ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ ''ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...

Monday, Feb 27, 2023 - 10:24 AM (IST)

ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ ''ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...

ਮੁੰਬਈ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਅੱਜ ਵੀ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ 'ਚ ਹੰਝੂ ਜ਼ਰੂਰ ਆ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਨੂੰ ਇਹ ਗੱਲ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਕਿ 9 ਮਹੀਨੇ ਬਾਅਦ ਵੀ ਉਸ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ। ਇਸੇ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜੋ ਕਿ ਸਭ ਦੀਆਂਅੱਖਾਂ ਨਮ ਕਰ ਰਹੀ ਹੈ। 

PunjabKesari

ਦੱਸ ਦਈਏ ਕਿ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜ੍ਹੇ ਕਰ ਦਿੰਦੀ ਆ, ਮੈਨੂੰ ਇਹ ਕਾਨੂੰਨ ਨੂੰ ਲਿਖਣ ਵਾਲੇ, ਸਿਰਜਣ ਵਾਲੇ ਤੇ ਮੌਜੂਦਾ ਸਿਆਸਤਦਾਨ ਇਹ ਤਾਂ ਦੱਸ ਦੇਣ ਕਿ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖ਼ਜਾਨੇ ਦੇ ਨਕਸ਼ੇ ਵਾਂਗ ਸਾਂਭ-ਸਾਂਭ ਕਿਉਂ ਰੱਖਿਆ ਹੋਇਆ ਹੈ। ਉਨ੍ਹਾਂ ਦੇ ਚੱਲਦੇ ਸਾਹ ਮੈਨੂੰ ਘੜੀ-ਘੜੀ ਮੇਰੇ ਕੋਰੇ ਕਾਗਜ਼ ਜਿਹੇ ਜ਼ਮੀਰ ਵਾਲੇ ਪੁੱਤਰ ਦੀਆਂ ਆਖ਼ਰੀ ਧਾਹਾਂ ਯਾਦ ਕਰਾਉਂਦੇ ਰਹਿੰਦੇ ਆ ਸ਼ੁੱਭ। ਮੈਂ ਆਪਣੇ ਪੁੱਤਰ ਦੀਆਂ ਧਾਹਾਂ ਨੂੰ ਆਪਣੇ ਸਾਹਾਂ ਦੇ ਆਖ਼ਰੀਲੇ ਚੱਕਰ ਤੱਕ ਯਾਦ ਰੱਖਾਂਗੀ ਤੇ ਸਾਡਾ ਜਹਾਨ ਉਜਾੜਨ ਵਾਲਿਆਂ ਦੇ ਘਟੀਆਂ ਚਿਹਰੇ ਜੱਗ ਜਾਹਰ ਕਰਾਂਗੀ, ਬੇਸ਼ੱਕ ਕੋਈ ਮੇਰਾ ਸਮਰਥਨ ਕਰੇ ਜਾਂ ਨਾ।'
PunjabKesari

ਇਸ ਤੋਂ ਇਲਾਵਾ ਚਰਨ ਕੌਰ ਨੇ ਇਕ ਹੋਰ ਪੋਸਟ 'ਚ ਲਿਖਿਆ ਹੈ, 'ਜਿਉਂ ਜਿਉਂ ਦਿਨ ਗੁਜ਼ਰ ਰਹੇ ਨੇ ਮੇਰਾ ਅਕਾਲ ਪੁਰਖ ਦੀ ਸਿਰਜੀ ਹੋਈ ਇਸ ਦੁਨੀਆ ਤੋਂ ਵਿਸ਼ਵਾਸ ਉੱਠ ਰਿਹਾ ਸ਼ੁੱਭ। ਸਿਰਫ਼ ਇਸ ਲਈ ਕਿ ਤੇਰਾ ਸੱਚ ਬੋਲਣਾ ਉਨ੍ਹਾਂ ਦੇ ਝੂਠੇ ਮਹਿਲਾਂ ਦੀ ਨੀਹਾਂ 'ਚ ਪਾਣੀ ਪਾ ਰਿਹਾ ਸੀ। ਉਨ੍ਹਾਂ ਨੇ ਤੈਨੂੰ ਸਾਥੋਂ ਖੋਹ ਲਿਆ। ਸਿਰਫ਼ ਇਸ ਲਈ ਕਿਉਂਕਿ ਤੇਰੀ ਕਲਮ ਇਤਿਹਾਸ ਰਚਣ ਦੇ ਨਾਲ-ਨਾਲ ਜੱਗ 'ਤੇ ਛਾਪ ਛੱਡ ਰਹੀ ਸੀ। ਇਸ ਲਈ ਕਿ ਪੁੱਤ ਤੇਰਾ ਉਨ੍ਹਾਂ ਸਭ ਨਾਲ ਉਨ੍ਹਾਂ ਵਰਗਾ ਹੋ ਕੇ ਮਿਲਣਾ, ਇਹ ਸਭ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ ਕਿਉਂ ਇਹ ਸਾਨੂੰ ਅਜ਼ਮਾ ਰਹੇ ਨੇ? ਪੁੱਤ ਤੇਰੀ ਘਾਟ ਦਾ ਅਹਿਸਾਸ ਮੈਂ ਕਿਵੇਂ ਇਨ੍ਹਾ ਮੂਹਰੇ ਜ਼ਾਹਰ ਕਰਾਂ।' ਚਰਨ ਕੌਰ ਦੀ ਇਸ ਪੋਸਟ ਨੂੰ ਪੜ੍ਹ ਕੇ ਕਾਫ਼ੀ ਜ਼ਿਆਦਾ ਭਾਵੁਕ ਹੋ ਰਹੇ ਹਨ। ਇਸ ਦੇ ਨਾਲ ਹੀ ਉਹ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ। 

ਦੱਸਣਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ। ਬਲਕੌਰ ਸਿੰਘ ਤੇ ਚਰਨ ਕੌਰ ਨੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News