ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ''ਤੇ ਹੋਇਆ ਤੱਤਾ, ਕੁਮੈਂਟ ਕਰਨ ਵਾਲੇ ਨੂੰ ਦਿੱਤਾ ਠੋਕਵਾਂ ਜਵਾਬ
Wednesday, Jan 12, 2022 - 04:21 PM (IST)
ਚੰਡੀਗੜ੍ਹ (ਬਿਊਰੋ) - ਸੰਗੀਤ ਜਗਤ ਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਧੱਕ ਪਾ ਕੇ ਬਾਲੀਵੁੱਡ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਏ ਦਿਨ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਹ ਪੈਟਰੋਲ ਪੰਪ 'ਤੇ ਆਪਣੀ ਗੱਡੀ 'ਚ ਤੇਲ ਪਾਉਂਦੇ ਨਜ਼ਰ ਆਏ ਸਨ। ਕਿਸੇ ਵਿਅਕਤੀ ਨੇ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਦਿਆਂ ਦਿਲਜੀਤ ਦੋਸਾਂਝ ਨੂੰ ਕਿਹਾ, ''ਇਥੇ ਮਾਮਾ ਆਪ ਤੇਲ ਪਾਈ ਜਾਣਾ। ਜੇ ਇੰਨੀ ਸ਼ੌਹਰਤ ਖੱਟ ਕੇ ਵੀ ਆਪ ਤੇਲ ਪਾਉਣਾ ਸੀ ਫ਼ਿਰ ਕੀ ਫਾਇਦਾ 22। ਤੇਰੇ ਕੋਲ ਤਾਂ 2-4 ਬੰਦੇ ਹੋਣੇ ਚਾਹੀਦੇ ਨੇ ਆਹ ਕੰਮ ਕਰਨ ਨੂੰ। ਬਾਕੀ ਗੁੱਸਾ ਨਾ ਕਰੀ ਮੇਰਾ ਵੀਰ।''
ਇਸ ਤੋਂ ਕੁਝ ਦਿਨ ਬਾਅਦ ਯਾਨੀਕਿ ਬੀਤੇ ਦਿਨ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਵਿਅਕਤੀ ਨੂੰ ਜਵਾਬ ਦਿੱਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ''ਮਾਮਾ ਗੱਲ ਸੋਚ ਦੀ ਆ। ਇਹੀ ਸੋਚ ਆ ਜਿਹੜੀ ਕੰਮ ਨੂੰ ਵੱਡਾ ਛੋਟਾ ਬਣਾ ਦਿੰਦੀ ਆ। ਸੋਚ ਬਦਲ ਮਾਮਾ... ਇਹ ਉਹੀ ਸੋਚ ਆ ਜਿਹੜੀ ਨਾ ਆਪ ਖੁਸ਼ ਕਰਦੀ ਆ ਤੇ ਨਾ ਹੀ ਕਿਸੇ ਨੂੰ ਕੁਝ ਕਰਨ ਦਿੰਦੀ ਆ। ਤੇਰੇ ਵਰਗਿਆਂ ਬਾਰੇ ਹੀ ਕਹੀ ਜਾਂਦਾ...ਦੁਨੀਆ ਕੀ ਕਹੂੰਗੀ। ਗੁੱਸਾ ਨਾ ਕਰੀ ਵੀਰੇ।''
ਦੱਸ ਦਈਏ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਬੀਤੇ ਕੁਝ ਦਿਨ ਪਹਿਲਾਂ ਦਿਲਜੀਤ ਨੇ ਟਵਿੱਟਰ 'ਤੇ 2 ਟਵੀਟ ਸਾਂਝੇ ਕੀਤੇ ਹਨ। ਪਹਿਲੇ ਟਵੀਟ 'ਚ ਦਿਲਜੀਤ ਲਿਖਦੇ ਹਨ, ''ਆਪ ਹੀ ਬੋਲ ਰਿਹਾ, ਆਪ ਹੀ ਸੁਣ ਰਿਹਾ। ਆਪਣੇ ਆਪ ਨੂੰ ਹੀ ਨਫ਼ਰਤ ਕਰ ਰਿਹਾ, ਆਪਣੇ ਆਪ ਨਾਲ ਹੀ ਲੜ ਰਿਹਾ। ਚੰਗਾ ਖੇਲ ਖੇਲ ਰਿਹਾ, ਆਪਣੇ ਆਪ ਨੂੰ ਹੀ ਸਮਝਾ ਰਿਹਾ, ਆਪਣੇ ਆਪ ਨੂੰ ਹੀ ਸਮਝ ਕੇ ਅਣਜਾਣ ਬਣ ਰਿਹਾ।''
ਇਸ ਤੋਂ ਬਾਅਦ ਦੂਜੇ ਟਵੀਟ 'ਚ ਦਿਲਜੀਤ ਨੇ ਲਿਖਿਆ, ''ਸਾਲ ਆਉਂਦੇ ਜਾਂਦੇ ਰਹਿਣੇ ਆ, ਖੇਲ ਚੱਲਦਾ ਰਹਿਣਾ। ਕਦੇ ਕਿਤੇ, ਕਦੇ ਕਿਤੇ। ਸਭ ਠੀਕ ਹੋ ਜਾਵੇ, ਇਹ ਆਸ ਹੀ ਗਲਤ ਹੈ। ਸਭ ਕੁਝ ਕਦੇ ਠੀਕ ਨਹੀਂ ਹੋਣਾ, ਚੰਗਾ-ਮਾੜਾ ਸਭ ਖੇਲ ਦਾ ਹਿੱਸਾ ਹੈ। ਕੁਝ ਵੀ ਸਹੀ ਤੇ ਕੁਝ ਵੀ ਗਲਤ ਨਹੀਂ, ਜੋ ਹੋ ਰਿਹਾ, ਕਮਾਲ ਹੋ ਰਿਹਾ। ਨਵਾਂ ਸਾਲ ਮੁਬਾਰਕ।''
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੀ ਉਹ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ। ਜਲਦ ਹੀ ਉਹ ਨਿਮਰਤ ਖਹਿਰਾ ਨਾਲ ਫ਼ਿਲਮ 'ਜੋੜੀ' 'ਚ ਨਜ਼ਰ ਆਉਣਗੇ, ਜਿਸ ਦੀਆਂ ਉਹ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।