ਸੁਸ਼ਾਂਤ ਖੁਦਕੁਸ਼ੀ ਮਾਮਲਾ : ਅੱਜ ਸੁਪਰੀਮ ਕੋਰਟ ''ਚ ਸੁਣਵਾਈ, ਰਿਆ ਨੇ ਮੀਡੀਆ ਟ੍ਰਾਈਲ ਖਿਲਾਫ਼ ਦਾਇਰ ਕੀਤੀ ਪਟੀਸ਼ਨ
Tuesday, Aug 11, 2020 - 11:24 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ ਕਰਕੇ ਮੀਡੀਆ ਟ੍ਰਾਈਲ 'ਤੇ ਰੋਕ ਦੀ ਮੰਗ ਕੀਤੀ ਹੈ। ਕੋਰਟ 'ਚ ਅੱਜ ਸੁਣਵਾਈ 11:30 ਵਜੇ ਸ਼ੁਰੂ ਹੋ ਸਕਦੀ ਹੈ। ਅੱਜ ਸੁਪਰੀਮ ਕੋਰਟ ਇਹ ਫ਼ੈਸਲਾ ਕਰੇਗੀ ਕਿ ਮਾਮਲੇ ਦੀ ਜਾਂਚ ਆਖਰ ਕੌਣ ਕਰੇਗਾ। ਬਿਹਾਰ ਸਰਕਾਰ ਦੀ ਸਿਫਾਰਸ਼ ਤੋਂ ਬਾਅਦ ਸੀ. ਬੀ. ਆਈ. ਨੇ ਇਸ ਕੇਸ 'ਚ ਕੇਸ ਦਰਜ ਕਰ ਲਿਆ ਹੈ।
ਮਹਾਰਾਸ਼ਟਰ ਸਰਕਾਰ ਤੇ ਰਿਆ ਚੱਕਰਵਰਤੀ ਨੇ ਇਸ ਦਾ ਵਿਰੋਧ ਕੀਤਾ ਹੈ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਮੁੰਬਈ ਪੁਲਸ ਨੂੰ ਸੁਸ਼ਾਂਤ ਦੀ ਮੌਤ 'ਤੇ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਮੰਗੀ ਸੀ। ਇਸ ਰਿਪੋਰਟ ਨੂੰ ਵੇਖਣ ਅਤੇ ਸਾਰੀਆਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਅਦਾਲਤ ਫ਼ੈਸਲਾ ਕਰ ਸਕਦੀ ਹੈ ਕਿ ਇਸ ਮਾਮਲੇ ਦੀ ਜਾਂਚ ਆਖਰ ਕੌਣ ਕਰੇਗਾ।
ਦੱਸ ਦਈਏ ਕਿ ਅੱਜ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਰਿਆ ਚੱਕਰਵਰਤੀ ਨੇ ਹਲਫ਼ਨਾਮਾ ਦਾਖਲ ਕੀਤਾ ਹੈ। ਰਿਆ ਨੇ ਕਿਹਾ ਹੈ ਕਿ ਪਟਨਾ 'ਚ ਐੱਫ. ਆਈ. ਆਰ ਦਾ ਕੋਈ ਅਧਾਰ ਨਹੀਂ ਸੀ। ਉਸ ਦੇ ਮੁੰਬਈ ਟ੍ਰਾਂਸਫਰ ਤੋਂ ਬਚਣ ਲਈ ਜਾਂਚ ਸੀ. ਬੀ. ਆਈ. ਨੂੰ ਦਿੱਤੀ ਗਈ ਸੀ। ਅਜਿਹਾ ਮਹਾਰਾਸ਼ਟਰ ਸਰਕਾਰ ਦੀ ਇਜਾਜ਼ਤ ਤੋਂ ਬਗੈਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਰਿਆ ਨੇ ਇਹ ਵੀ ਕਿਹਾ ਹੈ ਕਿ ਜੇ ਸੁਪਰੀਮ ਕੋਰਟ ਜਾਂਚ ਸੀ. ਬੀ. ਆਈ. ਨੂੰ ਸੌਂਪਦੀ ਹੈ ਤਾਂ ਇਸ 'ਚ ਉਸ ਨੂੰ ਕੋਈ ਇਤਰਾਜ਼ ਨਹੀਂ।