75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ

Wednesday, Dec 27, 2023 - 11:49 AM (IST)

75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਭਾਈਜਾਨ ਤੇ ਇੰਡਸਟਰੀ ਦੇ ਚਹੇਤੇ ਸਲਮਾਨ ਖ਼ਾਨ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਨੂੰ ਹਮੇਸ਼ਾ ਆਪਣਾ ਜਨਮਦਿਨ ਪਨਵੇਲ ਸਥਿਤ ਆਪਣੇ ਫਾਰਮ ਹਾਊਸ ਵਿਖੇ ਸੈਲੀਬ੍ਰੇਟ ਕਰਦੇ ਦੇਖਿਆ ਜਾਂਦਾ ਹੈ ਪਰ ਇਸ ਵਾਰ ਉਹ ਆਪਣਾ ਜਨਮਦਿਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸੈਲੀਬ੍ਰੇਟ ਕਰਦੇ ਨਜ਼ਰ ਆਏ। ਇਹ ਸੈਲੀਬ੍ਰੇਸ਼ਨ ਸਲਮਾਨ ਦੀ ਭੈਣ ਅਰਪਿਤਾ ਦੇ ਘਰ ਕੀਤਾ ਗਿਆ।

ਭਾਣਜੀ ਨਾਲ ਕੱਟਿਆ ਕੇਕ
27 ਦਸੰਬਰ ਦਾ ਦਿਨ ਖ਼ਾਨ ਪਰਿਵਾਰ ਲਈ ਬਹੁਤ ਖ਼ਾਸ ਹੁੰਦਾ ਹੈ ਕਿਉਂਕਿ ਇਸ ਦਿਨ ਨਾ ਸਿਰਫ ਸਲਮਾਨ ਖ਼ਾਨ ਦਾ ਜਨਮਦਿਨ ਹੈ, ਸਗੋਂ ਉਨ੍ਹਾਂ ਦੀ ਭਾਣਜੀ ਅਯਾਤ ਖ਼ਾਨ ਦਾ ਵੀ ਜਨਮਦਿਨ ਹੈ। ਇਸ ਵਾਰ ਭਾਈਜਾਨ ਆਪਣੀ ਭਾਣਜੀ ਨਾਲ ਜਨਮਦਿਨ ਦਾ ਕੇਕ ਕੱਟਦੇ ਨਜ਼ਰ ਆਏ। ਭਾਈਜਾਨ 58 ਸਾਲ ਦੇ ਹੋ ਗਏ ਹਨ, ਉਨ੍ਹਾਂ ਦੀ ਭਾਣਜੀ 4 ਸਾਲਾਂ ਦੀ ਹੋ ਗਈ ਹੈ। ਪੂਰਾ ਪਰਿਵਾਰ ਇਸ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰਦਾ ਨਜ਼ਰ ਆਇਆ। ਇਸ ਸੈਲੀਬ੍ਰੇਸ਼ਨ ਦੌਰਾਨ ਸਲਮਾਨ ਨੇ ਇਕ ਨਹੀਂ, ਸਗੋਂ ਕਈ ਕੇਕ ਕੱਟੇ। ਇਸ ਦੌਰਾਨ ਅਰਪਿਤਾ ਖ਼ਾਨ, ਆਯੂਸ਼ ਸ਼ਰਮਾ, ਅਰਬਾਜ਼ ਖ਼ਾਨ, ਅਰਹਾਨ ਖ਼ਾਨ, ਹੇਲਨ, ਅਲਵੀਰਾ, ਬੌਬੀ ਦਿਓਲ ਤੇ ਯੂਲੀਆ ਵੰਤੂਰ ਵੀ ਇਥੇ ਨਜ਼ਰ ਆਏ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ਦੇ ਇਸ ਖ਼ਾਸ ਮੌਕੇ ’ਤੇ ਸਲਮਾਨ ਖ਼ਾਨ ਦੇ ਪੇਸ਼ੇਵਰ ਕਰੀਅਰ ਤੇ ਨਿੱਜੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ–

75 ਰੁਪਏ ’ਚ ਸ਼ੁਰੂ ਕੀਤਾ ਸੀ ਕਰੀਅਰ
ਸਲਮਾਨ ਖ਼ਾਨ ਨੇ ਇੰਡਸਟਰੀ ਦੇ ਭਾਈਜਾਨ ਬਣਨ ਲਈ ਕਾਫੀ ਮਿਹਨਤ ਕੀਤੀ ਹੈ। ਅੱਜ ਦੇਸ਼ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਨ ਪਰ ਇਕ ਸਮਾਂ ਸੀ, ਜਦੋਂ ਉਨ੍ਹਾਂ ਨੇ ਬਿਨਾਂ ਕਿਸੇ ਦੀ ਮਦਦ ਦੇ ਸੰਘਰਸ਼ ਕਰਕੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਲਮਾਨ ਦੀ ਪਹਿਲੀ ਕਮਾਈ 75 ਰੁਪਏ ਸੀ। ਸਲਮਾਨ ਨੇ ਖ਼ੁਦ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲੀ ਕਮਾਈ ਤਾਜ ਹੋਟਲ ’ਚ ਹੋ ਰਹੇ ਸ਼ੋਅ ’ਚ ਬੈਕਗਰਾਊਂਡ ਡਾਂਸਰ ਦੇ ਤੌਰ ’ਤੇ ਕੰਮ ਕਰਨ ਨਾਲ ਹੋਈ ਸੀ। ਦੋਸਤ ਇਥੇ ਜਾ ਕੇ ਸਲਮਾਨ ਨੂੰ ਆਪਣੇ ਨਾਲ ਲੈ ਗਏ ਤੇ ਨੱਚਣ ਦੇ ਬਦਲੇ ਉਨ੍ਹਾਂ ਨੂੰ ਇਹ ਮਿਹਨਤਾਨਾ ਦਿੱਤਾ ਗਿਆ ਸੀ।

ਕਿਵੇਂ ਦਾ ਰਿਹਾ ਫ਼ਿਲਮੀ ਕਰੀਅਰ
ਸਲਮਾਨ ਖ਼ਾਨ ਦੇ ਕਰੀਅਰ ਦੀ ਗੱਲ ਕਰੀਏ ਤਾਂ 1989 ’ਚ ਰਿਲੀਜ਼ ਹੋਈ ‘ਮੈਨੇ ਪਿਆਰ ਕੀਆ’ ਉਨ੍ਹਾਂ ਦੀ ਪਹਿਲੀ ਸਫ਼ਲ ਫ਼ਿਲਮ ਸੀ। ਇਸ ਫ਼ਿਲਮ ’ਚ ਉਹ ਭਾਗਿਆਸ਼੍ਰੀ ਨਾਲ ਨਜ਼ਰ ਆਏ ਸਨ। ਇਸ ਕਾਮਯਾਬੀ ਤੋਂ ਬਾਅਦ ਇਨ੍ਹਾਂ ਦੀ ਜੋੜੀ ਸਾਲਾਂ ਤੱਕ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਰਹੀ। ਇਕ ਵਾਰ ਜਦੋਂ ਉਨ੍ਹਾਂ ਨੂੰ ਸਫ਼ਲਤਾ ਮਿਲੀ ਤਾਂ ਸਲਮਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਉਨ੍ਹਾਂ ਦੀ ਪਛਾਣ ਦੇਸ਼ ’ਚ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਹੈ। ਇਕ ਮਹਾਨ ਅਦਾਕਾਰ ਹੋਣ ਦੇ ਨਾਲ ਉਹ ਇਕ ਟੀ. ਵੀ. ਐਂਕਰ ਦੇ ਰੂਪ ’ਚ ਵੀ ਮਸ਼ਹੂਰ ਹਨ ਤੇ ਅਕਸਰ ‘ਬਿੱਗ ਬੌਸ’ ਦੀ ਮੇਜ਼ਬਾਨੀ ਕਰਦੇ ਦੇਖੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

ਕਰੋੜਾਂ ਦੇ ਨੇ ਮਾਲਕ
ਆਪਣੀ ਪਹਿਲੀ ਕਮਾਈ ਦੇ ਤੌਰ ’ਤੇ 75 ਰੁਪਏ ਕਮਾਉਣ ਵਾਲੇ ਸਲਮਾਨ ਖ਼ਾਨ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰਦੇ ਹਨ। ਅਜਿਹਾ ਕੁਝ ਵੀ ਨਹੀਂ ਹੋਵੇਗਾ, ਜੋ ਉਨ੍ਹਾਂ ਕੋਲ ਨਹੀਂ ਹੋਵੇਗਾ। ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕੁਲ ਜਾਇਦਾਦ 350 ਮਿਲੀਅਨ ਡਾਲਰ ਯਾਨੀ 2850 ਕਰੋੜ ਰੁਪਏ ਤੋਂ ਜ਼ਿਆਦਾ ਹੈ। ਉਹ ਹਰ ਸਾਲ ਲਗਭਗ 220 ਕਰੋੜ ਰੁਪਏ ਕਮਾ ਲੈਂਦੇ ਹਨ, ਜੋ ਉਹ ਇਸ਼ਤਿਹਾਰਾਂ ਤੇ ਕਈ ਵੱਡੇ ਬ੍ਰਾਂਡਾਂ ਰਾਹੀਂ ਪ੍ਰਾਪਤ ਕਰਦੇ ਹਨ। ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਲਈ ਉਨ੍ਹਾਂ ਨੂੰ ਹਰ ਹਫ਼ਤੇ 25 ਕਰੋੜ ਰੁਪਏ ਦਿੱਤੇ ਜਾਂਦੇ ਹਨ। ਉਹ ਆਪਣਾ ਬ੍ਰਾਂਡ ਵੀ ਚਲਾਉਂਦੇ ਹਨ, ਜਿਸ ਦਾ ਨਾਂ ਹੈ ‘ਬੀਂਗ ਹਿਊਮਨ’।

ਨਹੀਂ ਮਿਲਿਆ ਪਿਆਰ
ਸਲਮਾਨ ਖ਼ਾਨ ਨੇ ਪ੍ਰੋਫੈਸ਼ਨਲ ਪੱਧਰ ’ਤੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਚ ਇਹ ਮਾਮਲਾ ਥੋੜ੍ਹਾ ਗੜਬੜ ਵਾਲਾ ਰਿਹਾ ਹੈ। ਇਕ ਸਮਾਂ ਸੀ ਜਦੋਂ ਉਹ ਐਸ਼ਵਰਿਆ ਰਾਏ ਦੇ ਪਿਆਰ ’ਚ ਪਾਗਲ ਹੋ ਗਏ ਸਨ। ਹਾਲਾਂਕਿ ਜਦੋਂ ਦੋਵਾਂ ਦਾ ਪਿਆਰ ਅੱਗੇ ਵਧਣ ਵਾਲਾ ਸੀ ਤਾਂ ਅਚਾਨਕ ਸਲਮਾਨ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਐਸ਼ਵਰਿਆ ਨੇ ਖ਼ੁਦ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ। ਫਿਰ ਖ਼ਬਰਾਂ ਆਉਣ ਲੱਗੀਆਂ ਕਿ ਉਸ ਦਾ ਵਿਵੇਕ ਓਬਰਾਏ ਨਾਲ ਅਫੇਅਰ ਚੱਲ ਰਿਹਾ ਹੈ। ਜਦੋਂ ਸਲਮਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖ਼ੂਬ ਹੰਗਾਮਾ ਕਰ ਦਿੱਤਾ ਤੇ ਇਨ੍ਹਾਂ ਤਿੰਨਾਂ ਵਿਚਾਲੇ ਝਗੜੇ ਦੀ ਖ਼ਬਰ ਇੰਡਸਟਰੀ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਐਸ਼ਵਰਿਆ ਰਾਏ ਨੇ ਵੀ ਉਨ੍ਹਾਂ ’ਤੇ ਕਈ ਇਲਜ਼ਾਮ ਲਗਾਏ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਦੋਵਾਂ ਨੇ ਕਦੇ ਵੀ ਇਕ-ਦੂਜੇ ਦਾ ਸਾਹਮਣਾ ਨਹੀਂ ਕੀਤਾ।

ਵਿਵਾਦਾਂ ਨਾਲ ਰਿਹਾ ਡੂੰਘਾ ਰਿਸ਼ਤਾ
ਸਲਮਾਨ ਖ਼ਾਨ ਦਾ ਵਿਵਾਦਾਂ ਨਾਲ ਵੀ ਡੂੰਘਾ ਸਬੰਧ ਰਿਹਾ ਹੈ। ਜਿਥੇ ਇਕ ਪਾਸੇ ਉਸ ਨੇ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉਥੇ ਹੀ ਦੂਜੇ ਪਾਸੇ ਉਹ ਲਾਪਰਵਾਹੀ ਨਾਲ ਡਰਾਈਵਿੰਗ, ਕਾਲੇ ਹਿਰਨ ਦੇ ਸ਼ਿਕਾਰ ਤੇ ਡੇਟਿੰਗ ਦੇ ਮੁੱਦਿਆਂ ਨੂੰ ਲੈ ਕੇ ਸੁਰਖ਼ੀਆਂ ’ਚ ਰਹੇ ਹਨ। ਹਾਲਾਂਕਿ ਆਪਣੇ ਸਾਰੇ ਮਾਮਲਿਆਂ ਤੋਂ ਇਲਾਵਾ ਉਹ ‘ਬੀਂਗ ਹਿਊਮਨ ਫਾਊਂਡੇਸ਼ਨ’ ਨਾਮ ਦੀ ਇਕ ਚੈਰਿਟੀ ਵੀ ਚਲਾਉਂਦੇ ਹਨ। ਉਹ ਅਕਸਰ ਲੋਕਾਂ ਦੀ ਮਦਦ ਕਰਦੇ ਦੇਖੇ ਜਾਂਦੇ ਹਨ ਤੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮਸੀਹਾ ਮੰਨਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਸਲਮਾਨ ਖ਼ਾਨ ਦੀ ਕਿਹੜੀ ਫ਼ਿਲਮ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News