ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦੁਰ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ

Wednesday, Jul 06, 2022 - 06:22 PM (IST)

ਜਲੰਧਰ (ਵਰੁਣ, ਜਸਪ੍ਰੀਤ)- ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਭਗਵਾਨ ਵਾਲਮੀਕੀ 'ਤੇ ਵਿਵਾਦਿਤ ਟਿੱਪਣੀ ਮਾਮਲੇ 'ਚ ਰਾਣਾ ਜੰਗ ਬਹਾਦਰ ਦੀ ਗ੍ਰਿਫਤਾਰੀ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਪੁਲਸ ਨੇ 65 ਸਾਲਾਂ ਅਦਾਕਾਰ ਨੂੰ ਗ੍ਰਿਫਤਾਰ ਕੀਤਾ ਹੈ। ਅਦਾਕਾਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਟੀਵੀ ਚੈਨਲ ਦੇ ਪ੍ਰੋਗਰਾਮ 'ਚ ਭਗਵਾਨ ਵਾਲਮੀਕੀ ਨੂੰ ਲੈ ਕੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਇਕ ਸਮੂਹ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਕ ਦਿਨ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਰੱਦ ਕੀਤੀ ਹੈ। ਜਲੰਧਰ ਹੁਸ਼ਿਆਰਪੁਰ 'ਚ ਵਾਲਮੀਕੀ ਭਾਈਚਾਰੇ ਦੇ ਲਗਾਤਾਰ ਵਿਰੋਧ ਤੋਂ ਬਾਅਦ ਉਨ੍ਹਾਂ 'ਤੇ ਨਵੀਂ ਬਾਰਾਦਰੀ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ।

PunjabKesari
ਜਲੰਧਰ ਦੇ ਕਮਿਸ਼ਨਰ ਪੁਲਸ ਗੁਰਸ਼ਰਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ ਤਹਿਤ 295 ਏ,295ਏ ਭ:ਦ:,3ਐੱਸ.ਸੀ./ਐੱਸ.ਟੀ. ਐਕਟ ਅਧੀਨ ਥਾਣਾ ਨਵੀਂ ਬਾਰਾਦਰੀ ਜਲੰਧਰ ਵਿਖੇ ਰਾਣਾ ਜੰਗ ਬਹਾਦੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮੁਕਦਮੇ ਦੀ ਤਫਤੀਸ਼ ਦੌਰਾਨ ਐੱਸ.ਆਈ. ਅਸ਼ੋਕ ਕੁਮਾਰ ਵਲੋਂ ਦੋਸ਼ੀ ਰਾਣਾ ਜੰਗ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

PunjabKesari
ਰਾਣਾ ਜੰਗ ਬਹਾਦਰ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਪੋਸਤੀ' 'ਚ ਨਜ਼ਰ ਆਏ ਸਨ। ਦੱਸਣਯੋਗ ਹੈ ਕਿ ਇਹ ਫਿਲਮ 17 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਬੱਬਲ ਰਾਏ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ, ਪ੍ਰਿੰਸ ਕੰਵਲਜੀਤ ਸਿੰਘ, ਸੁਰੀਲੀ ਗੌਤਮ ਅਤੇ ਰਘਬੀਰ ਬੋਲੀ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ।


Aarti dhillon

Content Editor

Related News