ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਸਿਨੇਮਾਘਰਾਂ ’ਚ ਹੋਈ ਰਿਲੀਜ਼

08/12/2021 10:33:47 AM

ਚੰਡੀਗੜ੍ਹ, (ਬਿਊਰੋ)– ਆਖਿਰਕਾਰ ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਪੂਰੀ ਦੁਨੀਆ ਦੇ ਪੰਜਾਬੀ ਦਰਸ਼ਕਾਂ ਨੂੰ ਹੁਣ ਵੱਡੇ ਪਰਦੇ ’ਤੇ ਆਪਣਾ ਮਨੋਰੰਜਨ ਮਿਲ ਰਿਹਾ ਹੈ ਕਿਉਂਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਪੂਰੀ ਦੁਨੀਆ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦਾ ਨੌਜਵਾਨਾਂ ਤੇ ਪਰਿਵਾਰਕ ਦਰਸ਼ਕਾਂ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਟਰੇਲਰ ਨੇ 1 ਕਰੋੜ ਵਿਊਜ਼ ਨੂੰ ਛੂਹਿਆ ਹੈ ਤੇ ਗਾਣਿਆਂ ਨੇ 2 ਕਰੋੜ ਤੋਂ ਵੱਧ ਵਿਊਜ਼ ਹਾਸਲ ਕਰ ਲਏ ਹਨ। ਫ਼ਿਲਮ ਲਈ ਇੰਨਾ ਉਤਸ਼ਾਹ ਹੈ ਕਿ ਕਈ ਸ਼ੋਅ ਪਹਿਲਾਂ ਹੀ ਵਿੱਕ ਚੁੱਕੇ ਹਨ।

ਭਾਰਤ ’ਚ ਪੰਜਾਬ ਤੇ ਬਾਹਰ ਤੇ ਵਿਦੇਸ਼ੀ ਬਾਜ਼ਾਰਾਂ ’ਚ ਵੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਵੱਡੇ ਪੱਧਰ ’ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ’ਚ ਦੇਸੀ ਤੇ ਸ਼ਹਿਰੀ ਸਮੱਗਰੀ ਦੀ ਸਹੀ ਖੁਰਾਕ ਹੈ, ਜੋ ਹਰ ਜਗ੍ਹਾ ਵਸੇ ਹਰ ਤਰ੍ਹਾਂ ਦੇ ਪੰਜਾਬੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ‘ਪੁਆੜਾ’ ਕਾਮੇਡੀ, ਰੋਮਾਂਸ ਵਾਲੀ ਫੈਮਿਲੀ ਐਂਟਰਟੇਨਰ ਹੈ, ਜਿਥੇ ਸੋਨਮ ਬਾਜਵਾ ਦਾ ਕਿਰਦਾਰ ਹਰ ਕਦਮ ’ਤੇ ਐਮੀ ਦੇ ਕਿਰਦਾਰ ਨੂੰ ਚੁਣੌਤੀ ਦਿੰਦਾ ਹੈ। ਸੋਨਮ ਕਹਿੰਦੀ ਹੈ, ‘ਮੈਨੂੰ ਮਜ਼ਬੂਤ ਮਹਿਲਾ ਕਿਰਦਾਰ ਨਿਭਾਉਣ ’ਚ ਮਜ਼ਾ ਆਉਂਦਾ ਹੈ ਤੇ ਇਸ ਫ਼ਿਲਮ ’ਚ ਰੌਣਕ ਦਾ ਕਿਰਦਾਰ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਕੁੜੀਆਂ ਦੀ ਨੁਮਾਇੰਦਗੀ ਕਰਦਾ ਹੈ। ਉਹ ਜੋ ਸਹੀ ਹੈ ਜਾਂ ਸਹੀ ਮੰਨਦੀ ਹੈ, ਉਸ ’ਤੇ ਸਟੈਂਡ ਲੈਂਦੀ ਹੈ, ਫਿਰ ਭਾਵੇਂ ਉਸ ਲਈ ਕੁਝ ਵੀ ਕਰਨਾ ਪਵੇ।’

ਫ਼ਿਲਮ ਦੇ ਨਿਰਮਾਤਾ ਕਾਫੀ ਉਤਸ਼ਾਹਿਤ ਹਨ। ਨਿਰਮਾਤਾ ਅਤੁਲ ਭੱਲਾ ਕਹਿੰਦੇ ਹਨ, ‘ਲੋਕ ਲੰਬੇ ਸਮੇਂ ਤੋਂ ਘਰਾਂ ’ਚ ਬੈਠੇ ਹਨ ਤੇ ਹਰ ਕੋਈ ਚਿਹਰੇ ’ਤੇ ਰਾਹਤ, ਮੁਸਕਾਨ ਲਿਆਉਣ ਲਈ ਚੰਗੇ ਮਨੋਰੰਜਨ ਦੀ ਭਾਲ ’ਚ ਹੈ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ‘ਪੁਆੜਾ’ ਤੁਹਾਨੂੰ ਇਹੀ ਦੇਵੇਗਾ।’

ਇਹ ਉਹੀ ਟੀਮ ਹੈ, ਜੋ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਵਾਲੀ ਪਿਛਲੀ ਬਲਾਕਬਸਟਰ ਕਾਮੇਡੀ ਫ਼ਿਲਮ ‘ਛੜਾ’ ਲੈ ਕੇ ਆਈ ਸੀ। ਨਿਰਮਾਤਾ ਪਵਨ ਗਿੱਲ ਕਹਿੰਦੇ ਹਨ, ‘ਇਕ ਪ੍ਰੋਡਕਸ਼ਨ ਹਾਊਸ ਦੇ ਰੂਪ ’ਚ ਆਕਰਸ਼ਕ ਸਮੱਗਰੀ ਦਾ ਨਿਰਮਾਣ ਕਰਨ ਦੀ ਸਾਡੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਤੇ ਪੰਜਾਬੀਆਂ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਰੋਮਾਂਸ ਦੇ ਨਾਲ ਕਾਮੇਡੀ। ‘ਛੜਾ’ ਤੋਂ ਬਾਅਦ ਹੁਣ ਅਸੀਂ ਦਰਸ਼ਕਾਂ ਨੂੰ ਉਹ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਵਾਰ ਇਕ ਟਵਿਸਟ ਦੇ ਨਾਲ।’ ਹੁਣ ਇਹ ਟਵਿਸਟ ਜਾਂ ‘ਪੁਆੜਾ’ ਕੀ ਹੈ, ਇਸ ਦੀ ਜਾਣਕਾਰੀ ਤੁਹਾਨੂੰ ਨੇੜਲੇ ਸਿਨੇਮਾਘਰਾਂ ’ਚ ਜਾ ਕੇ ਤੇ ਮਨੋਰੰਜਨ ਨਾਲ ਲੋਟ-ਪੋਟ ਹੋ ਕੇ ਹੀ ਮਿਲੇਗੀ। ‘ਪੁਆੜਾ’ ਅੱਜ 12 ਅਗਸਤ ਨੂੰ ਪੂਰੀ ਦੁਨੀਆ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਨੋਟ– ਤੁਸੀਂ ‘ਪੁਆੜਾ’ ਫ਼ਿਲਮ ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News