ਡਿਪਟੀ ਵੋਹਰਾ ਦੀ ਅੰਤਿਮ ਅਰਦਾਸ 'ਚ ਪਹੁੰਚੇ ਰਣਜੀਤ ਬਾਵਾ, ਭਾਰੀ ਗਿਣਤੀ 'ਚ ਮੌਜੂਦ ਰਹੇ ਲੋਕ (ਵੀਡੀਓ)

Thursday, Jan 19, 2023 - 04:46 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੇ ਕਰੀਬੀ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ ਦਾ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਸ਼ਹਿਰ ਬਟਾਲਾ ਵਿਖੇ ਅਰਬਨ ਸਟੇਟ ਗੁਰਦਵਾਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਰਣਜੀਤ ਬਾਵਾ ਸਣੇ ਐੱਮ. ਐੱਲ. ਏ. ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ ਅਤੇ ਸੰਗੀਤਕਾਰ ਜਤਿੰਦਰ ਜੀਤੂ ਸਮੇਤ ਭਾਰੀ ਤਦਾਤ 'ਚ ਲੋਕ ਮਜ਼ੂਦ ਰਹੇ। ਇਸ ਦੌਰਾਨ ਰਣਜੀਤ ਬਾਵਾ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਐੱਮ. ਐੱਲ. ਏ. ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ ਅਤੇ ਸੰਗੀਤਕਾਰ ਜਤਿੰਦਰ ਜੀਤੂ ਨੇ ਦੁੱਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਕ ਸਨ। ਇਸ ਦੁੱਖ ਦੀ ਘੜੀ 'ਚ ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ।

ਦੱਸ ਦਈਏ ਕਿ ਡਿਪਟੀ ਵੋਹਰਾ ਦੇ ਅੰਤਿਮ ਸੰਸਕਾਰ ਦੌਰਾਨ ਰਣਜੀਤ ਬਾਵਾ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਡਿਪਟੀ ਵੋਹਰਾ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਸੀ। ਇਸ ਦੌਰਾਨ ਰਣਜੀਤ ਬਾਵਾ ਤਾਂਹਾ ਮਾਰ ਕੇ ਰੋਂਦੇ ਨਜ਼ਰ ਆਏ। ਰਣਜੀਤ ਬਾਵਾ ਨੇ ਅਪਣੇ ਨਾਲ-ਨਾਲ ਵੋਹਰਾ ਦੇ ਪਰਿਵਾਰ ਵਾਲਿਆਂ ਨੂੰ ਵੀ ਹੌਂਸਲਾ ਦਿੱਤਾ ਤੇ ਉਨ੍ਹਾਂ ਦਾ ਹਮੇਸ਼ਾ ਸਾਥ ਦੇਣ ਦੀ ਗੱਲ ਕਹੀ। ਮੈਨੇਜਰ ਡਿਪਟੀ ਵੋਹਰਾ ਦੀ ਮੌਤ 'ਤੇ ਰਣਜੀਤ ਬਾਵਾ ਨੇ ਦੁੱਖ ਪ੍ਰਗਟਾਉਂਦਿਆਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ, ''ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ, ਬਹੁਤ ਅੱਗੇ ਜਾਣਾ ਸੀ 🙏🏻ਸਾਡੀ 20 ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ 🙏🏻ਮੈ ਕਿੱਥੋ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ 🙏🏻ਅਲਵਿਦਾ ਭਰਾ 🙏🏻ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ।''

 

ਦੱਸਣਯੋਗ ਹੈ ਕਿ ਡਿਪਟੀ ਵੋਹਰਾ ਤੇ ਰਣਜੀਤ ਬਾਵਾ ਦੇ ਦਰਮਿਆਨ ਡੂੰਘਾ ਰਿਸ਼ਤਾ ਸੀ। ਡਿਪਟੀ ਬਾਵਾ ਦੇ ਦੋਸਤ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮੈਨੇਜਰ ਵੀ ਸੀ। ਰਣਜੀਤ ਬਾਵਾ ਨੂੰ ਡਿਪਟੀ ਦੀ ਮੌਤ ਨਾਲ ਡੂੰਘਾ ਸਦਮਾ ਪਹੁੰਚਿਆ ਹੈ। ਉਹ ਅਕਸਰ ਵੋਹਰਾ ਦੇ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਡਿਪਟੀ ਵੋਹਰਾ 8 ਜਨਵਰੀ ਨੂੰ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਆਪਣੇ ਘਰ ਬਟਾਲਾ ਵਿਖੇ ਆ ਰਹੇ ਸਨ। ਇਸ ਦੌਰਾਨ ਰਾਤ 10 :30 ਵਜੇ ਦੇ ਕਰੀਬ ਉਸ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਮੌਤ ਉੱਪਰ ਰਣਜੀਤ ਬਾਵਾ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦਾ ਅੰਦਾਜ਼ਾ ਰਣਜੀਤ ਬਾਵਾ ਵਲੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ। ਉਹ ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨਾਲ ਖੜ੍ਹੇ ਸੀ ਪਰ ਅਚਾਨਕ ਡਿਪਟੀ ਦੀ ਮੌਤ ਨਾਲ ਉਹ ਬੇਹੱਦ ਟੁੱਟ ਗਏ ਹਨ। ਇਸ ਪੁਰਾਣੀ ਦੋਸਤੀ ਨੂੰ ਖੋਹਣ ਤੋਂ ਬਾਅਦ ਸ਼ਾਇਦ ਹੀ ਉਹ ਇਸ ਸਦਮੇ ਤੋਂ ਕਦੇ ਉੱਭਰ ਸਕਣ।


sunita

Content Editor

Related News