ਦੁਬਈ ਐਕਸਪੋ ’ਚ ਰਣਵੀਰ ਸਿੰਘ ਨੇ ਕੀਤਾ ਭਾਰਤੀ ਪੈਵੇਲੀਅਨ ਦਾ ਦੌਰਾ, ਅਨੁਰਾਗ ਠਾਕੁਰ ਨੇ ਆਖੀ ਇਹ ਗੱਲ
Wednesday, Mar 30, 2022 - 10:56 AM (IST)
ਮੁੰਬਈ (ਬਿਊਰੋ)– ਦੁਬਈ ਐਕਸਪੋ ’ਚ 192 ਦੇਸ਼ਾਂ ਨੇ ਹਿੱਸਾ ਲਿਆ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਉਥੇ ਭਾਰਤੀ ਸਿਨੇਮਾ ਜਗਤ ਦੀ ਮੇਜ਼ਬਾਨੀ ਕਰਨ ਗਏ ਸਨ। ਉਥੇ ਹੀ ਦੁਬਈ ਦੀ ਆਪਣੀ ਯਾਤਰਾ ਦੇ ਤੀਜੇ ਦਿਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਦੁਬਈ ਐਕਸਪੋ 2020 ਸਥਿਤ ਇੰਡੀਆ ਪੈਵੇਲੀਅਨ ’ਚ ਭਾਰਤੀ ਮੀਡੀਆ ਤੇ ਮਨੋਰੰਜਨ ਉਦਯੋਗ ਦੀ ਕੌਮਾਂਤਰੀ ਪਹੁੰਚ ’ਤੇ ਅਦਾਕਾਰ ਰਣਵੀਰ ਸਿੰਘ ਨਾਲ ਗੱਲਬਾਤ ਕੀਤੀ।
ਭੰਸਾਲੀ ਨਾਲ ਕੰਮ ਕਰਨਾ ਚੁਣੌਤੀ ਭਰਪੂਰ : ਰਣਵੀਰ
ਇੰਡੀਆ ਪੈਵੇਲੀਅਨ ਜਾਣ ਬਾਰੇ ਰਣਵੀਰ ਨੇ ਕਿਹਾ ਕਿ ਮੈਂ ਹੁਣ ਤਕ ਜੋ ਕੁਝ ਵੀ ਇਥੇ ਵੇਖਿਆ ਹੈ, ਉਸ ਦੇ ਪਿੱਛੇ ਯਤਨ ਅਦਭੁਤ ਹੈ। ਉਨ੍ਹਾਂ ਦਾ ਸਭ ਤੋਂ ਚੁਣੌਤੀ ਭਰਪੂਰ ਕਿਰਦਾਰ ਪੁੱਛਣ ’ਤੇ ਰਣਵੀਰ ਨੇ ਕਿਹਾ ਕਿ ਹਰ ਨਵੀਂ ਭੂਮਿਕਾ ’ਚ ਚੁਣੌਤੀਆਂ ਦਾ ਇਕ ਅਲੱਗ ਸੈੱਟ ਆਉਂਦਾ ਹੈ ਪਰ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨਾ ਚੁਣੌਤੀ ਭਰਪੂਰ ਰਿਹਾ ਹੈ ਕਿਉਂਕਿ ਉਹ ਮੈਨੂੰ ਮੇਰੀਆਂ ਹੱਦਾਂ ਤੋਂ ਪਰ੍ਹੇ ਧੱਕਦੇ ਹਨ ਤੇ ਅਸਲੀ ਵਿਕਾਸ ਉਦੋਂ ਹੁੰਦਾ ਹੈ, ਜਦੋਂ ਤੁਸੀਂ ਖ਼ੁਦ ਨੂੰ ਹੱਦ ਤੋਂ ਪਰ੍ਹੇ ਧਕਾ ਦਿੰਦੇ ਹੋ, ਜਦਕਿ ਉਨ੍ਹਾਂ ਨਾਲ ਕੰਮ ਕਰਨਾ ਬਹੁਤ ਚੁਣੌਤੀ ਭਰਪੂਰ ਹੈ। ਮੰਤਰੀ ਤੋਂ ਇਹ ਪੁੱਛਣ ’ਤੇ ਕਿ ਕੀ ਉਨ੍ਹਾਂ ਨੂੰ ਫ਼ਿਲਮਾਂ ਦੇਖਣ ਦਾ ਸਮਾਂ ਮਿਲਦਾ ਹੈ ਤੇ ਰਣਵੀਰ ਦੀ ਉਨ੍ਹਾਂ ਦੀ ਪਸੰਦੀਦਾ ਫ਼ਿਲਮ ਕਿਹੜੀ ਹੈ? ਇਸ ’ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਯਾਤਰਾ ਦੌਰਾਨ ਫ਼ਿਲਮਾਂ ਵੇਖਦਾ ਹਾਂ। ਮੈਂ ‘83’ ਵੇਖੀ ਤੇ ਫ਼ਿਲਮ ਨੂੰ ਪਸੰਦ ਕੀਤਾ, ਰਣਵੀਰ ਨੇ ਸ਼ਾਨਦਾਰ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੈਂ ‘ਬਾਜੀਰਾਓ ਮਸਤਾਨੀ’ ਨੂੰ ਕਈ ਵਾਰ ਵੇਖਿਆ ਹੈ ਤੇ ਜਦੋਂ ਵੀ ਮੈਂ ਇਸ ਨੂੰ ਵੇਖਦਾ ਹਾਂ, ਮੈਨੂੰ ਇਹ ਬਹੁਤ ਮਨੋਰੰਜਕ ਲੱਗਦੀ ਹੈ।
ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ
ਰਣਵੀਰ ਸਿੰਘ ਅਭਿਨੈ ਪ੍ਰਤਿਭਾ ਦਾ ਪਾਵਰਹਾਊਸ
ਭਾਰਤ ਦੇ ਸਾਫਟ ਪਾਵਰ ਬਣਨ ’ਚ ਫ਼ਿਲਮਾਂ ਦੇ ਯੋਗਦਾਨ ਨੂੰ ਕਬੂਲਦਿਆਂ ਮੰਤਰੀ ਨੇ ਕਿਹਾ ਕਿ ਭਾਰਤ ਕਹਾਣੀ ਕਹਿਣ ਵਾਲਿਆਂ ਦੀ ਭੂਮੀ ਹੈ ਤੇ ਫ਼ਿਲਮ ਉਦਯੋਗ ਨੇ ਵਿਦੇਸ਼ੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਜੋ ਭਾਰਤ ਨੂੰ ਉਸ ਦੀਆਂ ਫ਼ਿਲਮਾਂ ਕਾਰਨ ਪਛਾਣਦੇ ਹਨ। ਉਨ੍ਹਾਂ ਦਾ ਮਕਸਦ ਭਾਰਤ ਨੂੰ ਦੁਨੀਆ ਦਾ ਕੰਟੈਂਟ ਉਪ ਮਹਾਦੀਪ ਬਣਾਉਣਾ ਹੈ। ਇਸ ਨਾਲ ਦੇਸ਼ ’ਚ ਲੱਖਾਂ ਨੌਕਰੀਆਂ ਦੇ ਮੌਕੇ ਪੈਦਾ ਹੋ ਸਕਦੇ ਹਨ ਤੇ ਦੁਨੀਆ ਲਈ ਕੰਟੈਂਟ ਤਿਆਰ ਕਰਨ ’ਚ ਮਦਦ ਮਿਲ ਸਕਦੀ ਹੈ। ਮੰਤਰੀ ਨੇ ਵੱਖ-ਵੱਖ ਫ਼ਿਲਮਾਂ ’ਚ ਕੀਤੇ ਅਭਿਨੈ ਨੂੰ ਯਾਦ ਕਰਦਿਆਂ ਰਣਵੀਰ ਸਿੰਘ ਨੂੰ ਅਭਿਨੈ ਪ੍ਰਤਿਭਾ ਦਾ ਪਾਵਰਹਾਊਸ ਮੰਨਿਆ।
ਭਾਰਤੀ ਮਨੋਰੰਜਨ ਦੁਨੀਆ ਭਰ ’ਚ ਤੇਜ਼ੀ ਨਾਲ ਵਿਸਥਾਰ ਕਰ ਰਿਹਾ
ਰਣਵੀਰ ਨੇ ਕਿਹਾ ਕਿ ਭਾਰਤੀ ਕੰਟੈਂਟ ਕੌਮਾਂਤਰੀ ਮੰਚ ’ਤੇ ਹਾਜ਼ਰੀ ਦਰਜ ਕਰਵਾਉਣ ਦੇ ਕੰਢੇ ’ਤੇ ਪਹੁੰਚ ਚੁੱਕਿਆ ਹੈ। ਭਾਰਤੀ ਮਨੋਰੰਜਨ ਦੁਨੀਆ ਭਰ ’ਚ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ। ਸਾਡੀਆਂ ਕਹਾਣੀਆਂ ਲੋਕਾਂ ਨਾਲ ਸਿੱਧੇ ਜੁੜਦੀਆਂ ਹਨ ਤੇ ਸੱਭਿਆਚਰਕ ਸਰਹੱਦਾਂ ਨੂੰ ਪਾਰ ਕਰ ਜਾਂਦੀਆਂ ਹਨ। ਇੰਨਾ ਹੀ ਨਹੀਂ, ਵਿਦੇਸ਼ ’ਚ ਰਹਿਣ ਵਾਲੇ ਭਾਰਤੀ ਫ਼ਿਲਮਾਂ ਦੇ ਮਾਧਿਅਮ ਰਾਹੀਂ ਭਾਰਤ ਨਾਲ ਜੁੜਦੇ ਹਨ। ਇਸ ਦਿਲਚਸਪ ਚਰਚਾ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਰਣਵੀਰ ਸਿੰਘ ਨਾਲ ਦੁਬਈ ਐਕਸਪੋ-2020 ’ਚ ਇੰਡੀਆ ਪੈਵੇਲੀਅਨ ਦਾ ਦੌਰਾ ਕੀਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।