ਰਿਲੀਜ਼ ਹੋਈ ਰਜਨੀਕਾਂਤ ਦੀ ਫ਼ਿਲਮ ‘ਅੰਨਾਥੇ’, ਪ੍ਰਸ਼ੰਸਕਾਂ ’ਚ ਜਸ਼ਨ ਦਾ ਮਾਹੌਲ

11/05/2021 11:18:29 AM

ਮੁੰਬਈ (ਬਿਊਰੋ)– ਸਾਊਥ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਵਿਚਾਲੇ ਜਸ਼ਨ ਦਾ ਮਾਹੌਲ ਲੈ ਕੇ ਆਈ ਹੈ। ਰਜਨੀਕਾਂਤ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਦੀਵਾਨਗੀ ਇਸ ਕਦਰ ਹੈ ਕਿ ਦੱਖਣ ਭਾਰਤ ’ਚ ਉਨ੍ਹਾਂ ਦੇ ਕਈ ਮੰਦਰ ਹਨ। ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੁੰਦਿਆਂ ਸਾਰ ਹਾਊਸਫ਼ੁੱਲ ਹੋ ਜਾਂਦੀ ਹੈ। ਰਜਨੀਕਾਂਤ ਦੇ ਪ੍ਰਸ਼ੰਸਕ ਉਨ੍ਹਾਂ ’ਤੇ ਜਾਨ ਛਿੜਕਦੇ ਹਨ। ਇਸੇ ਤਰ੍ਹਾਂ ਰਜਨੀਕਾਂਤ ਦੀ ਨਵੀਂ ਫ਼ਿਲਮ ‘ਅੰਨਾਥੇ’ ਰਿਲੀਜ਼ ਹੁੰਦਿਆਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਜਸ਼ਨ ਮਨਾਉਣ ਲੱਗ ਪਏ। ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਣ ਦੀ ਖ਼ੁਸ਼ੀ ’ਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਹਵਨ ਤੱਕ ਕਰਵਾ ਦਿੱਤਾ। ਅੰਨਾ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਫ਼ਿਲਮਾਂ ਰਿਲੀਜ਼ ਹੋਣ ਦਾ ਦਿਨ ਕਿਸੇ ਤਿਉਹਾਰ ਨਾਲੋਂ ਘੱਟ ਨਹੀਂ ਹੁੰਦਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਿੰਜਾ ਨੇ ਲੋੜਵੰਦਾਂ ਨੂੰ ਭੋਜਨ ਵੰਡ ਕੇ ਮਨਾਈ ਦੀਵਾਲੀ, ਦੇਖੋ ਵੀਡੀਓ

ਸੁਪਰਸਟਾਰ ਰਜਨੀਕਾਂਤ ਦੀ ਨਵੀਂ ਫ਼ਿਲਮ ‘ਅੰਨਾਥੇ’ ਦੇਸ਼ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਮੌਕੇ ਪ੍ਰਸ਼ੰਸਕਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ ’ਚ ਰਜਨੀਕਾਂਤ ਫੈਨ ਕਲੱਬ ਦੇ ਡਿਪਟੀ ਸੈਕਟਰੀ ਕਰਣਨ ਨੇ ਫ਼ਿਲਮ ਦੀ ਰਿਲੀਜ਼ ਮੌਕੇ ਖੁਸ਼ੀ ਜ਼ਾਹਿਰ ਕੀਤੀ।

ਕਰਣਨ ਰਾਤ ਦੇ ਖਾਣੇ ’ਚ 1 ਰੁਪਏ ’ਚ ਲੋਕਾਂ ਨੂੰ ਡੋਸਾ ਪਰੋਸ ਰਹੇ ਹਨ। ਉਸ ਦਾ ਕਹਿਣਾ ਹੈ ਕਿ ਫ਼ਿਲਮ ਨੂੰ ਪ੍ਰਮੋਟ ਕਰਨ ਲਈ ‘ਅੰਨ੍ਹੇ ਡੋਸਾ’ ਦੀ ਮਾਰਕੀਟਿੰਗ ਕੀਤੀ ਜਾ ਰਹੀ ਹੈ। ਕਰਣਨ ਨੇ ਦੱਸਿਆ, ‘ਮੈਂ ਚਾਹੁੰਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ ਕਿ ਲੋਕ ਵੱਡੀ ਗਿਣਤੀ ’ਚ ਆਉਣ ਤੇ ਫ਼ਿਲਮ ਇਕ ਵੱਡੀ ਹਿੱਟ ਬਣੇ।’

ਇਹ ਖ਼ਬਰ ਵੀ ਪੜ੍ਹੋ : ਸੱਤ ਸਮੁੰਦਰ ਪਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਲਕਸ਼ਮੀ ਪੂਜਾ, ਇੰਝ ਮਨਾਈ ਦੀਵਾਲੀ

ਉਧਰ ਰਜਨੀਕਾਂਤ ਦੇ ਪ੍ਰਸ਼ੰਸਕਾਂ ਨੇ ਫ਼ਿਲਮ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਜਸ਼ਨ ਦੌਰਾਨ ਸੈਂਕੜੇ ਪ੍ਰਸ਼ੰਸਕ ਮੁੰਬਈ ਤੇ ਚੇਨਈ ਦੇ ਸਿਨੇਮਾਘਰਾਂ ਦੇ ਬਾਹਰ ਨੱਚਦੇ ਦੇਖੇ ਗਏ। ਚੇਨਈ ਦੇ ਰੋਹਿਣੀ ਥੀਏਟਰ ਤੇ ਮੁੰਬਈ ਦੇ ਸਿਓਂ ਦੇ ਪੀ. ਵੀ. ਆਰ. ਥੀਏਟਰ ਦੀਆਂ ਤਾਜ਼ਾ ਤਸਵੀਰਾਂ ਦੇ ਅਨੁਸਾਰ ਥੀਏਟਰ ਦੇ ਸਾਹਮਣੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ, ਜਿਸ ’ਚ ਬਾਲਗ ਹੀ ਨਹੀਂ, ਸਗੋਂ 3-4 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਸਨ। ਰਜਨੀਕਾਂਤ ਦੀ ਫ਼ਿਲਮ ‘ਅੰਨਾਥੇ’ ਲਈ ਹਰ ਕੋਈ ਉਥੇ ਪਹੁੰਚ ਗਿਆ ਸੀ।

ਸਫੈਦ ਕਮੀਜ਼ ਤੇ ਲੁੰਗੀ ਪਹਿਨੇ ਬਹੁਤ ਸਾਰੇ ਪ੍ਰਸ਼ੰਸਕ ਚੇਨਈ ਤੇ ਮੁੰਬਈ ਦੇ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਦੀ ਉਡੀਕ ਕਰਦੇ ਦੇਖੇ ਗਏ। ਉਹ ਸੁਪਰਸਟਾਰ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਲਈ ਸਵੇਰੇ 4-5 ਵਜੇ ਟਿਕਟ ਕਾਊਂਟਰਾਂ ’ਤੇ ਕਤਾਰਾਂ ਲਗਾਉਣ ਲੱਗ ਪਏ। ਲੋਕ ਰਜਨੀਕਾਂਤ ਦੇ ਕਟਆਊਟਸ ਨਾਲ ਪੌਜ਼ ਦਿੰਦੇ ਹੋਏ ਤੇ ਫਿਰ ਢੋਲ ਤੇ ਬੈਂਜੋ ਦੀਆਂ ਧੁਨਾਂ ’ਤੇ ਨੱਚਦੇ ਵੀ ਨਜ਼ਰ ਆਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News