‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਤੋਂ ਗੁਰਨਾਮ ਭੁੱਲਰ ਦੀ ਮਨਮੋਹਕ ਆਵਾਜ਼ ’ਚ ‘ਸਹੇਲੀ’ ਗੀਤ ਰਿਲੀਜ਼

Tuesday, Jul 05, 2022 - 04:54 PM (IST)

‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਤੋਂ ਗੁਰਨਾਮ ਭੁੱਲਰ ਦੀ ਮਨਮੋਹਕ ਆਵਾਜ਼ ’ਚ ‘ਸਹੇਲੀ’ ਗੀਤ ਰਿਲੀਜ਼

ਚੰਡੀਗੜ੍ਹ (ਬਿਊਰੋ)– ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਰਿਲੀਜ਼ ਹੋਣ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਫ਼ਿਲਮ ਦੇ ਟਰੇਲਰ ਤੇ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕ ਬੇਮਿਸਾਲ ਪਿਆਰ ਦੇ ਰਹੇ ਹਨ ਤੇ ਫ਼ਿਲਮ ਦੇ ਨਿਰਮਾਤਾ ਵੀ ਦਰਸ਼ਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ 3 ਦਿਨਾਂ ਬਾਅਦ ਰਿਲੀਜ਼ ਹੋਣ ਵਾਲੀ ਹੈ ਤੇ ਉਸ ਤੋਂ ਪਹਿਲਾਂ ਹੁਣ ਇਕ ਹੋਰ ਗੀਤ ‘ਸਹੇਲੀ’ ਰਿਲੀਜ਼ ਕੀਤਾ ਗਿਆ ਹੈ, ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜਿਥੇ ਜੋੜੀ ਬਾਕਮਾਲ ਹੈ, ਉਥੇ ਹੀ ਕੈਮਿਸਟਰੀ ਵੀ ਗੀਤ ’ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਵਲੋਂ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਚੇਤ ਸਿੰਘ ਵਲੋਂ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

ਫ਼ਿਲਮ ਦਰਸ਼ਕਾਂ ਨੂੰ ਪਿਆਰ, ਰੋਮਾਂਚ ਤੇ ਬਹੁਤ ਸਾਰੀਆਂ ਮਜ਼ੇਦਾਰ ਉਲਝਣਾਂ ਦੀਆਂ ਮਿਸ਼ਰਿਤ ਭਾਵਨਾਵਾਂ ’ਚ ਵਹਾਏਗੀ। ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਜਾਂ ਵਿਆਹ ਬਾਰੇ ਗੱਲ ਕਰਨਾ ਆਸਾਨ ਨਹੀਂ ਸੀ ਪਰ ਜਦੋਂ ਗੁਰਨਾਮ ਦੀ ਥਾਂ ਜੱਸ ਬਾਜਵਾ ਦਾ ਰਿਸ਼ਤਾ ਆ ਜਾਵੇਗਾ ਤੇ ਗੱਲ ਹਿੰਡ ਭੰਨਣ ਦੀ ਆ ਜਾਵੇਗੀ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਣ ਕਿਸ ਦੇ ਪਿੰਡ ਨੂੰ ਆਪਣੇ ਸਹੁਰਿਆਂ ਦਾ ਪਿੰਡ ਬਣਾਉਂਦਾ ਹੈ ਜਾਂ ਹਿੰਡ ਛੱਡ ਕੇ ਪਿਆਰ ਮੁਕੰਮਲ ਹੁੰਦਾ ਹੈ। ਇਹ ਗੀਤ ਯਕੀਨੀ ਤੌਰ ’ਤੇ ਹੁਣ ਤੱਕ ਦੇ ਸਭ ਤੋਂ ਵਧੀਆ ਰੋਮਾਂਟਿਕ ਗੀਤਾਂ ’ਚੋਂ ਇਕ ਹੋਵੇਗਾ।

ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੋਵੇਂ ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ ਹਨ, ਜੋ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹੁਣ ਪ੍ਰਸ਼ੰਸਕ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ ਤੇ ਹਰਦੀਪ ਗਿੱਲ ਵੀ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣਗੇ।

ਇਹ ਫ਼ਿਲਮ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ ਤੇ ਸ਼ਿਤਿਜ ਚੌਧਰੀ ਵਲੋਂ ਨਿਰਦੇਸ਼ਿਤ ਹੈ, ਜੋ ਕਿ ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਵਲੋਂ ਪੇਸ਼ ਕੀਤੀ ਗਈ ਹੈ। ਫ਼ਿਲਮ 8 ਜੁਲਾਈ, 2022 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News