ਸੁਸ਼ਾਂਤ ਦੀ ਪਹਿਲੀ ਬਰਸੀ ਮੌਕੇ ਕਾਂਗਰਸੀ ਨੇਤਾ ਨੇ CBI ਕੋਲੋਂ ਮੰਗਿਆ 310 ਦਿਨਾਂ ਦੀ ਜਾਂਚ ਦਾ ਹਿਸਾਬ

Monday, Jun 14, 2021 - 06:25 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਇਕ ਸਾਲ ਪੂਰਾ ਹੋ ਗਿਆ ਹੈ। 14 ਜੂਨ, 2020 ਨੂੰ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰ ’ਚੋਂ ਮਿਲੀ ਸੀ। ਇਸ ਕੇਸ ਦੀ ਸ਼ੁਰੂਆਤੀ ਜਾਂਚ ਮੁੰਬਈ ਪੁਲਸ ਨੇ ਕੀਤੀ ਪਰ ਸੁਸ਼ਾਂਤ ਦੇ ਪਿਤਾ ਦੀ ਬੇਨਤੀ ’ਤੇ ਇਸ ਕੇਸ ਦੀ ਸੀ. ਬੀ. ਆਈ. ਜਾਂਚ ਸ਼ੁਰੂ ਹੋਈ। ਹਾਲਾਂਕਿ ਅਜੇ ਤਕ ਸੀ. ਬੀ. ਆਈ. ਕਿਸੇ ਨਤੀਜੇ ’ਤੇ ਨਹੀਂ ਪਹੁੰਚੀ ਹੈ। ਅਦਾਕਾਰ ਦੇ ਦਿਹਾਂਤ ਦੇ ਇਕ ਸਾਲ ਬਾਅਦ ਵੀ ਸੀ. ਬੀ. ਆਈ. ਦੇ ਖਾਲੀ ਹੱਥ ਹੋਣ ’ਤੇ ਕਾਂਗਰਸੀ ਨੇਤਾ ਨੇ ਜਾਂਚ ਏਜੰਸੀ ’ਤੇ ਸਵਾਲ ਚੁੱਕੇ ਹਨ।

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ’ਤੇ ਕਾਂਗਰਸੀ ਨੇਤਾ ਸਚਿਨ ਸਾਵੰਤ ਨੇ ਟਵੀਟ ਕਰਦਿਆਂ ਲਿਖਿਆ, ‘ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਦੁਖਦਾਈ ਮੌਤ ਨੂੰ ਇਕ ਸਾਲ ਹੋ ਗਿਆ ਹੈ। ਸੀ. ਬੀ. ਆਈ. ਨੂੰ ਇਸ ਮਾਮਲੇ ’ਚ ਜਾਂਚ ਕਰਦਿਆਂ 310 ਦਿਨ ਤੇ ਏਮਜ਼ ਦੇ ਪੈਨਲ ਵਲੋਂ ਹੱਤਿਆ ਦੇ ਸ਼ੱਕ ਤੋਂ ਇਨਕਾਰ ਕੀਤੇ 250 ਦਿਨ ਹੋ ਗਏ ਹਨ। ਸੀ. ਬੀ. ਆਈ. ਆਖਿਰ ਕਦੋਂ ਫ਼ੈਸਲਾ ਦੇਵੇਗੀ? ਸੀ. ਬੀ. ਆਈ. ਨੇ ਇਸ ’ਤੇ ਮੂੰਹ ਬੰਦ ਕਿਉਂ ਕੀਤਾ ਹੋਇਆ ਹੈ? ਸੀ. ਬੀ. ਆਈ. ਰਾਜਨੀਤਕ ਆਗੂਆਂ ਦੇ ਦਬਾਅ ’ਚ ਹੈ।’

ਦੱਸਣਯੋਗ ਹੈ ਕਿ ਸੀ. ਬੀ. ਆਈ. ਪਿਛਲੇ ਸਾਲ 19 ਅਗਸਤ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਕਰ ਰਹੀ ਹੈ। ਸਚਿਨ ਸਾਵੰਤ ਨੇ ਇਸ ਤੋਂ ਇਲਾਵਾ ਹੋਰ ਟਵੀਟ ਵੀ ਕੀਤੇ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਐੱਨ. ਆਈ. ਏ., ਈ. ਡੀ. ਤੇ ਸੀ. ਬੀ. ਆਈ. ਦੀ ਵਰਤੋਂ ਕਰਕੇ ਮਹਾਵਿਕਾਸ ਅਘਾੜੀ ਨੂੰ ਨਿਸ਼ਾਨਾ ਬਣਾਉਣ ਤੇ ਉਸ ਨੂੰ ਬਦਨਾਮ ਕਰਨ ਲਈ ਰਾਜਨੀਤਕ ਹਥਿਆਰ ਦੀ ਤਰ੍ਹਾਂ ਕੰਮ ਕਰ ਰਹੀ ਹੈ। ਇਹ ਏਜੰਸੀਆਂ ਹੁਣ ਆਜ਼ਾਦ ਨਹੀਂ ਹਨ।

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰਕ ਵਕੀਲ ਵਿਕਾਸ ਸਿੰਘ ਨੇ ਵੀ ਸੀ. ਬੀ. ਆਈ. ਜਾਂਚ ’ਤੇ ਸਵਾਲ ਚੁੱਕੇ ਹਨ। ਵਿਕਾਸ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੀ. ਬੀ. ਆਈ. ਕੁਝ ਨਹੀਂ ਕਰ ਸਕੀ। ਸੀ. ਬੀ. ਆਈ. ਨੂੰ ਐੱਫ. ਆਈ. ਆਰ. ’ਚ ਨਾਮਜ਼ਦ ਲੋਕਾਂ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ’ਤੇ ਮੌਜੂਦ ਲੋਕਾਂ ਖ਼ਾਸ ਤੌਰ ’ਤੇ ਸਿਧਾਰਥ ਪਿਠਾਨੀ ਤੋਂ ਹਿਰਾਸਤ ’ਚ ਪੁੱਛਗਿੱਛ ਕਰਨੀ ਚਾਹੀਦੀ ਸੀ ਕਿਉਂਕਿ ਉਸ ਨੇ ਆਪਣਾ ਸਟੈਂਡ ਬਦਲ ਦਿੱਤਾ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News