ਗਾਇਕ ਦਲੇਰ ਮਹਿੰਦੀ ਨੂੰ ਵੱਡੀ ਰਾਹਤ, 19 ਸਾਲ ਪੁਰਾਣੇ ਮਾਮਲੇ 'ਚ ਮਿਲੀ ਜ਼ਮਾਨਤ

09/15/2022 4:04:42 PM

ਚੰਡੀਗੜ੍ਹ (ਹਾਂਡਾ) - ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 19 ਸਾਲ ਪੁਰਾਣੇ ਇਕ ਕਬੂਤਰਬਾਜ਼ੀ ਦੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਪੁਲਸ ਨੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਸਾਲ 2003 'ਚ ਦਲੇਰ ਮਹਿੰਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਟ੍ਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਦਲੇਰ ਮਹਿੰਦੀ ਪਟਿਆਲਾ ਜੇਲ੍ਹ 'ਚ ਹੈ। ਇਸ ਮਾਮਲੇ 'ਚ ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਸਿੰਘ ਵੀ ਸਹਿ-ਦੋਸ਼ੀ ਸਨ ਪਰ ਸਾਲ 2017 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਕਬੂਤਰਬਾਜ਼ੀ ਮਾਮਲੇ 'ਚ ਹਾਈਕੋਰਟ ਨੇ ਦਲੇਰ ਮਹਿੰਦੀ ਦੀ ਸਜ਼ਾ ਸਸਪੈਂਡ ਕਰ ਦਿੱਤੀ ਹੈ। ਫ਼ਿਲਹਾਲ ਉਹ ਹਾਲੇ ਵੀ ਪਟਿਆਲਾ ਜੇਲ੍ਹ 'ਚ ਬੰਦ ਹੈ।

ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

ਦੱਸ ਦਈਏ ਕਿ ਦਲੇਰ ਮਹਿੰਦੀ ਖ਼ਿਲਾਫ਼ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ 498 ਨੰਬਰ ਐੱਫ. ਆਈ. ਆਰ. ਸਾਲ 2003 'ਚ ਦਰਜ ਕੀਤੀ ਸੀ। ਦਲੇਰ ਮਹਿੰਦੀ ਨੂੰ ਹੇਠਲੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਖ਼ਿਲਾਫ਼ ਦਲੇਰ ਮਹਿੰਦੀ ਵਲੋਂ ਆਪਣੇ ਵਕੀਲ ਰਾਹੀਂ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ 'ਚ ਅਪੀਲ ਦਾਇਰ ਕੀਤੀ ਗਈ ਸੀ। ਸਾਲ 2018 'ਚ ਟ੍ਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਡਰ ਦੇ ਸਾਏ ਹੇਠ ਕੇ. ਆਰ. ਕੇ., ਕਿਹਾ- ‘ਦੇਸ਼ ’ਚ ਸੁਰੱਖਿਅਤ ਰਹਿਣ ਲਈ ਨੇਤਾ ਹੋਣਾ ਜ਼ਰੂਰੀ’

ਇਹ ਹੈ ਪੂਰਾ ਮਾਮਲਾ
ਸਾਲ 2003 'ਚ ਪਟਿਆਲਾ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ 'ਤੇ ਦਲੇਰ ਮਹਿੰਦੀ, ਉਸ ਦੇ ਭਰਾ ਸ਼ਮਸ਼ੇਰ ਸਿੰਘ, ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਖਸ਼ੀਸ਼ ਸਿੰਘ ਨੇ ਕਿਹਾ ਸੀ ਕਿ ਦਲੇਰ ਮਹਿੰਦੀ ਨੇ 20 ਲੱਖ ਰੁਪਏ ਲੈ ਕੇ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਨਾ ਤਾਂ ਉਸ ਨੂੰ ਬਾਹਰ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। 15 ਸਾਲਾਂ ਬਾਅਦ ਸਾਲ 2018 'ਚ ਦਲੇਰ ਮਹਿੰਦੀ ਨੂੰ ਜੇ. ਐੱਮ. ਈ. ਸੀ. ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ 3 ਸਾਲ ਤੋਂ ਘੱਟ ਹੋਣ ਕਾਰਨ ਦਲੇਰ ਮਹਿੰਦੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਇਸ ਮਾਮਲੇ 'ਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 


sunita

Content Editor

Related News