ਪ੍ਰਸਿੱਧ ਮਾਡਲ ਓਸ਼ਿਨ ਬਰਾੜ ਦੇ ਘਰ ਛਾਇਆ ਮਾਤਮ, ਕੋਰੋਨਾ ਕਾਰਨ ਵੱਡੇ ਭਰਾ ਦੀ ਹੋਈ ਮੌਤ
Wednesday, Apr 21, 2021 - 02:22 PM (IST)
ਚੰਡੀਗੜ੍ਹ (ਬਿਊਰੋ) : ਮਸ਼ਹੂਰ ਅਦਾਕਾਰਾ ਓਸ਼ਿਨ ਬਰਾੜ ਦੇ ਭਰਾ ਪ੍ਰਤੀਕ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਉਸ ਨੇ ਆਪਣੇ ਭਰਾ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਮੇਰਾ ਵੱਡਾ ਵੀਰਾ ਪ੍ਰਤੀਕ, ਆਈ ਲਵ ਯੂ ਅਤੇ ਹਮੇਸ਼ਾ ਪਿਆਰ ਕਰਦੀ ਰਹਾਂਗੀ। ਅਸੀਂ ਫ਼ਿਰ ਜ਼ਰੂਰ ਮਿਲਾਂਗੇ ਉਦੋਂ ਤੱਕ ਆਪਣਾ ਖ਼ਿਆਲ ਰੱਖੀ ਵੀਰੇ...।'
ਦੱਸ ਦਈਏ ਕਿ ਇਸ ਤੋਂ ਪਹਿਲਾਂ ਓਸ਼ਿਨ ਬਰਾੜ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ, 'ਮੇਰਾ ਭਰਾ Ventilator 'ਤੇ ਹੈ। ਕਿਰਪਾ ਕਰਕੇ ਉਸ ਲਈ ਅਰਦਾਸ ਕਰੋ।' ਇਸ ਤੋਂ ਇਲਾਵਾ ਉਸ ਨੇ ਇੱਕ ਹੋਰ ਸਟੋਰੀ ਸਾਂਝੀ ਕਰਦੇ ਹੋਏ ਕੋਰੋਨਾ ਮਹਾਮਾਰੀ 'ਚ ਡਾਕਟਰਾਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ, 'ਕੋਈ ਵੀ ਗ਼ਲਤੀ ਨਾਲ ਸੈਕਟਰ 16 ਦੇ 'Multispeciality' ਹਸਪਤਾਲ ਚੰਡੀਗੜ੍ਹ 'ਚ ਨਾ ਜਾਈਓ। ਮੇਰੇ ਭਰਾ ਦੀ ਹੁਣ ਜੋ ਵੀ ਹਾਲਤ ਹੈ ਇਸ ਹਸਪਤਾਲ ਨੇ ਹੀ ਕੀਤੀ। ਮੇਰੇ ਭਰਾ ਨੂੰ ਕੋਵਿਡ ਵਾਰਡ 'ਚ 8-9 ਘੰਟੇ ਤੱਕ ਕੋਈ ਵੀ ਦੇਖਣ ਨਹੀਂ ਸੀ ਆਉਂਦਾ ਤੇ ਉਸ ਨੂੰ ਇੰਨੀਆਂ ਤੇਜ਼ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਦੇ ਪੂਰੇ ਸਰੀਰ 'ਚ ਐਸਿਡ (acid) ਬਣ ਗਿਆ। 6-7 ਦਿਨਾਂ ਤੋਂ ਉਹ ਕੁੱਝ ਖਾ ਵੀ ਨਹੀਂ ਰਹੇ ਸਨ। ਅਸੀਂ ਡਾਕਟਰ ਨੂੰ ਬਹੁਤ ਪੁੱਛਿਆ ਕਿ ਇੰਨਾ ਕੁੱਝ ਕਰਨ ਦੇ ਬਾਵਜੂਦ, ਇੰਨੀਆਂ ਦਵਾਈਆਂ ਅਤੇ ਐਂਟੀਬਾਇਓਟਿਕਸ ਦੇਣ ਦੇ ਬਾਵਜੂਦ ਵੀ ਮੇਰਾ ਭਰਾ ਕੋਈ ਰਿਕਵਰੀ ਨਹੀਂ ਕਰ ਰਿਹਾ।'
ਇਸ ਤੋਂ ਇਲਾਵਾ ਓਸ਼ਿਨ ਨੇ ਲਿਖਿਆ ਸੀ, 'ਇਹ ਡਾਕਟਰ ਕਹਿੰਦੇ ਆ ਰਹੇ ਸਨ ਕਿ ਮਰੀਜ ਠੀਕ ਹੈ, ਜਲਦ ਹੀ ਫਰਕ ਪੈ ਜਾਵੇਗਾ ਪਰ ਕੁੱਝ ਵੀ ਠੀਕ ਨਹੀਂ ਹੋਇਆ। ਇਨ੍ਹਾਂ ਡਾਕਟਰਾਂ ਨੇ ਕੋਈ ਰੈਗੂਲਰ ਟੈਸਟ ਵੀ ਨਹੀਂ ਕੀਤਾ ਅਤੇ ਨਾ ਹੀ ਚੱਜ ਨਾਲ ਭਰਾ ਨੂੰ ਦੇਖਿਆ। ਨਰਸਾਂ ਸਮੇਂ ਸਿਰ ਡਰਿਪ ਤੱਕ ਨਹੀਂ ਸੀ ਬਦਲਦੀਆਂ ਅਤੇ ਨਾ ਹੀ ਜਲਦੀ ਦੇਖਣ ਆਉਂਦੀਆਂ ਸਨ। 5-6 ਦਿਨਾਂ 'ਚ ਹੀ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਕਰ ਦਿੱਤੀ। ਅਖੀਰ 'ਚ ਡਾਕਟਰਾਂ ਨੇ ਆ ਕੇ ਕਹਿ ਦਿੱਤਾ ਕਿ ਸਾਡੇ ਹੱਥ ਖੜ੍ਹੇ ਹਨ, ਹੁਣ ਅਸੀਂ ਕੁੱਝ ਨਹੀਂ ਕਰ ਸਕਦੇ।'