ਗਾਇਕ ਕਰਨ ਔਜਲਾ, ਬੋਹੇਮੀਆ ਅਤੇ ਅਮਰੀਕੀ ਰੈਪਰ ਦਿ ਗੇਮ ਨੂੰ ਵੱਡਾ ਝਟਕਾ
Wednesday, Aug 04, 2021 - 11:50 AM (IST)
ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਕਰਨ ਔਜਲਾ, ਬੋਹੇਮੀਆ, ਜੇ. ਹਿੰਦ ਤੇ ਅਮਰੀਕਨ ਰੈਪਰ ਦਿ ਗੇਮ (The Game) ਦਾ ਗੀਤ 'Ek Din' ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗੀਤ 7 ਮਹੀਨੇ ਪਹਿਲਾਂ ਅਧਿਕਾਰਤ ਤੌਰ 'ਤੇ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਗੀਤ ਵਿਰੁੱਧ ਕਾਪੀਰਾਈਟ ਦੇ ਦਾਅਵੇ ਕਾਰਨ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਕਾਪੀਰਾਈਟ ਦਾ ਦਾਅਵਾ ਦਿਨੇਸ਼ ਸ਼ਰਮਾ ਨੇ ਕੀਤਾ ਸੀ। ਸ਼ਿਕਾਇਤਕਰਤਾ ਦਾ ਪਤਾ-ਟਿਕਾਣਾ ਨਹੀਂ ਪਰ ਯੂਟਿਊਬ ਵੱਲੋਂ ਉਸ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਗਿਆ ਤੇ ਆਖਿਰਕਾਰ ਗੀਤ ਹਟਾ ਦਿੱਤਾ ਗਿਆ। ਹਾਲਾਂਕਿ ਇਸ ਦਾ ਆਡੀਓ ਵਰਜਨ ਅਜੇ ਵੀ ਬੋਹੇਮੀਆ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਉਪਲੱਬਧ ਹੈ।
ਇਹ ਗੀਤ ਜੇ. ਹਿੰਦ, ਬੋਹੇਮੀਆ, ਕਰਨ ਔਜਲਾ ਅਤੇ ਰੈਪਰ ਦਿ ਗੇਮ ਦੇ ਵਿਚਕਾਰ ਅੰਤਰਰਾਸ਼ਟਰੀ ਕੋਲੈਬਰੇਸ਼ਨ ਸੀ। ਦਿ ਗੇਮ ਇੱਕ ਅਮਰੀਕੀ ਰੈਪਰ ਹੈ, ਜਿਸ ਨੇ ਹੁਣ ਤਕ ਦੇ ਸਭ ਤੋਂ ਮਹਾਨ ਰੈਪਰਾਂ ਜਿਵੇਂ ਕਿ ਲਿਲ ਵੇਨ, 50 ਸੇਂਟ, ਡਰੇਕ, ਨਿਪਸੀ ਹਸਲ ਤੇ ਹੋਰ ਬਹੁਤ ਸਾਰਿਆਂ ਨਾਲ ਕੰਮ ਕੀਤਾ ਹੈ। 'ਏਕ ਦਿਨ' ਸਮਾਜਿਕ ਮੁੱਦਿਆਂ ਨੂੰ ਸਮਰਪਿਤ ਟਰੈਕ ਸੀ। ਇਸ 'ਚ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸੰਯੁਕਤ ਰਾਜ ਅਮਰੀਕਾ 'ਚ ਹੋ ਰਹੇ ਦੰਗਿਆਂ, ਭਾਰਤ 'ਚ ਕਿਸਾਨਾਂ ਦੇ ਵਿਰੋਧ ਤੇ ਹੋਰ ਬਹੁਤ ਸਾਰੇ ਸਮਾਜਿਕ ਮੁੱਦਿਆਂ ਬਾਰੇ ਗੱਲ ਕੀਤੀ ਗਈ, ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਸੀ।
ਬੋਹੇਮੀਆ ਦੇ ਆਫੀਸ਼ੀਅਲ ਯੂਟਿਊਬ 'ਤੇ ਹਾਲੇ ਵੀ ਹੈ ਇਹ ਗੀਤ
ਹੁਣ ਗੀਤ ਦਾ ਅਧਿਕਾਰਤ ਸੰਗੀਤ ਵੀਡੀਓ ਯੂਟਿਬ 'ਤੇ ਉਪਲੱਬਧ ਨਹੀਂ। ਦਿਨੇਸ਼ ਸ਼ਰਮਾ ਦੁਆਰਾ ਕਾਪੀਰਾਈਟ ਦੇ ਦਾਅਵੇ ਕਾਰਨ ਗੀਤ ਨੂੰ ਹਟਾ ਦਿੱਤਾ ਗਿਆ ਹੈ। ਅਜੇ ਤਕ ਕਿਸੇ ਵੀ ਕਲਾਕਾਰ ਜਾਂ ਗੀਤ ਦੇ ਨਿਰਮਾਤਾ ਵੱਲੋਂ ਕੋਈ ਅਪਡੇਟ ਨਹੀਂ ਆਈ ਪਰ ਅੰਦਾਜ਼ੇ ਲਾਏ ਜਾ ਰਹੇ ਹਨ ਹੈ ਕਿ ਜਲਦ ਹੀ ਇਸ ਬਾਰੇ ਇੱਕ ਵੱਡੀ ਅਪਡੇਟ ਮਿਲੇਗੀ ਕਿ ਗੀਤ ਕਿਉਂ ਹਟਾਇਆ ਗਿਆ ਸੀ ਤੇ ਕੀ ਇਹ ਵਾਪਸ ਆ ਰਿਹਾ ਹੈ ਜਾਂ ਨਹੀਂ।
ਨੋਟ - ਯੂਟਿਊਬ ਤੋਂ ਕਰਨ ਔਜਲਾ, ਬੋਹੇਮੀਆ, ਜੇ. ਹਿੰਦ ਅਤੇ ਅਮਰੀਕਨ ਰੈਪਰ ਦਿ ਗੇਮ ਦਾ ਗੀਤ 'Ek Din' ਹਟਾਉਣ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ।