8 ਸਾਲ ਬਾਅਦ ਟੀ.ਵੀ. ’ਤੇ ਪਰਤੇ ਸ਼ਰਦ ਕੇਲਕਰ, ‘ਤੁਮ ਸੇ ਤੁਮ ਤਕ’ ’ਚ ਨਿਭਾਅ ਰਹੇ ਹਨ ਅਨੋਖਾ ਕਿਰਦਾਰ

Thursday, Jul 10, 2025 - 03:05 PM (IST)

8 ਸਾਲ ਬਾਅਦ ਟੀ.ਵੀ. ’ਤੇ ਪਰਤੇ ਸ਼ਰਦ ਕੇਲਕਰ, ‘ਤੁਮ ਸੇ ਤੁਮ ਤਕ’ ’ਚ ਨਿਭਾਅ ਰਹੇ ਹਨ ਅਨੋਖਾ ਕਿਰਦਾਰ

ਮੁੰਬਈ- ਜ਼ੀ. ਟੀ.ਵੀ. ਆਪਣੇ ਦਰਸ਼ਕਾਂ ਲਈ ਇਕ ਨਵੀਂ ਅਤੇ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ ਲੈ ਕੇ ਆਇਆ ਹੈ ‘ਤੁਮ ਸੇ ਤੁਮ ਤਕ’, ਜੋ ਅੱਜ ਦੇ ਸਮੇਂ ਦੇ ਇਕ ਵੱਖਰੇ ਤੇ ਖ਼ਾਸ ਰਿਸ਼ਤੇ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦੀ ਹੈ। ਇਸ ਦੀ ਕਹਾਣੀ ਅਨੂ ਤੇ ਆਰਿਆਵਰਧਨ ਦੀ ਜ਼ਿੰਦਗੀ ਦੇ ਆਲੇ-ਦੁਆਲੇ ਬੁਣੀ ਗਈ ਹੈ। ਅਨੂ 19 ਸਾਲਾਂ ਦੀ ਸਧਾਰਨ ਮੱਧਵਰਗੀ ਕੁੜੀ ਹੈ, ਜਦਕਿ ਆਰਿਆਵਰਧਨ 46 ਸਾਲ ਦਾ ਇਕ ਅਮੀਰ, ਆਤਮ-ਨਿਰਭਰ ਤੇ ਸਫ਼ਲ ਬਿਜ਼ਨੈੱਸ ਟਾਈਕੂਨ ਹੈ। ਉਮਰ, ਸਮਾਜਿਕ ਪੱਧਰ ਅਤੇ ਸੋਚ ਦੇ ਫ਼ਰਕ ਦੇ ਬਾਵਜੂਦ ਇਨ੍ਹਾਂ ਦੋਵਾਂ ਵਿਚਕਾਰ ਇਕ ਅਜਿਹਾ ਰਿਸ਼ਤਾ ਵਿਕਸਤ ਹੁੰਦਾ ਹੈ, ਜੋ ਹਰ ਸਮਾਜਿਕ ਮਾਨਤਾ ਅਤੇ ਪਰੰਪਰਾ ਨੂੰ ਚੁਣੌਤੀ ਦਿੰਦਾ ਹੈ। ਇਹ ਸ਼ੋਅ ਹਰ ਰਾਤ 8:30 ਵਜੇ ਜ਼ੀ. ਟੀ.ਵੀ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸ਼ੋਅ ਬਾਰੇ ਸਟਾਰ ਕਾਸਟ ਸ਼ਰਦ ਕੇਲਕਰ, ਵੰਦਨਾ ਪਾਠਕ, ਸੋਮਾ ਰਾਠੌੜ ਅਤੇ ਨਿਹਾਰਿਕਾ ਚੌਕਸੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਮੇਰੇ ਲਈ ਮੀਡੀਅਮ ਨਹੀਂ, ਅਦਾਕਾਰੀ ਜ਼ਿਆਦਾ ਜ਼ਰੂਰੀ : ਸ਼ਰਦ ਕੇਲਕਰ

ਪ੍ਰ. ਅਕਸਰ ਐਕਟਰ ਓ.ਟੀ.ਟੀ. ਜਾਂ ਫਿਲਮਾਂ ਕਰਨ ਤੋਂ ਬਾਅਦ ਵਾਪਸ ਟੀ.ਵੀ. ’ਤੇ ਨਹੀਂ ਪਰਤਦੇ, ਤੁਸੀਂ 8 ਸਾਲ ਬਾਅਦ ਵਾਪਸੀ ਕਰ ਰਹੇ ਹੋ। ਇਸ ’ਤੇ ਕੀ ਕਹੋਗੇ?

ਮੇਰਾ ਮੰਨਣਾ ਹੈ ਕਿ ਜੇ ਮੈਂ ਕਮਿਟ ਕਰ ਰਿਹਾ ਹਾਂ ਤਾਂ ਉਹ ਕੰਮ ਪਹਿਲਾਂ ਪੂਰਾ ਕਰਾਂ। ਫਿਰ ਸ਼ੋਅ ਲਈ ਸਮਾਂ ਜ਼ਿਆਦਾ ਚਾਹੀਦਾ ਹੁੰਦਾ ਸੀ ਤਾਂ ਫਿਰ ਥੋੜ੍ਹਾ ਮੁਸ਼ਕਲ ਹੁੰਦਾ ਸੀ ਕਿਉਂਕਿ ਫਿਰ ਤੁਸੀਂ ਬਾਕੀ ਚੀਜ਼ਾਂ ਕਰ ਨਹੀਂ ਸਕਦੇ। ਫਿਰ ਕੋਵਿਡ ਆ ਗਿਆ। ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਮੇਰੇ ਲਈ ਮੀਡੀਅਮ ਨਹੀਂ, ਅਦਾਕਾਰੀ ਜ਼ਿਆਦਾ ਜ਼ਰੂਰੀ ਹੈ। ਇਹ ਸ਼ੋਅ ਵੀ ਜਦੋਂ ਮੇਰੇ ਕੋਲ ਆਇਆ ਸੀ ਤਾਂ ਮੈਨੂੰ ਕਹਾਣੀ ਪਸੰਦ ਆਈ ਸੀ ਪਰ ਮੈਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਸੀ ਪਰ ਫਿਰ ਬਾਅਦ ਵਿਚ ਇਸ ਦੀ ਸ਼ੁਰੂਆਤ ਕੀਤੀ ਅਤੇ ਮੈਂ ਇਸ ਦਾ ਹਿੱਸਾ ਬਣਿਆ।

ਪ੍ਰ. ‘ਤੁਮ ਸੇ ਤੁਮ ਤਕ’ ਕਰਨ ਦਾ ਕੋਈ ਖ਼ਾਸ ਕਾਰਨ?

ਮੈਨੂੰ ਇਸ ਸ਼ੋਅ ਦੀ ਕਹਾਣੀ ਪਸੰਦ ਆਈ ਸੀ। ਇਹ ਇਕ ਲਵ ਸਟੋਰੀ ਹੈ, ਜਿਸ ਵਿਚ ਬਹੁਤ ਸਾਰੇ ਸਸਪੈਂਸ ਤੇ ਥ੍ਰਿਲ ਵੀ ਹਨ। ਇਸ ਦੇ ਨਾਲ ਹੀ ਕਾਸਟ ਅਤੇ ਮੇਕਰਜ਼ ਬਹੁਤ ਚੰਗੇ ਹਨ। ਕੰਟੈਂਟ ਉੱਪਰ-ਹੇਠਾਂ ਹੋ ਸਕਦਾ ਹੈ ਪਰ ਜਿਨ੍ਹਾਂ ਨਾਲ ਕੰਮ ਕਰਨਾ ਹੈ, ਉਹ ਚੰਗੇ ਹੋਣੇ ਚਾਹੀਦੇ ਹਨ। ਜਦੋਂ ਤੁਸੀਂ ਘਰ ਪਰਤਦੇ ਹੋ ਤਾਂ ਚੰਗੇ ਮਨ ਨਾਲ ਪਰਤਦੇ ਹੋ ਕਿ ਮੈਂ ਚੰਗਾ ਕੰਮ ਤੇ ਚੰਗੇ ਲੋਕਾਂ ਨਾਲ ਕੰਮ ਕਰ ਕੇ ਆਇਆ ਹਾਂ।

ਸ਼ੋਅ ਵਿਚ ਹਰ ਕਿਰਦਾਰ ਇਮੋਸ਼ਨਲੀ ਸਟ੍ਰਾਂਗ : ਵੰਦਨਾ ਪਾਠਕ

ਪ੍ਰ. ਲੰਬੇ ਸਮੇਂ ਬਾਅਦ ਟੀ.ਵੀ. ਕਰ ਰਹੇ ਹੋ ਤਾਂ ਕੀ ਚੁਣੌਤੀਪੂਰਨ ਲੱਗਿਆ?

ਥੋੜ੍ਹਾ ਚੁਣੌਤੀਪੂਰਨ ਤਾਂ ਲੱਗਦਾ ਹੀ ਹੈ ਕਿਉਂਕਿ ਹੁਣ ਏਨੇ ਘੰਟੇ ਇਕੱਠਿਆਂ ਕੰਮ ਕਰਨ ਦੀ ਆਦਤ ਛੁੱਟ ਗਈ ਹੈ ਪਰ ਇਕ ਵਾਰ ਫਿਰ ਟੀ.ਵੀ. ’ਤੇ ਵਾਪਸੀ ਕਰ ਕੇ ਬਹੁਤ ਖ਼ੁਸ਼ ਹਾਂ ਤੇ ਚੰਗਾ ਲੱਗ ਰਿਹਾ ਹੈ।

ਪ੍ਰ. ਤੁਹਾਨੂੰ ਕਿਸ ਚੀਜ਼ ਨੇ ਆਕਰਸ਼ਿਤ ਕੀਤਾ, ਜਿਸ ਤੋਂ ਬਾਅਦ ਤੁਸੀਂ ਸ਼ੋਅ ਲਈ ਹਾਂ ਕੀਤੀ?

ਸ਼ੋਅ ਦੇ ਮੇਕਰਜ਼ ਪ੍ਰਤੀਕ ਤੇ ਪਾਰਥ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ। ਮੇਰਾ ਲਾਸਟ ਸ਼ੋਅ ਵੀ ਇਨ੍ਹਾਂ ਨਾਲ ਹੀ ਸੀ। ਇਸ ਤੋਂ ਇਲਾਵਾ ਸ਼ੋਅ ਦੀ ਕਹਾਣੀ ਬਹੁਤ ਚੰਗੀ ਹੈ। ਇਕ ਹੀ ਤਰ੍ਹਾਂ ਦੇ ਕਈ ਸਾਰੇ ਸ਼ੋਅ ਬਣਦੇ ਹਨ ਪਰ ਇਹ ਕੁਝ ਅਲੱਗ ਹੈ। ਇਸ ਵਿਚ ਹਰ ਕਿਰਦਾਰ ਇਮੋਸ਼ਨਲੀ ਸਟ੍ਰਾਂਗ ਹੈ। ਮੈਂ ਪਹਿਲਾਂ ਇਸ ਤਰ੍ਹਾਂ ਦਾ ਰੋਲ ਨਹੀਂ ਕੀਤਾ। ਮੇਰੇ ਕਿਰਦਾਰ ਦੀਆਂ ਕਈ ਗੱਲਾਂ ਨੇ ਮੈਨੂੰ ਆਕਰਸ਼ਿਤ ਕੀਤਾ।

ਪ੍ਰ. ਹੀਰੋ-ਹੀਰੋਇਨ ਦੀ ਉਮਰ ਵਿਚ ਲੰਬੇ ਫ਼ਾਸਲੇ ਤੋਂ ਕੀ ਨਾਂਹ-ਪੱਖੀ ਪ੍ਰਭਾਵ ਪਵੇਗਾ?

ਅਨੂ ਅਤੇ ਆਰੀਆ ਵਿਚਕਾਰ ਲੰਬਾ ਉਮਰ ਦਾ ਅੰਤਰ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਜੋ ਦਰਸ਼ਕ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਹ ਇਕ ਸੀਰੀਅਲ ਹੈ ਤੇ ਅਸੀਂ ਇਸ ਨੂੰ ਪ੍ਰਮੋਟ ਨਹੀਂ ਕਰ ਰਹੇ ਪਰ ਇਹ ਸੀਰੀਅਲ ਇਕ ਉਮਰ ਦੇ ਫ਼ਾਸਲੇ ਵਾਲੀ ਲਵ ਸਟੋਰੀ ਹੀ ਨਹੀਂ ਹੈ। ਜਦੋਂ ਕਹਾਣੀ ਦੇਖੋਗੇ ਤਾਂ ਤੁਹਾਨੂੰ ਸਿਰਫ਼ ਇਹ ਉਮਰ ਦਾ ਫਾਸਲਾ ਨਹੀਂ ਦਿਸੇਗਾ।

ਮੈਂ ਤਾਂ ਕਿਸੇ ਹੋਰ ਚੈਨਲ ਲਈ ਆਡੀਸ਼ਨ ਦੇਣ ਗਈ ਸੀ : ਸੋਮਾ ਰਾਠੌੜ

ਪ੍ਰ. ਤੁਸੀਂ ਸ਼ੋਅ ਦਾ ਹਿੱਸਾ ਕਿਵੇਂ ਬਣੇ?

ਮੈਨੂੰ ਕਿਸੇ ਹੋਰ ਚੈਨਲ ਲਈ ਆਡੀਸ਼ਨ ਦੀ ਕਾਲ ਆਈ ਸੀ ਪਰ ਜੋ ਇਸ ਸ਼ੋਅ ਦੇ ਮੇਕਰਜ਼ ਹਨ ਅਭਿਰੂਪ ਜੀ, ਰੇਖਾ ਜੀ ਤਾਂ ਉਨ੍ਹਾਂ ਨੇ ਜਦੋਂ ਮੇਰਾ ਆਡੀਸ਼ਨ ਦੇਖਿਆ ਤਾਂ ਉਨ੍ਹਾਂ ਨੇ ਮੈਨੂੰ ਉੱਥੋਂ ਬੁਲਾ ਲਿਆ ਅਤੇ ਕਿਹਾ ਕਿ ਤੁਸੀਂ ਸਾਨੂੰ ਸਾਡੇ ਜ਼ੀ ਵਾਲੇ ਸ਼ੋਅ ਵਿਚ ਚਾਹੀਦੇ ਹੋ।

ਪ੍ਰ. ਆਪਣੇ ਕਿਰਦਾਰ ਦੀ ਖ਼ਾਸੀਅਤ ਦੱਸੋ?

ਇਸ ਸ਼ੋਅ ਵਿਚ ਮੇਰਾ ਕਿਰਦਾਰ ਅਜਿਹਾ ਹੈ, ਜਿਸ ਵਿਚ ਕਈ ਸਾਰੇ ਫਲੇਵਰ ਹਨ। ਮੇਰੇ ਕਿਰਦਾਰ ਵਿਚ ਉਹ ਹਸਾਉਂਦੀ ਵੀ ਹੈ, ਰੁਆਉਂਦੀ ਵੀ ਹੈ ਅਤੇ ਗੁੱਸਾ ਵੀ ਕਰਦੀ ਹੈ, ਭਾਵੁਕਤਾ ਵੀ ਹੈ। ਪੁਸ਼ਪਾ ਦਾ ਜੋ ਕਿਰਦਾਰ ਹੈ, ਉਸ ਵਿਚ ਮਲਟੀਪਲ ਜ਼ੋਨ ਹਨ ਤਾਂ ਮੈਨੂੰ ਪੁਸ਼ਪਾ ਦੇ ਕਿਰਦਾਰ ਨਾਲ ਪਿਆਰ ਹੈ।

ਪ੍ਰ. ਤੁਸੀਂ ਸਕਰੀਨ ’ਤੇ ਕਾਮੇਡੀ ਤੋਂ ਇਲਾਵਾ ਹੋਰ ਕੀ ਕਰਨਾ ਚਾਹੁੰਦੇ ਹੋ?

ਹੁਣ ਤੱਕ ਤਾਂ ਮੈਂ ਸਿਰਫ਼ ਕਾਮੇਡੀ ਕਰਦੀ ਆਈ ਹਾਂ ਪਰ ਇਸ ਤੋਂ ਇਲਾਵਾ ਜੇ ਮੈਂ ਕਹਾਂ ਤਾਂ ਮੈਂ ਨੈਗੇਟਿਵ ਕਿਰਦਾਰ ਕਰਨਾ ਪਸੰਦ ਕਰਾਂਗੀ। ਇਕ ਵਿਲੇਨ ਵਾਲਾ ਰੋਲ ਕਰਨ ਵਿਚ ਮੈਨੂੰ ਬਹੁਤ ਮਜ਼ਾ ਆਵੇਗਾ ਅਤੇ ਮੈਂ ਚਾਹੁੰਦੀ ਹਾਂ ਕਿ ਦਰਸ਼ਕ ਮੈਨੂੰ ਵਿਲੇਨ ਦੇ ਰੂਪ ਵਿਚ ਵੀ ਪਸੰਦ ਕਰਨ ਤੇ ਮੈਨੂੰ ਲੱਗਦਾ ਵੀ ਹੈ ਕਿ ਨੈਗੇਟਿਵ ਕਿਰਦਾਰ ਨਿਭਾਅ ਕੇ ਵੀ ਲੋਕਾਂ ਦੀ ਫੇਵਰਟ ਰਹਾਂਗੀ।

ਮੇਰੀ ਦੋਸਤ ਨੇ ਕਿਹਾ, ਤੁਹਾਡਾ ਇਸ ਸ਼ੋਅ ਵਿਚ ਆਡੀਸ਼ਨ ਨਹੀਂ ਹੋਵੇਗਾ, ਹੀਰੋ ਬਹੁਤ ਵੱਡੇ ਹਨ : ਨਿਹਾਰਿਕਾ ਚੌਕਸੇ

ਪ੍ਰ. ਤੁਸੀਂ ਸ਼ੋਅ ਦਾ ਹਿੱਸਾ ਕਿਵੇਂ ਬਣੇ?

ਮੈਂ ਇਸੇ ਚੈਨਲ ਵਿਚ ਦੂਜਾ ਸ਼ੋਅ ਕਰਨ ਵਾਲੀ ਸੀ, ਫਿਰ ਮੈਨੂੰ ਜਦੋਂ ਇਸ ਸ਼ੋਅ ਦੀ ਕਾਸਟਿੰਗ ਲਈ ਆਪਣੀ ਦੋਸਤ ਤੋਂ ਪਤਾ ਲੱਗਿਆ ਜੋ ਇਸ ਵਿਚ ਕਿਸੇ ਹੋਰ ਕਿਰਦਾਰ ਲਈ ਆਡੀਸ਼ਨ ਕਰ ਰਹੀ ਸੀ ਤਾਂ ਉਸਨੇ ਬੋਲਿਆ ਤੁਹਾਡਾ ਨਹੀਂ ਹੋਵੇਗਾ ਕਿਉਂਕਿ ਹੀਰੋ ਬਹੁਤ ਵੱਡੇ ਹਨ। ਫਿਰ ਮੈਂ ਬੋਲਿਆ ਕਿ ਇਕ ਵਾਰ ਪੁੱਛ ਕੇ ਤਾਂ ਦੇਖ ਸਕਦੀ ਹਾਂ ਤਾਂ ਮੈਂ ਪ੍ਰਤੀਕ ਸਰ ਨੂੰ ਮੈਸੇਜ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇ ਤੁਸੀਂ ਆਡੀਸ਼ਨ ਦੇਵੋਗੇ ਤਾਂ ਮੈਨੂੰ ਖ਼ੁਸ਼ੀ ਹੋਵੇਗੀ। ਫਿਰ ਇਸ ਤਰ੍ਹਾਂ ਪੂਰਾ ਸਿਲਸਿਲਾ ਸ਼ੁਰੂ ਹੋਇਆ ਅਤੇ ਮੈਂ ਇਸ ਸ਼ੋਅ ਦਾ ਹਿੱਸਾ ਬਣੀ।

ਪ੍ਰ. ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਸ਼ਰਦ ਵਰਗੇ ਅਨੁਭਵੀ ਅਭਿਨੇਤਾ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?

ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਸ਼ਰਦ ਸਰ ਨਾਲ ਕੰਮ ਕਰ ਕੇ ਕਿਉਂਕਿ ਜਿੰਨੀ ਮੇਰੀ ਉਮਰ ਨਹੀਂ ਹੈ, ਉਸ ਤੋਂ ਜ਼ਿਆਦਾ ਇਸ ਕ੍ਰਾਫਟ ’ਚ ਉਨ੍ਹਾਂ ਨੇ ਆਪਣਾ ਸਮਾਂ ਦਿੱਤਾ ਹੈ। ਉਨ੍ਹਾਂ ਤੋਂ ਰੋਜ਼ ਮੈਂ ਕੁਝ ਨਾ ਕੁਝ ਨਵਾਂ ਸਿੱਖਦੀ ਸੀ ਅਤੇ ਕੰਮ ਦੇ ਨਾਲ-ਨਾਲ ਇਕ ਤਰ੍ਹਾਂ ਦੀ ਟੀਚਿੰਗ ਵੀ ਮਿਲੇ, ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ।


author

cherry

Content Editor

Related News