ਟਰੱਕ ਡਰਾਈਵਰ ਬਣੇ ਅਮਰਿੰਦਰ ਗਿੱਲ, ਇਸ ਦਿਨ ਹੋਵੇਗੀ ਨਵੀਂ ਫ਼ਿਲਮ ਰਿਲੀਜ਼

Tuesday, Oct 01, 2024 - 10:15 AM (IST)

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੇ ਸਿਰਮੌਰ ਅਦਾਕਾਰ ਅਤੇ ਨਿਰਮਾਤਾ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫ਼ਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਰਿਲੀਜ਼ ਲਈ ਤਿਆਰ ਹੈ, ਜਿਸ ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ 'ਚ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ।

'ਰਿਦਮ ਬੁਆਏਜ਼', 'ਗਿੱਲਜ ਨੈੱਟਵਰਕ' ਅਤੇ 'ਸੀਆ ਤੋਂ ਸਕਾਈ ਪ੍ਰੋਡੋਕਸ਼ਨ ਹਾਊਸਜ' ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੇ ਹਨ ਅਤੇ ਅਮਰਿੰਦਰ ਗਿੱਲ ਦੀਆਂ ਵੀ ਕਈ ਸਫ਼ਲਤਮ ਫ਼ਿਲਮਾਂ ਲਿਖ ਚੁੱਕੇ ਹਨ, ਹਾਲਾਂਕਿ ਨਿਰਦੇਸ਼ਕ ਦੇ ਰੂਪ 'ਚ ਉਹ ਪਹਿਲੀ ਵਾਰ ਉਨ੍ਹਾਂ ਦੀ ਕਿਸੇ ਫ਼ਿਲਮ ਦੀ ਕਮਾਂਡ ਸੰਭਾਲ ਰਹੇ ਹਨ। ਨਿਰਮਾਤਾ ਕਾਰਜ ਗਿੱਲ, ਦਰਸ਼ਨ ਸ਼ਰਮਾਂ ਵੱਲੋਂ ਵਿਸ਼ਾਲ ਕੈਨਵਸ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਗਈ ਅਤੇ 11 ਅਕਤੂਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ 'ਚ ਅਮਰਿੰਦਰ ਗਿੱਲ ਅਤੇ ਸੁਨੰਦਾ ਸ਼ਰਮਾ ਲੀਡ ਜੋੜੀ ਦੇ ਰੂਪ 'ਚ ਨਜ਼ਰ ਅਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ਪੰਜਾਬ ਦੇ ਖਰੜ੍ਹ ਲਾਗੇ ਲਗਾਏ ਗਏ ਟਰੱਕ ਯੂਨੀਅਨ ਦੇ ਵਿਸ਼ੇਸ਼ ਸੈੱਟਸ ਤੋਂ ਇਲਾਵਾ ਕਲਕੱਤਾ ਵਿਖੇ ਫਿਲਮਾਈ ਗਈ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ, ਜਿਸ ਦੇ ਕਾਫ਼ੀ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਉਥੋਂ ਨੇੜਲੇ ਸ਼ਾਂਤੀ ਨਿਕੇਤਨ ਆਸ਼ਰਮ ਵਿਖੇ ਵੀ ਕੀਤਾ ਗਿਆ ਹੈ, ਜਿੱਥੇ ਹੋਈ ਸ਼ੂਟਿੰਗ 'ਚ ਅਮਰਿੰਦਰ ਗਿੱਲ, ਸੁਨੰਦਾ ਸ਼ਰਮਾ ਤੋਂ ਇਲਾਵਾ ਗੁਰਮੀਤ ਸਾਜਨ ਆਦਿ ਕਲਾਕਾਰਾਂ ਨੇ ਵੀ ਹਿੱਸਾ ਲਿਆ। ਪਰਿਵਾਰਕ-ਡਰਾਮਾ ਅਤੇ ਇਮੌਸ਼ਨਲ ਕਹਾਣੀ ਅਧਾਰਿਤ ਉਕਤ ਫ਼ਿਲਮ ਦਾ ਸੰਗੀਤ ਸੁਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬੇਸ਼ੁਮਾਰ ਸੁਪਰ ਹਿੱਟ ਫ਼ਿਲਮੀ ਅਤੇ ਗੈਰ ਫ਼ਿਲਮੀ ਗਾਣਿਆਂ ਦਾ ਸੰਗੀਤ ਤਿਆਰ ਕਰ ਚੁੱਕੇ ਹਨ।

PunjabKesari

ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਦਾਰੂ ਨਾ ਪੀਂਦਾ ਹੋਵੇ' ਨੂੰ ਲੈ ਕੇ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਰਹੇ ਅਮਰਿੰਦਰ ਗਿੱਲ ਦੀ ਇਹ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜਿਸ 'ਚ ਉਹ ਟਰੱਕ ਡਰਾਈਵਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਨਾਂ ਨਾਲ ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਸਯਾਨੀ ਗੁਪਤਾ ਵੀ ਮਹੱਤਵਪੂਰਨ ਰੋਲ 'ਚ ਵਿਖਾਈ ਦੇਵੇਗੀ, ਜੋ ਬਹੁ-ਚਰਚਿਤ ਫ਼ਿਲਮ ਨਾਲ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ।

PunjabKesari

ਅਮਰਿੰਦਰ ਗਿੱਲ ਦੀ ਹਰ ਫ਼ਿਲਮ ਦੀ ਤਰ੍ਹਾਂ ਗੁੱਪਚੁੱਪ ਢੰਗ ਨਾਲ ਬਣਾਈ ਗਈ ਇਸ ਫ਼ਿਲਮ ਨਾਲ ਜੁੜੇ ਕੁਝ ਹੋਰ ਖ਼ਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਪ੍ਰਭਾਵੀ ਰੂਪ ਦੇਣ 'ਚ ਕਲਾ ਨਿਰਦੇਸ਼ਕ ਕਾਜੀ ਰਫੀਕ ਅਲੀ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ, ਜੋ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਅਤੇ ਘਰੇਲੂ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈ ਗਈ 'ਮੋੜ: ਲਹਿੰਦੀ ਰੁੱਤ ਦੇ ਨਾਇਕ' ਦੇ ਵੀ ਖੂਬਸੂਰਤ ਸੈਟਸ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News