‘83’ ਤੋਂ ਬਾਅਦ ‘ਜਯੇਸ਼ਭਾਈ ਜ਼ੋਰਦਾਰ’ ਦੀ ਪਾਰੀ ਖੇਡਣ ਲਈ ਤਿਆਰ ਨੇ ਰਣਵੀਰ ਸਿੰਘ

Friday, Feb 11, 2022 - 10:28 AM (IST)

‘83’ ਤੋਂ ਬਾਅਦ ‘ਜਯੇਸ਼ਭਾਈ ਜ਼ੋਰਦਾਰ’ ਦੀ ਪਾਰੀ ਖੇਡਣ ਲਈ ਤਿਆਰ ਨੇ ਰਣਵੀਰ ਸਿੰਘ

ਅਦਾਕਾਰ ਰਣਵੀਰ ਸਿੰਘ ਦੀ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘83’ ਖੂਬ ਚੌਕੇ-ਛੱਕੇ ਲਗਾ ਰਹੀ ਹੈ ਤੇ ਲਾਏ ਵੀ ਕਿਉਂ ਨਾ, ਸੰਨ 1983 ’ਚ ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਕਪਿਲ ਦੇਵ ਦੀ ਅਗਵਾਈ ’ਚ ਵਰਲਡ ਕੱਪ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਇਸੇ ਟੀਮ ਦੇ ਕਿਰਦਾਰਾਂ ਨੂੰ ਬਾਖੂਬੀ ਇਸ ਫ਼ਿਲਮ ’ਚ ਰਣਵੀਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਸੁਰਜੀਤ ਕੀਤਾ ਹੈ। ਫ਼ਿਲਮ ਦਾ ਮੁੱਖ ਕਿਰਦਾਰ ਰਣਵੀਰ ਸਿੰਘ ਹੈ ਪਰ ਦਿਲਚਸਪ ਤੇ ਮਜ਼ੇਦਾਰ ਗੱਲ ਹੈ ਕਿ ਪੂਰੀ ਫ਼ਿਲਮ ’ਚ ਰਣਵੀਰ ਨਜ਼ਰ ਹੀ ਨਹੀਂ ਆਉਂਦੇ। ਜੀ ਹਾਂ, ਰਣਵੀਰ ਨੇ ਕਪਿਲ ਦੇਵ ਦੇ ਕਿਰਦਾਰ ਨੂੰ ਇੰਨੀ ਰੂਹ ਨਾਲ ਨਿਭਾਇਆ ਹੈ ਕਿ ਤੁਹਾਨੂੰ ਲੱਗੇਗਾ ਕਿ ਤੁਸੀਂ 1983 ਦੇ ਕ੍ਰਿਕਟ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਹੋ। ਆਪਣੀ ਇਸ ਫ਼ਿਲਮ ਤੇ ਅਗਲੇ ਪ੍ਰਾਜੈਕਟਾਂ ਬਾਰੇ ਰਣਵੀਰ ਸਿੰਘ ਨੇ ‘ਪੰਜਾਬ ਕੇਸਰੀ’, ‘ਨਵੋਦਿਆ ਟਾਈਮਜ਼’, ‘ਜਗ ਬਾਣੀ’ ਤੇ ‘ਹਿੰਦ ਸਮਾਚਾਰ’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗਲੱਬਾਤ ਦੇ ਮੁੱਖ ਅੰਸ਼–

ਸਵਾਲ : ਫ਼ਿਲਮ ‘83’ ’ਚ ਅਸੀਂ ਸਿਰਫ ਕਪਿਲ ਦੇਵ ਨੂੰ ਵੇਖਿਆ ਸੀ। ਰਣਵੀਰ ਪੂਰੀ ਫ਼ਿਲਮ ’ਚ ਕਿਤੇ ਨਜ਼ਰ ਨਹੀਂ ਆਏ। ਤੁਸੀਂ ਇੰਨੀ ਪਰਫੈਕਸ਼ਨ ਕਿਵੇਂ ਹਾਸਲ ਕੀਤੀ?

ਜਵਾਬ : ਮੈਨੂੰ ਕਬੀਰ ਸਰ (ਡਾਇਰੈਕਟਰ) ਤੇ ਉਨ੍ਹਾਂ ਦੀ ਰਿਸਰਚ ਤੋਂ ਬਹੁਤ ਮਦਦ ਮਿਲੀ। ਕਪਿਲ ਸਰ ਦੀ ਬੇਟੀ ਆਮਿਆ ਦੇਵ ਕਬੀਰ ਦੀ ਅਸਿਸਟੈਂਟ ਡਾਇਰੈਕਟਰ ਸੀ। ਉਹ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤਕ ਮੇਰੇ ਨਾਲ ਹੀ ਰਹਿੰਦੀ ਸੀ। ਮੇਰਾ ਕਪਿਲ ਸਰ ਦੇ ਕਿਰਦਾਰ ’ਚ ਰਚ-ਵਸ ਜਾਣ ਦਾ ਸਿਹਰਾ ਉਸ ਨੂੰ ਹੀ ਜਾਂਦਾ ਹੈ। ਇਸ ਕਿਰਦਾਰ ਦੇ 2 ਪਹਿਲੂ ਸਨ। ਇਕ ਤਾਂ ਕਪਿਲ ਸਰ ਵਾਂਗ ਕ੍ਰਿਕਟ ਖੇਡਣੀ, ਦੂਜਾ ਮੇਰਾ ਨਿੱਜੀ ਤੌਰ ’ਤੇ ਤੇ ਸਰੀਰ ਤੇ ਆਤਮਾ ਤੋਂ ਕਪਿਲ ਵਰਗਾ ਲੱਗਣਾ। ਕ੍ਰਿਕਟ ਵਾਲਾ ਹਿੱਸਾ ਤਾਂ ਬਹੁਤ ਮਜ਼ੇਦਾਰ ਤੇ ਰੋਮਾਂਚਕ ਸੀ ਕਿਉਂਕਿ ਮੈਨੂੰ ਕ੍ਰਿਕਟ ਖੇਡਣੀ ਪਸੰਦ ਹੈ ਪਰ ਦੂਜਾ ਹਿੱਸਾ ਜਿਸ ’ਚ ਮੈਂ ਕਪਿਲ ਸਰ ਵਰਗਾ ਨਜ਼ਰ ਆਉਣਾ ਸੀ, ਉਹ ਬਹੁਤ ਚੁਣੌਤੀ ਭਰਿਆ ਰਿਹਾ।

ਸਵਾਲ : ਜਦੋਂ ਤੁੁਹਾਨੂੰ ਫ਼ਿਲਮ ‘83’ ਆਫਰ ਕੀਤੀ ਗਈ ਤਾਂ ਕੀ ਤੁਸੀਂ ਸੋਚਿਆ ਸੀ ਕਿ ਤੁਸੀਂ ਕਪਿਲ ਦੇਵ ਦੇ ਕਿਰਦਾਰ ’ਚ ਇੰਨੇ ਰਚ-ਵਸ ਜਾਓਗੇ?

ਜਵਾਬ : ਕਪਿਲ ਸਰ ਦੀ ਫਿਜ਼ਿਕ ਕਾਫੀ ਅਲੱਗ ਹੈ। ਉਨ੍ਹਾਂ ਦਾ ਲੰਬਾ ਗੁੱਟ, ਲੰਬੇ ਮੋਢੇ ਤੇ ਉਂਗਲਾਂ ਦੀ ਲੰਬਾਈ ਮੇਰੇ ਸਰੀਰ ਤੋਂ ਬਹੁਤ ਵੱਖਰੀ ਹੈ। ਮੈਨੂੰ ਸਰੀਰਕ ਤਬਦੀਲੀ ਲਈ ਕਪਿਲ ਸਰ ਦੇ ਘਰ ਭੇਜਿਆ ਗਿਆ ਸੀ। ਫਿਰ ਮੈਂ ਇਸ ਨੂੰ ਡਾਂਸ ਕੋਰੀਓਗ੍ਰਾਫੀ ਵਾਂਗ ਸਿੱਖਣਾ ਸ਼ੁਰੂ ਕੀਤਾ। 4 ਮਹੀਨਿਆਂ ਦੀ ਤਿਆਰੀ ਤੇ 3 ਮਹੀਨਿਆਂ ਦੀ ਸ਼ੂਟਿੰਗ ਲਈ ਮੈਂ ਸਵੇਰੇ 4 ਘੰਟੇ ਕ੍ਰਿਕਟ ਖੇਡਦਾ, ਸ਼ਾਮ ਨੂੰ ਫਿਜ਼ੀਕਲ ਕੰਡੀਸ਼ਨਿੰਗ ਕਰਦਾ ਤੇ ਬਾਕੀ ਸਮਾਂ ਕਪਿਲ ਸਰ ਦੇ ਕਿਰਦਾਰ ਨਾਲ ਰੂ-ਬ-ਰੂ ਹੁੰਦਾ ਸੀ। ਸ਼ੁਰੂ ’ਚ ਤਾਂ ਮੈਂ ਡਰ ਹੀ ਗਿਆ ਸੀ ਕਿਉਂਕਿ ਜਦੋਂ ਮੈਂ ਮਦਦ ਲਈ ਵੀਡੀਓ ਫੁਟੇਜ ਮੰਗੇ ਤਾਂ ਉਨ੍ਹਾਂ ਮੇਰੇ ਆਈਪੈਡ ’ਤੇ ਇਕ ਫੋਲਡਰ ’ਚ ਪਾ ਦਿੱਤੇ ਪਰ ਇੰਨੇ ਘੱਟ ਵੀਡੀਓ ਫੁਟੇਜ ਨਾਲ ਮੈਂ ਇਹ ਕਿਵੇਂ ਕਰਦਾ? ਫਿਰ ਕਬੀਰ ਖ਼ਾਨ ਨੇ ਆਈਡੀਆ ਦਿੱਤਾ ਕਿ ਅਸੀਂ ਖ਼ੁਦ ਕਪਿਲ ਸਰ ਨਾਲ ਸਮਾਂ ਬਤੀਤ ਕਰੀਏ। ਬਸ ਫਿਰ ਕੀ ਸੀ, ਅਸੀਂ ਉਨ੍ਹਾਂ ਨੂੰ ਪੁੱਛਿਆ ਤੇ ਕਪਿਲ ਜੀ ਤੇ ਰੋਮੀ ਜੀ ਨੇ ਮੈਨੂੰ ਆਪਣੇ ਘਰ ਰੱਖਿਆ। ਮੈਂ ਉਨ੍ਹਾਂ ਦੇ ਗੈਸਟ ਰੂਮ ’ਚ ਰਹਿ ਰਿਹਾ ਸੀ ਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਛੱਡਦਾ ਸੀ। ਮੈਂ ਸਿਰਫ ਉਨ੍ਹਾਂ ਦੀ ਵੀਡੀਓਗ੍ਰਾਫੀ ਕਰਦਾ, ਉਸ ਨੂੰ ਰਿਕਾਰਡ ਕਰਦਾ ਤੇ ਵੇਖਦਾ। ਉਨ੍ਹਾਂ ਮੇਰੇ ਲਈ ਇਕ ਪਾਰਟੀ ਰੱਖੀ ਜਿਥੇ ਮੈਂ ਉਨ੍ਹਾਂ ਨੂੰ ਡਾਂਸ ਕਰਨ ਲਈ ਕਿਹਾ। ਮੈਂ ਉਨ੍ਹਾਂ ਦੇ ਡਾਂਸਿੰਗ ਹੁਨਰ ਤੇ ਹਰ ਛੋਟੀ-ਵੱਡੀ ਚੀਜ਼ ਨੂੰ ਵੇਖਿਆ। ਹੁਣ ਜਦੋਂ ਮੈਂ ਫ਼ਿਲਮ ਵੇਖਦਾ ਹਾਂ ਤਾਂ ਮੈਨੂੰ ਬਹੁਤ ਮਾਣ ਹੁੰਦਾ ਹੈ।

ਸਵਾਲ : ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਸੀ ਕਿ ਇਹ ਫ਼ਿਲਮ ਕਰਨੀ ਚਾਹੀਦੀ ਹੈ ਜਾਂ ਨਹੀਂ?

ਜਵਾਬ : ਮੈਂ ਉਨ੍ਹਾਂ ਕਹਾਣੀਆਂ ’ਤੇ ਫੋਕਸ ਕਰਨਾ ਚਾਹੁੰਦਾ ਹਾਂ ਜੋ ਦਰਸ਼ਕਾਂ ਵਲੋਂ ਆਸਾਨੀ ਨਾਲ ਸਵੀਕਾਰ ਕੀਤੀਆਂ ਜਾ ਸਕਣ ਤੇ ਪਰਿਵਾਰ ਆਧਾਰਿਤ ਹੋਣ। ਮੇਰੇ ਵਿਆਹ ਨੂੰ 3 ਸਾਲ ਹੋ ਗਏ ਹਨ ਤੇ ਮੈਂ ਆਪਣੀ ਪਤਨੀ ਨਾਲ ਪਿਛਲੇ 10 ਸਾਲਾਂ ਤੋਂ ਹਾਂ। ਸਮੇਂ ਦੇ ਨਾਲ ਮੈਂ ਮਹਿਸੂਸ ਕੀਤਾ ਹੈ ਕਿ ਮੇਰਾ ਘੇਰਾ ਛੋਟਾ ਹੋ ਗਿਆ ਹੈ ਤੇ ਮੈਂ ਇਕ ਪਰਿਵਾਰਕ ਵਿਅਕਤੀ ਬਣ ਗਿਆ ਹਾਂ। ਮੈਂ ਨਿੱਜੀ ਤੌਰ ’ਤੇ ਉਨ੍ਹਾਂ ਫ਼ਿਲਮਾਂ ਨੂੰ ਪਸੰਦ ਕਰਦਾ ਹਾਂ, ਜਿਨ੍ਹਾਂ ਨੂੰ ਮੈਂ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ, ਆਪਣੇ ਮਾਤਾ-ਪਿਤਾ ਨਾਲ, ਬੱਚਿਆਂ ਨਾਲ ਵੇਖ ਸਕਾਂ। ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਸਿਨੇਮਾ ਲੋਕਾਂ ਨੂੰ ਤੇ ਪਰਿਵਾਰਾਂ ਨੂੰ ਇਕੱਠਾ ਕਰਦਾ ਹੈ। ਮੈਂ ਅਜਿਹਾ ਹੀ ਇਕ ਕਿੱਸਾ ਸ਼ੇਅਰ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਦੋਸਤਾਂ ਨਾਲ ‘ਥ੍ਰੀ ਇਡੀਅਟਸ’ ਫ਼ਿਲਮ ਵੇਖੀ ਸੀ, ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ।

ਸਵਾਲ : ਇਕ ਅਦਾਕਾਰ ਦੀ ਨਜ਼ਰ ਤੋਂ ਕੋਰੋਨਾ ਕਾਲ ਤੁਹਾਡੇ ਲਈ ਕਿੰਨਾ ਮੁਸ਼ਕਿਲ ਰਿਹਾ?

ਜਵਾਬ : ਘਰ ’ਚ ਰਹਿ ਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ। ਮੈਂ ਬਸ ਕੰਮ ਮੁੜ ਸ਼ੁਰੂ ਹੋਣ ਤੇ ਸਿਨੇਮਾਘਰਾਂ ਦੇ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ ਪਰ ਇਹ ਵੇਖਦੇ ਹੋਏ ਕਿ ਪੂਰੀ ਦੁਨੀਆ ਇਕ ਵੱਡੇ ਸੰਕਟ ਦੀ ਲਪੇਟ ’ਚ ਹੈ, ਸਾਡੀਆਂ ਸਮੱਸਿਆਵਾਂ ਬਹੁਤ ਛੋਟੀਆਂ ਲੱਗਦੀਆਂ ਹਨ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ’ਚ ਟੀਕਾਕਰਨ ਨੂੰ ਇੰਨੀ ਸਫਲਤਾ ਮਿਲੀ ਹੈ ਤੇ ਜ਼ਿੰਦਗੀ ਹੌਲੀ-ਹੌਲੀ ਪਟੜੀ ’ਤੇ ਆ ਰਹੀ ਹੈ।

ਸਵਾਲ : ਕੋਵਿਡ ਕਾਰਨ ਦਰਸ਼ਕ ਸਿਨੇਮਾਘਰ ਨਹੀਂ ਜਾ ਰਹੇ। ਇਸ ਬਾਰੇ ਕੀ ਸੋਚਦੇ ਹੋ?

ਜਵਾਬ : ਮੈਂ ਦੱਸਣਾ ਚਾਹਾਂਗਾ ਕਿ ਸਿਨੇਮਾਘਰ ਹਰ ਸੰਭਵ ਸਾਵਧਾਨੀ ਰੱਖ ਰਹੇ ਹਨ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ। ਆਸ ਹੈ ਕਿ ਹਰ ਕੋਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰੇਗਾ ਤੇ ਸਭ ਕੁਝ ਪਹਿਲਾਂ ਵਾਂਗ ਆਮ ਵਰਗਾ ਹੋ ਜਾਵੇਗਾ।

ਸਵਾਲ : ਆਪਣੇ ਅਗਲੇ ਪ੍ਰਾਜੈਕਟਾਂ ਬਾਰੇ ਦੱਸੋ।

ਜਵਾਬ : ਮੇਰੀ ਅਗਲੀ ਫ਼ਿਲਮ ‘ਜਯੇਸ਼ਭਾਈ ਜ਼ੋਰਦਾਰ’ ਹੈ। ਜਯੇਸ਼ਭਾਈ ਦਾ ਕਿਰਦਾਰ ਨਿਭਾਉਣਾ ਬਹੁਤ ਚੁਣੌਤੀ ਭਰਿਆ ਰਿਹਾ। ਅਜਿਹਾ ਕਿਰਦਾਰ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ। ਇਸ ਬਾਰੇ ਗੱਲ ਕਰਦੇ ਹੋਏ ਰਣਵੀਰ ਦੱਸਦੇ ਹਨ ਕਿ ਜਯੇਸ਼ਭਾਈ ਇਕ ਅਜਿਹਾ ਹੀਰੋ ਹੈ, ਜੋ ਆਮ ਵਿਅਕਤੀ ਹੈ ਪਰ ਖ਼ਤਰਨਾਕ ਸਥਿਤੀ ’ਚ ਫਸਣ ’ਤੇ ਕੁਝ ਅਸਾਧਾਰਨ ਕਰ ਦਿੰਦਾ ਹੈ। ਉਹ ਕਾਫੀ ਸੰਵੇਦਨਸ਼ੀਲ ਤੇ ਦਿਆਲੂ ਹੈ। ਉਹ ਸਮਾਜ ’ਚ ਆਦਮੀਆਂ ਤੇ ਔਰਤਾਂ ਦਰਮਿਆਨ ਸਮਾਨ ਅਧਿਕਾਰਾਂ ’ਚ ਯਕੀਨ ਰੱਖਦਾ ਹੈ। ਦਿਵਿਆਂਗ ਠੱਕਰ ਇਸ ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਹਨ, ਜਿਨ੍ਹਾਂ ਨੇ ਫ਼ਿਲਮ ਦੀ ਕਹਾਣੀ ’ਚ ਜਾਨ ਪਾਈ ਹੈ। ਇਹ ਫ਼ਿਲਮ ਤੁਹਾਨੂੰ ਪੂਰਾ ਸਮਾਂ ਮੁਸਕਰਾਉਣ ਲਈ ਮਜਬੂਰ ਕਰ ਦੇਵੇਗੀ।

ਨੋਟ– ਰਣਵੀਰ ਸਿੰਘ ਦੇ ਇਸ ਇੰਟਰਵਿਊ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦਿਓ।


author

Rahul Singh

Content Editor

Related News