‘ਪਠਾਨ’ ਵਿਵਾਦ ’ਤੇ ਖੁੱਲ੍ਹ ਕੇ ਬੋਲੇ ਸ਼ਾਹਰੁਖ ਖ਼ਾਨ, ਕਿਹਾ- ‘ਸਾਡਾ ਮਕਸਦ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਹੀਂ’

01/31/2023 12:44:06 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਆਪਣੀ ਨਵੀਂ ਫ਼ਿਲਮ ‘ਪਠਾਨ’ ਨੂੰ ਲੈ ਕੇ ਚਰਚਾ ’ਚ ਹਨ। ਇਸ ਫ਼ਿਲਮ ਨਾਲ ਕਿੰਗ ਖ਼ਾਨ ਨੇ ਵੱਡੇ ਪਰਦੇ ’ਤੇ ਵਾਪਸੀ ਕੀਤੀ ਹੈ। ਅੱਜ ‘ਪਠਾਨ’ ਨੇ ਦੇਸ਼ ਤੋਂ ਵਿਦੇਸ਼ਾਂ ਤੱਕ ਬਾਕਸ ਆਫਿਸ ’ਤੇ ਦਬਦਬਾ ਬਣਾਇਆ ਹੋਇਆ ਹੈ ਪਰ ਸ਼ਾਹਰੁਖ ਖ਼ਾਨ ਲਈ ਇਸ ਫ਼ਿਲਮ ਨੂੰ ਰਿਲੀਜ਼ ਕਰਨਾ ਬਹੁਤ ਆਸਾਨ ਨਹੀਂ ਸੀ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ’ਚ ‘ਪਠਾਨ’ ਦੀ ਰਿਲੀਜ਼ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਕਈ ਲੋਕਾਂ ਨੇ ਕਿਹਾ ਕਿ ਫ਼ਿਲਮ ਦੇ ਗੀਤਾਂ ਤੇ ਦ੍ਰਿਸ਼ਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੁਣ ਸ਼ਾਹਰੁਖ ਪਹਿਲੀ ਵਾਰ ਆਪਣੀ ਫ਼ਿਲਮ ਦੇ ਵਿਵਾਦ ’ਤੇ ਬੋਲੇ ਹਨ।

‘ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ’
ਮੁੰਬਈ ’ਚ ਸੋਮਵਾਰ ਸ਼ਾਮ ਸ਼ਾਹਰੁਖ ਨੇ ‘ਪਠਾਨ’ ਦੀ ਟੀਮ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਇਵੈਂਟ ਦੌਰਾਨ ਸੁਪਰਸਟਾਰ ਨੇ ਪ੍ਰਸ਼ੰਸਕਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਫ਼ਿਲਮ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਨੇ ਆਪਣੀ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੀ ਤੁਲਨਾ 1977 ’ਚ ਨਿਰਦੇਸ਼ਕ ਮਨਮੋਹਨ ਦੇਸਾਈ ਦੀ ਫ਼ਿਲਮ ‘ਅਮਰ ਅਕਬਰ ਐਂਥਨੀ’ ਨਾਲ ਕੀਤੀ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਅਦਾਕਾਰਾਂ ਦੇ ਫ਼ਿਲਮੀ ਕਿਰਦਾਰਾਂ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਕਿਸੇ ਵੀ ਅਦਾਕਾਰ ਦਾ ਮਕਸਦ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ।

ਇਹ ਖ਼ਬਰ ਵੀ ਪੜ੍ਹੋ : ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)

ਸ਼ਾਹਰੁਖ ਖ਼ਾਨ ਕਹਿੰਦੇ ਹਨ, ‘‘ਹਰ ਕਿਸੇ ਦਾ ਮਨੋਰਥ ਇਕੋ-ਜਿਹਾ ਹੁੰਦਾ ਹੈ। ਅਸੀਂ ਖ਼ੁਸ਼ੀ, ਭਾਈਚਾਰਾ, ਪਿਆਰ, ਦਿਆਲਤਾ ਫੈਲਾਉਣੀ ਹੈ। ਭਾਵੇਂ ਮੈਂ ‘ਡਰ’ ਵਰਗੀ ਫ਼ਿਲਮ ’ਚ ਨੈਗੇਟਿਵ ਭੂਮਿਕਾ ਨਿਭਾਅ ਰਿਹਾ ਹਾਂ। ਭਾਵੇਂ ਮੈਂ ‘ਬਾਜ਼ੀਗਰ’ ’ਚ ਹਾਂ। ਭਾਵੇਂ ਜੌਨ ਕਿਸੇ ਫ਼ਿਲਮ ’ਚ ਵਿਲੇਨ ਬਣ ਗਿਆ ਹੋਵੇ। ਅਸੀਂ ਅਸਲ ਜ਼ਿੰਦਗੀ ’ਚ ਮਾੜੇ ਨਹੀਂ ਹਾਂ। ਅਸੀਂ ਤੁਹਾਨੂੰ ਖ਼ੁਸ਼ ਕਰਨ ਲਈ ਵੱਖ-ਵੱਖ ਕਿਰਦਾਰ ਨਿਭਾਅ ਰਹੇ ਹਾਂ। ਜੇਕਰ ਅਸੀਂ ਫ਼ਿਲਮਾਂ ’ਚ ਕੁਝ ਕਹਿੰਦੇ ਹਾਂ ਤਾਂ ਉਹ ਕਿਸੇ ਦੀਆਂ ਭਾਵਨਾਵਾਂ ਤੇ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ ਹੈ। ਇਹ ਸਿਰਫ਼ ਮਨੋਰੰਜਨ ਹੈ।’’

‘ਮਨੋਰੰਜਨ ਨੂੰ ਗੰਭੀਰਤਾ ਨਾਲ ਨਾ ਲਓ’
ਸ਼ਾਹਰੁਖ ਨੇ ਅੱਗੇ ਕਿਹਾ, ‘‘ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ। ਅਸੀਂ ਇਕ-ਦੂਜੇ ਨਾਲ ਮਜ਼ਾਕ ਕਰਦੇ ਹਾਂ। ਅਸੀਂ ਇਕ-ਦੂਜੇ ਨਾਲ ਮਸਤੀ ਕਰਦੇ ਹਾਂ। ਮੌਜ-ਮਸਤੀ ਤੇ ਮਨੋਰੰਜਨ ਨੂੰ ਆਪਣੀ ਥਾਂ ’ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਬਹੁਤ ਗੰਭੀਰ ਨਹੀਂ ਲੈਣਾ ਚਾਹੀਦਾ। ਅਸੀਂ ਸਾਰੇ ਇਕ ਹਾਂ। ਅਸੀਂ ਸਾਰੇ ਇਕ-ਦੂਜੇ ਨੂੰ ਪਿਆਰ ਕਰ ਰਹੇ ਹਾਂ ਤੇ ਇਸ ਪਿਆਰ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਇਕ ਸਰਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ, ਇਸ ਲਈ ਉਹ ਦੀਪਿਕਾ ਪਾਦੁਕੋਣ ਹੈ, ਉਹ ਅਮਰ ਹੈ। ਮੈਂ ਸ਼ਾਹਰੁਖ ਖਾਨ ਹਾਂ, ਮੈਂ ਅਕਬਰ ਹਾਂ। ਇਹ ਜੌਨ ਹੈ, ਇਹ ਐਂਥਨੀ ਹੈ। ਅਮਰ, ਅਕਬਰ ਐਂਥਨੀ, ਇਹ ਸਿਨੇਮਾ ਹੈ।’’

ਕਿੰਗ ਖ਼ਾਨ ਨੇ ਅਖੀਰ ’ਚ ਕਿਹਾ, ‘‘ਅਸੀਂ ਕਿਸੇ ਨਾਲ, ਕਿਸੇ ਦੇ ਸੱਭਿਆਚਾਰ ਜਾਂ ਜੀਵਨ ਦੇ ਕਿਸੇ ਪਹਿਲੂ ਲਈ ਵਿਤਕਰਾ ਨਹੀਂ ਕਰਦੇ ਹਾਂ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੇ ਇਸ ਲਈ ਅਸੀਂ ਫ਼ਿਲਮਾਂ ਬਣਾਉਂਦੇ ਹਾਂ। ਅਸੀਂ ਪਿਆਰ ਦੇ ਭੁੱਖੇ ਹਾਂ। ਸਾਡੀ ਫ਼ਿਲਮ ਦੇਖ ਕੇ ਤੇ ਤੁਹਾਡੀ ਖ਼ੁਸ਼ੀ ਦੇਖ ਕੇ ਤੁਹਾਨੂੰ ਜੋ ਵੀ ਪਿਆਰ ਮਿਲਦਾ ਹੈ, ਉਹ ਸਾਡੇ ਲਈ ਕਿਸੇ ਵੀ ਇਨਾਮ ਤੋਂ ਵੱਡਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News