਂਕਿ ਜਾਨ ਤੋਂ ਵੱਧ ਕੇ ਕੁਝ ਨਹੀਂ ਹੈ ਇਸ ਦੁਨੀਆ ’ਚ ਤੇ ਨਾ ਕਦੇ ਹੋ ਸਕਦਾ ਹੈ।’’

ਅਖੀਰ ’ਚ ਬੀ ਪਰਾਕ ਨੇ ਕਿਹਾ, ‘‘ਅਸੀਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਕਿ ਕਦੇ ਕਿਸੇ ਦੀ ਜਾਨ ’ਤੇ ਨਾ ਬਣੇ। ਮੈਂ ਮੁੜ ਆਵਾਂਗਾ, ਜਦੋਂ ਮਾਂ ਦੀ ਇੱਛਾ ਹੋਈ ਪਰ ਬਹੁਤ ਧਿਆਨ ਰੱਖਣਾ ਪਵੇਗਾ। ਮੇਰਾ ਮਨ ਅੱਜ ਬਹੁਤ ਦੁਖੀ ਹੈ।’’

ਦੱਸ ਦੇਈਏ ਕਿ ਕਾਲਕਾਜੀ ਮੰਦਰ ’ਚ ਪਿਛਲੇ 26 ਸਾਲਾਂ ਤੋਂ ਇਹ ਜਾਗਰਣ ਹੁੰਦਾ ਆ ਰਿਹਾ ਹੈ। ਇਸ ਵਾਰ ਪ੍ਰਬੰਧਕਾਂ ਨੇ ਇਸ ਨੂੰ ਕਾਫੀ ਵੱਡੇ ਪੱਧਰ ’ਤੇ ਕਰਵਾਇਆ ਸੀ ਤੇ ਕਿਤੇ ਨਾ ਕਿਤੇ ਇਸ ਹਾਦਸੇ ਪਿੱਛੇ ਮਾੜੀ ਮੈਨੇਜਮੈਂਟ ਇਕ ਵੱਡਾ ਕਾਰਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News