ਅੱਜ ਹੈ ਟੀ.ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦਾ ਜਨਮਦਿਨ,ਆਓ ਜਾਣਦੇ ਹਾਂ ਕੁਝ ਖ਼ਾਸ ਗੱਲਾਂ
Friday, Oct 04, 2024 - 01:03 PM (IST)
ਮੁੰਬਈ- ਟੀਵੀ ਜਗਤ ਦੀ ਸਟਾਰ ਅਦਾਕਾਰਾ ਸ਼ਵੇਤਾ ਤਿਵਾਰੀ 4 ਅਕਤੂਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕਲਾਕਾਰ ਅਤੇ ਫੈਨਜ ਅਦਾਕਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਸ਼ਵੇਤਾ ਤਿਵਾਰੀ ਨੇ ਆਪਣੀ ਅਸਲੀ ਪਛਾਣ ਕਸੌਟੀ ਜ਼ਿੰਦਗੀ ਨਾਲ ਬਣਾਈ। ਸ਼ਵੇਤਾ ਤਿਵਾਰੀ ਸ਼ੋਅ 'ਚ ਪ੍ਰੇਰਨਾ ਦਾ ਕਿਰਦਾਰ ਨਿਭਾ ਕੇ ਘਰ-ਘਰ 'ਚ ਮਸ਼ਹੂਰ ਹੋ ਗਈ ਸੀ। ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਸ਼ਵੇਤਾ ਤਿਵਾਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ। ਆਓ ਜਾਣਦੇ ਹਾਂ ਉਨ੍ਹਾਂ ਦੇ ਨਿੱਜੀ ਜ਼ਿੰਦਗੀ ਦੇ ਕੁੱਝ ਕੌੜੇ ਸੁੱਚ, ਜਿਨ੍ਹਾਂ ਦੇ ਵਿੱਚ ਉਨ੍ਹਾਂ ਨੂੰ ਲੰਘਣਾ ਪਿਆ।
ਪਹਿਲਾ ਵਿਆਹ ਅਤੇ ਫਿਰ ਲੜਾਈ
ਉਸ ਨੇ ਸਭ ਤੋਂ ਪਹਿਲਾਂ 1998 ਵਿੱਚ ਆਪਣੇ ਸੰਘਰਸ਼ ਦੇ ਦਿਨਾਂ ਦੇ ਸਾਥੀ ਰਾਜਾ ਚੌਧਰੀ ਨਾਲ ਵਿਆਹ ਕੀਤਾ ਸੀ। ਰਾਜਾ ਚੌਧਰੀ ਤੋਂ ਉਸਦੀ ਇੱਕ ਧੀ ਪਲਕ ਹੈ। ਅੱਜ ਪਲਕ ਐਕਟਿੰਗ ਦੀ ਦੁਨੀਆ 'ਚ ਵੀ ਐਂਟਰੀ ਕਰ ਚੁੱਕੀ ਹੈ ਅਤੇ ਸੋਸ਼ਲ ਮੀਡੀਆ ਦੀ sensation ਹੈ। ਪਰ ਰਾਜਾ ਚੌਧਰੀ ਨਾਲ ਸ਼ਵੇਤਾ ਦਾ ਰਿਸ਼ਤਾ 2007 ਵਿੱਚ ਟੁੱਟ ਗਿਆ। ਦੋਹਾਂ ਦਾ ਤਲਾਕ ਹੋ ਗਿਆ। ਸ਼ਵੇਤਾ ਨੇ ਰਾਜਾ 'ਤੇ ਕੁੱਟਮਾਰ ਅਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ।
ਦੂਜਾ ਵਿਆਹ ਵੀ ਖਤਮ ਹੋ ਗਿਆ
ਇਸ ਤੋਂ ਬਾਅਦ ਸ਼ਵੇਤਾ ਨੇ ਅਦਾਕਾਰ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕੀਤਾ। 2013 ਤੋਂ ਪਹਿਲਾਂ ਉਹ 3 ਸਾਲ ਤੱਕ ਇੱਕ ਦੂਜੇ ਨੂੰ ਡੇਟ ਵੀ ਕਰ ਚੁੱਕੇ ਸਨ। ਇਸ ਵਿਆਹ ਤੋਂ ਉਨ੍ਹਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਰੇਯਾਂਸ਼ ਕੋਹਲੀ ਹੈ। ਪਰ ਜਲਦੀ ਹੀ ਉਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ। 2019 ਵਿੱਚ, ਸ਼ਵੇਤਾ ਤਿਵਾਰੀ ਨੇ ਅਭਿਨਵ ਵਿਰੁੱਧ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਅਤੇ ਉਸੇ ਸਾਲ ਜੋੜੇ ਦਾ ਤਲਾਕ ਹੋ ਗਿਆ।
ਕਈ ਵਾਰ ਮਿਲਿਆ ਧੋਖਾ
ਸ਼ਵੇਤਾ ਤਿਵਾਰੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਨੂੰ ਉਸ ਦੇ ਪਾਰਟਨਰ ਨੇ ਜ਼ਿੰਦਗੀ 'ਚ ਕਈ ਵਾਰ ਧੋਖਾ ਦਿੱਤਾ ਹੈ। ਹੁਣ ਉਸ ਨੇ ਇਸ ਨਾਲ ਨਜਿੱਠਣਾ ਸਿੱਖ ਲਿਆ ਹੈ। ਗਲਾਟਾ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਸ਼ਵੇਤਾ ਨੇ ਕਿਹਾ ਸੀ, 'ਜਦੋਂ ਕੋਈ ਤੁਹਾਨੂੰ ਪਹਿਲੀ ਵਾਰ ਧੋਖਾ ਦਿੰਦਾ ਹੈ ਤਾਂ ਬਹੁਤ ਬੁਰਾ ਲੱਗਦਾ ਹੈ। ਤੁਸੀਂ ਰੋਵੋ, ਬੁਰਾ ਮਹਿਸੂਸ ਕਰੋ, ਰੱਬ ਤੋਂ ਪੁੱਛੋ ਕਿ ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ।ਤੁਸੀਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰੋ। ਪਰ ਹੌਲੀ-ਹੌਲੀ ਮੈਂ ਸਿੱਖਿਆ ਕਿ ਮੈਂ ਇਸ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿਆਂਗੀ। ਹੁਣ ਜੇ ਕੋਈ ਮੈਨੂੰ ਦੁਖੀ ਕਰਦਾ ਹੈ, ਤਾਂ ਮੈਂ ਉਸ ਤੋਂ ਵੱਖ ਹੋ ਗਈ ਹਾਂ। ਉਨ੍ਹਾਂ ਦਾ ਸੁਭਾਅ ਮੈਨੂੰ ਦੁਖੀ ਕਰਨਾ ਹੈ ਅਤੇ ਮੈਂ ਆਪਣੇ ਆਪ ਨੂੰ ਅਜਿਹਾ ਬਣਾਇਆ ਹੈ ਕਿ ਮੈਂ ਦੁਖੀ ਨਹੀਂ ਹੋਵਾਂਗੀ।
ਕਰੀਅਰ ਵਿੱਚ ਵੱਡਾ ਮੀਲ ਪੱਥਰ
ਕਸੌਟੀ ਜ਼ਿੰਦਗੀ ਨੇ ਸ਼ਵੇਤਾ ਤਿਵਾਰੀ ਦੇ ਕਰੀਅਰ ਵਿੱਚ ਇੱਕ ਪਰਿਭਾਸ਼ਿਤ ਪਲ ਲਿਆਇਆ। ਇਸ ਸ਼ੋਅ ਰਾਹੀਂ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੀ ਫਿਰ ਉਸ ਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ। ਇਸ ਸ਼ੋਅ ਕਰਕੇ ਉਹ ਕਾਫੀ ਚਰਚਾ ਦੇ ਵਿੱਚ ਰਹੀ। ਇਸ ਸ਼ੋਅ ਨੇ ਟੀਆਰਪੀ ਵਿੱਚ ਵੀ ਕਈ ਰਿਕਾਰਡ ਬਣਾਏ ਸਨ। ਪ੍ਰੇਰਨਾ ਦੇ ਰੋਲ ਵਿੱਚ ਸ਼ਵੇਤਾ ਦੀ ਇਮੇਜ ਇੱਕ ਦਮਦਾਰ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਵਜੋਂ ਬਣੀ ਸੀ। ਇਸ ਸ਼ੋਅ 'ਚ ਸ਼ਵੇਤਾ ਨੂੰ ਇਕ ਮਜ਼ਬੂਤ ਔਰਤ ਦੇ ਰੂਪ 'ਚ ਦੇਖਿਆ ਗਿਆ ਸੀ ਜੋ ਆਪਣੇ ਪਰਿਵਾਰ ਦੇ ਨਾਲ-ਨਾਲ ਸਾਰਿਆਂ ਦਾ ਖਿਆਲ ਰੱਖਦੀ ਹੈ ਅਤੇ ਆਪਣੇ ਰਿਸ਼ਤਿਆਂ ਦਾ ਵੀ ਧਿਆਨ ਰੱਖਦੀ ਹੈ।
ਬਿੱਗ ਬੌਸ ਦੀ ਰਹਿ ਚੁੱਕੀ ਹੈ ਜੇਤੂ
ਸ਼ਵੇਤਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ, ਉਸ ਨੇ 12 ਸਾਲ ਦੀ ਉਮਰ 'ਚ ਇੱਕ ਟ੍ਰੈਵਲ ਏਜੰਸੀ 'ਚ 500 ਰੁਪਏ ਦੀ ਤਨਖਾਹ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸ਼ਵੇਤਾ ਦਾ ਪਹਿਲਾ ਟੀਵੀ ਸ਼ੋਅ ਕਲੀਰੇ ਸੀ ਜੋ ਉਸ ਨੂੰ 1999 'ਚ ਦੂਰਦਰਸ਼ਨ ਤੋਂ ਪੇਸ਼ ਕੀਤਾ ਗਿਆ ਸੀ ਪਰ ਉਸ ਨੂੰ ਪ੍ਰਸਿੱਧੀ ਕਸੌਟੀ ਜ਼ਿੰਦਗੀ ਤੋਂ ਮਿਲੀ। ਉਸ ਨੇ ਇਸ ਜੰਗਲ ਸੇ ਮੁਝੇ ਬਚਾਓ, ਖਤਰੋਂ ਕੇ ਖਿਲਾੜੀ ਅਤੇ ਬਿੱਗ ਬੌਸ ਸਮੇਤ ਕਈ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲਿਆ। ਸ਼ਵੇਤਾ ਬਿੱਗ ਬੌਸ ਸੀਜ਼ਨ 4 ਦੀ ਜੇਤੂ ਵੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।