‘ਪਰਮਵੀਰ’ ਘੋੜੇ ’ਤੇ ਆਇਆ ਸਲਮਾਨ ਖ਼ਾਨ ਦਾ ਦਿਲ, ਮਾਲਕ ਨੇ ਵੇਚਣ ਤੋਂ ਕੀਤੀ ਮਨ੍ਹਾ
Wednesday, Feb 17, 2021 - 05:18 PM (IST)
ਮੁੰਬਈ: ਪ੍ਰਸ਼ੰਸਕਾਂ ਦੇ ਪਸੰਦੀਦਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਦਿਲ ਕਿਸੇ ’ਤੇ ਆ ਗਿਆ ਹੈ ਪਰ ਉਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਪਾਉਣ ’ਚ ਨਾਕਾਮਯਾਬ ਹਨ। ਦੱਸ ਦੇਈਏ ਕਿ ਇਸ ਵਾਰ ਭਾਈਜਾਨ ਦਾ ਦਿਲ ਕਿਸੇ ਖ਼ੂਬਸੂਰਤ ਕੁੜੀ ’ਤੇ ਨਹੀਂ ਸਗੋਂ ਇਕ ਤੇਜਸਵੀ ਘੋੜੇ ‘ਪਰਮਵੀਰ’ ’ਤੇ ਆ ਗਿਆ ਹੈ ਜਿਸ ਦੀ ਉਹ ਹਰ ਵੱਡੀ ਤੋਂ ਵੱਡੀ ਕੀਮਤ ਚੁਕਾਉਣ ਨੂੰ ਤਿਆਰ ਹਨ ਪਰ ਘੋੜੇ ਦਾ ਮਾਲਕ ਉਸ ਨੂੰ ਵੇਚਣ ਲਈ ਤਿਆਰ ਨਹੀਂ ਹੈ।
ਦਰਅਸਲ ਪੰਜਾਬ ਦੇ ਫਰੀਦਕੋਟ ਜ਼ਿਲੇ੍ਹ ’ਚ ਹਾਰਸ ਬਰੀਡਰਸ ਪ੍ਰਤੀਯੋਗਿਤਾ ਚੱਲ ਰਹੀ ਹੈ। ਇਸ ਪ੍ਰਤੀਯੋਗਿਤਾ ’ਚ ਭੈਂਸਡਾ ਸਟਡ ਫਾਰਮ ਅਹਿਮਦਾਬਾਦ (ਗੁਜਰਾਤ) ਤੋਂ ਰੰਜੀਤ ਸਿੰਘ ਰਾਠੌਰ ਆਪਣੇ ਦੋ ਘੋੜਿਆਂ ਨੂੰ ਲੈ ਕੇ ਆਏ ਹਨ ਜਿਨ੍ਹਾਂ ’ਚੋਂ ਇਕ ਘੋੜੇ ਦਾ ਨਾਂ ਪਰਮਵੀਰ ਹੈ ਇਹ ਘੋੜਾ ਬਹੁਤ ਬਲਵਾਨ ਹੈ। ਇਸ ਘੋੜੇ ਦੀ ਕੀਮਤ ਇਕ ਕਰੋੜ ਰੁਪਏ ਹੈ ਅਤੇ ਸਲਮਾਨ ਖ਼ਾਨ ਇਹ ਕੀਮਤ ਦੇਣ ਨੂੰ ਵੀ ਤਿਆਰ ਹਨ। ਸਲਮਾਨ ਖ਼ਾਨ ਦੀ ਟੀਮ ਨੇ ਰੰਜੀਤ ਸਿੰਘ ਨੂੰ ਆਫਰ ਵੀ ਦਿੱਤਾ ਪਰ ਉਨ੍ਹਾਂ ਨੇ ਪਰਮਵੀਰ ਨੂੰ ਵੇਚਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਫਿਰ ਵੀ ਸਲਮਾਨ ਖ਼ਾਨ ਦੀ ਟੀਮ ਇਸ ਨੂੰ ਖਰੀਦਣ ਦੀ ਕੋਸ਼ਿਸ਼ ’ਚ ਹੈ।
ਦੱਸ ਦੇਈਏ ਕਿ ਪਰਮਵੀਰ ਮਾਰਵਾੜੀ ਨਸਲ ਦਾ ਘੋੜਾ ਹੈ ਅਤੇ ਇਹ ਕਾਲੇ ਰੰਗ ਦਾ ਹੈ। ਇਸ ਦੀ ਉੱਚਾਈ 65 ਇੰਚ ਤੋਂ ਜ਼ਿਆਦਾ ਹੈ। ਪਿਛਲੇ ਸਾਲ ਰਿਲਾਇੰਸ ਗਰੁੱਪ ਨੇ ਪਰਮਵੀਰ ਦੀ ਕੀਮਤ ਇਕ ਕਰੋੜ ਰੁਪਏ ਲਗਾਈ ਸੀ। ਪਰਮਵੀਰ ਦੀ ਖੁਰਾਕ ’ਤੇ ਰੋਜ਼ਾਨਾ ਔਸਤਨ 1800 ਤੋਂ 2000 ਰੁਪਏ ਦਾ ਖ਼ਰਚਾ ਆਉਂਦਾ ਹੈ।