ਮਨਮੋਹਨ ਵਾਰਿਸ ਨੇ ਗੀਤਾਂ ਨਾਲ ਘਰ-ਘਰ ਪਹੁੰਚਾਇਆ ਪੰਜਾਬੀ ਸੱਭਿਆਚਾਰ, ਇੰਝ ਪ੍ਰਸਿੱਧ ਹੋਈ ਵਾਰਿਸ ਭਰਾਵਾਂ ਦੀ ਤਿੱਕੜੀ
Thursday, Aug 03, 2023 - 10:18 AM (IST)
ਜਲੰਧਰ (ਬਿਊਰੋ) — ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਜਾਣਿਆ ਮਾਣਿਆ ਗਾਇਕ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਮਨਮੋਹਨ ਵਾਰਿਸ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੀ ਸਾਫ ਸੁਥਰੀ, ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਅਰਥ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ। ਪੰਜਾਬੀ ਵਿਰਸੇ ਦੇ ਵਾਰਿਸ ਅਖਵਾਉਣ ਵਾਲੇ ਮਨਮੋਹਨ ਵਾਰਿਸ ਦਾ ਅੱਜ ਜਨਮਦਿਨ ਹੈ।
ਆਪਣੇ ਗੀਤਾਂ ਨਾਲ ਘਰ-ਘਰ ਪਹੁੰਚਾਇਆ ਪੰਜਾਬੀ ਸੱਭਿਆਚਾਰ
ਦੱਸ ਦਈਏ ਕਿ ਮਨਮੋਹਨ ਵਾਰਿਸ ਆਪਣੇ ਗੀਤਾਂ ਨਾਲ ਨਾ ਸਿਰਫ਼ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ਸਗੋਂ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਨੂੰ ਘਰ-ਘਰ ਪਹੁੰਚਾਇਆ ਹੈ। ਮਨਮੋਹਨ ਵਾਰਿਸ ਦੇ ਕਿਸੇ ਇੱਕ ਗੀਤ ਦਾ ਨਾਂ ਉਨ੍ਹਾਂ ਦੇ ਹਿੱਟ ਗੀਤਾਂ 'ਚ ਲੈਣਾ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋਇਆ ਹੈ। ਉਨ੍ਹਾਂ ਨੂੰ ਖ਼ਾਸ ਕਰਕੇ ਪੰਜਾਬੀ ਵਿਰਸਾ ਲਈ ਜਾਣਿਆ ਜਾਂਦਾ ਹੈ।
ਸੰਗਤਾਰ ਅਤੇ ਕਮਲ ਹੀਰ ਨੂੰ ਸਿਖਾਏ ਸੰਗੀਤ ਦੇ ਗੁਰ
ਮਨਮੋਹਨ ਵਾਰਿਸ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ 'ਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 11 ਸਾਲ ਦੀ ਉਮਰ 'ਚ ਆਪਣੇ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੇ ਗੁਰ ਸਿਖਾਏ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ।
'ਗੈਰਾਂ ਨਾਲ ਪੀਂਘਾਂ ਝੂਟ ਦੀਏ' ਨਾਲ ਖੱਟੀ ਖ਼ੂਬ ਪ੍ਰਸਿੱਧੀ
ਜਲਦ ਹੀ ਉਨ੍ਹਾਂ ਦਾ ਪਰਿਵਾਰ 1990 'ਚ ਕੈਨੇਡਾ ਚਲਾ ਗਿਆ, ਜਿੱਥੇ ਸਾਲ 1993 'ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ, ਜਿਸ ਦਾ ਨਾਂ 'ਗੈਰਾਂ ਨਾਲ ਪੀਂਘਾਂ ਝੂਟ ਦੀਏ' ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਹਰ ਗੀਤ ਹਿੱਟ ਹੋਣ ਲੱਗਾ। ਵਾਰਿਸ ਦੇ ਹਿੱਟ ਗੀਤਾਂ 'ਚ 'ਹਸਦੀ ਦੇ ਫੁੱਲ ਕਿਰਦੇ', 'ਸੱਜਰੇ ਚੱਲੇ ਮੁਕਲਾਵੇ' ਅਤੇ 'ਗਲੀ ਗਲੀ ਵਿਚ ਹੋਕੇ' ਸ਼ਾਮਲ ਹਨ।
ਵਾਰਿਸ ਭਰਾਵਾਂ ਦੀ ਤਿੱਕੜੀ ਹੋਈ ਪ੍ਰਸਿੱਧ
1998 'ਚ ਮਨਮੋਹਨ ਵਾਰਿਸ ਨੇ ਗੀਤ 'ਕਿਤੇ ਕੱਲੀ ਬਹਿ ਕੇ ਸੋਚੀ ਨੀ' ਨੂੰ ਰਿਲੀਜ਼ ਕੀਤਾ, ਇਸ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਲਿਆ। ਪੰਜਾਬੀ ਵਿਰਸਾ ਸ਼ੋਅਜ਼ ਨਾਲ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਵਾਰਿਸ ਭਰਾਵਾਂ ਦੀ ਤਿੱਕੜੀ ਨੂੰ ਦੇਸ਼-ਵਿਦੇਸ਼ 'ਚ ਵਸਦੇ ਸਰੋਤਿਆਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ।