ਅਨਮੋਲ ਗਗਨ ਮਾਨ ਦੀ ਵਿਗੜੀ ਸਿਹਤ, ਮੋਹਾਲੀ ਦੇ ਹਸਪਤਾਲ ''ਚ ਕਰਵਾਇਆ ਦਾਖ਼ਲ
Monday, Aug 30, 2021 - 10:11 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੀ ਉੱਘੀ ਗਾਇਕਾ ਤੇ ਮਹਿਲਾ ਵਿੰਗ ਦੀ ਪ੍ਰਧਾਨ ਅਨਮੋਲ ਗਗਨ ਮਾਨ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦੇਸ਼ ਭਰ 'ਚ ਔਰਤਾਂ 'ਤੇ ਹੋ ਰਹੇ ਹਮਲਿਆਂ ਅਤੇ ਵਧ ਰਹੀਆਂ ਬਦਸਲੂਕੀ ਦੀਆਂ ਘਟਨਾਵਾਂ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਐਤਵਾਰ ਨੂੰ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ ਪੁਲਸ ਨੇ ਭੀੜ ਨੂੰ ਖਦੇੜਣ ਲਈ ਵਾਟਰ ਕੈਨਨ ਚਾਲੇ ਅਤੇ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ। ਇਸ ਦੌਰਾਨ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਮੋਹਾਲੀ ਦੇ ਹਸਪਤਾਲ 'ਚ ਦਾਖ਼ਲ ਹੋਈ ਅਨਮੋਲ ਗਗਨ ਮਾਨ
ਦੱਸਿਆ ਜਾ ਰਿਹਾ ਹੈ ਰਿਹਾ ਹੈ ਅਨਮੋਲ ਗਗਨ ਮਾਨ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਅਨਮੋਲ ਗਗਨ ਮਾਨ 'ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ, ਜਿਸ ਉਪਰੰਤ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਲਟੀਆਂ ਆਉਣ ਲੱਗੀਆਂ। ਇਹ ਸਭ ਵੇਖ ਕੇ ਉਸ ਨੂੰ ਮੋਹਾਲੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਸੋਸ਼ਲ ਮੀਡੀਆ 'ਤੇ ਅਨਮੋਲ ਗਗਨ ਮਾਨ ਨੇ ਸਾਂਝੀਆਂ ਕੀਤੀਆਂ ਵੀਡੀਓਜ਼
ਇਸ ਦੌਰਾਨ ਦੀਆਂ ਕਈ ਵੀਡੀਓਜ਼ ਅਨਮੋਲ ਗਗਨ ਮਾਨ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਅਨਮੋਲ ਗਗਨ ਮਾਨ ਹਸਪਤਾਲ ਦੇ ਬੈੱਡ 'ਤੇ ਲੇਟੀ ਨਜ਼ਰ ਆ ਰਹੀ ਹੈ।
ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ "ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਕਾਰਨ ਭਾਰਤੀ ਜਨਤਾ ਪਾਰਟੀਆਂ ਦੇ ਵਰਕਰ ਗੁੰਡਿਆਂ ਦਾ ਰੂਪ ਧਾਰ ਚੁੱਕੇ ਹਨ। ਭਾਜਪਾ ਦੇ ਇਹ ਗੁੰਡੇ ਪੰਜਾਬ ਸਮੇਤ ਦੇਸ਼ ਭਰ 'ਚ ਔਰਤਾਂ ਨਾਲ ਬਦਸਲੂਕੀ ਕਰਦੇ ਹਨ ਅਤੇ ਔਰਤਾਂ 'ਤੇ ਜਿਸਮਾਨੀ ਹਮਲੇ ਕਰਦੇ ਹਨ। ਸੂਬਾ ਸਰਕਾਰਾਂ ਇਨ੍ਹਾਂ ਗੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀਆਂ ਹਨ।"
ਚੰਡੀਗੜ੍ਹ ਦੇ ਸੈਕਟਰ 37 'ਚ ਇੱਕਠੀਆਂ ਹੋਈਆਂ ਮਹਿਲਾ ਵਿੰਗ ਦੀਆਂ ਔਰਤਾਂ
ਦੱਸਣਯੋਗ ਹੈ ਕਿ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਔਰਤਾਂ ਚੰਡੀਗੜ੍ਹ ਦੇ ਸੈਕਟਰ 37 'ਚ ਇੱਕਠੀਆਂ ਹੋਈਆਂ ਅਤੇ ਉਨ੍ਹਾਂ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਅਨਮੋਲ ਗਗਨ ਮਾਨ ਦੀ ਅਗਵਾਈ 'ਚ ਭਾਜਪਾ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ ਸੀ।