ਹਰ ਮਾਤਾ-ਪਿਤਾ ਸ਼ੇਰਦਿਲ, ਜੋ ਬੱਚਿਆਂ ਲਈ ਕੁਝ ਵੀ ਕਰ ਜਾਂਦੇ ਹਨ : ਪੰਕਜ ਤ੍ਰਿਪਾਠੀ

06/28/2022 10:42:16 AM

‘ਮਿਰਜ਼ਾਪੁਰ’, ‘ਸੈਕ੍ਰੇਡ ਗੇਮਸ’ ਤੇ ‘ਕ੍ਰਿਮੀਨਲ ਜਸਟਿਸ’ ਵਰਗੀਆਂ ਵੈੱਬ ਸੀਰੀਜ਼ ’ਚ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ’ਚ ਜਗ੍ਹਾ ਬਣਾਉਣ ਵਾਲੇ ਪੰਕਜ ਤ੍ਰਿਪਾਠੀ ਆਪਣੀ ਆਉਣ ਵਾਲੀ ਫ਼ਿਲਮ ‘ਸ਼ੇਰਦਿਲ : ਦਿ ਪੀਲੀਭੀਤ ਸਾਗਾ’ ਨੂੰ ਲੈ ਕੇ ਚਰਚਾ ’ਚ ਹਨ। ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਜੇਤੂ ਸ਼੍ਰੀਜੀਤ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 24 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ’ਚ ਉਨ੍ਹਾਂ ਨਾਲ ਸਯਾਨੀ ਗੁਪਤਾ ਤੇ ਨੀਰਜ ਕਾਬੀ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਦੀ ਪ੍ਰਮੋਸ਼ਨ ਲਈ ਪੰਕਜ ਤ੍ਰਿਪਾਠੀ ਤੇ ਡਾਇਰੈਕਟਰ ਸ਼੍ਰੀਜੀਤ ਮੁਖਰਜੀ ਨੇ ਜਗ ਬਾਣੀ/ਨਵੋਦਿਆ ਟਾਈਮਸ/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਹਰ ਉਮਰ ਵਰਗ ਦੇ ਲੋਕ ਤੁਹਾਡੇ ਫੈਨ ਹਨ, ਭਾਵੇਂ ਉਹ 11 ਸਾਲ ਦਾ ਬੱਚਾ ਹੋਵੇ ਜਾਂ ਸਾਡੇ ਦਾਦਾ ਜੀ। ਤੁਸੀਂ ਕਿਵੇਂ ਕਰ ਲੈਂਦੇ ਹੋ ਇਹ ਸਭ?
ਪੰਕਜ ਤ੍ਰਿਪਾਠੀ–
ਮੈਨੂੰ ਅਕਸਰ ਲੋਕ ਇਹੀ ਕਹਿੰਦੇ ਹਨ ਕਿ ਸਾਡੇ ਘਰ ’ਚ ਛੋਟੇ ਬੱਚੇ, ਜਵਾਨ ਤੇ ਵੱਡੇ ਬਜ਼ੁਰਗ ਸਾਰੇ ਤੁਹਾਨੂੰ ਬਹੁਤ ਪਸੰਦ ਕਰਦੇ ਹਨ। ਇਹ ਸੁਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਸੱਚ ਆਖਾਂ ਤਾਂ ਮੈਂ ਖ਼ੁਦ ਨਹੀਂ ਜਾਣਦਾ ਇਹ ਕਿਵੇਂ ਹੈ ਤੇ ਨਾ ਹੀ ਮੈਨੂੰ ਇਹ ਜਾਣਨ ਦੀ ਲੋੜ ਹੈ। ਉਹ ਪ੍ਰੇਮ ਜਿਸ ਵੀ ਕਾਰਨ ਹੋਵੇ, ਬਸ ਇਵੇਂ ਹੀ ਬਣਿਆ ਰਹੇ, ਇਹੀ ਮੇਰੇ ਲਈ ਕਾਫੀ ਹੈ। ਹਾਂ ਹੋ ਸਕਦਾ ਹੈ ਕਿ ਮੇਰੇ ਕਿਰਦਾਰਾਂ ਦੇ ਕਾਰਨ ਅਜਿਹਾ ਹੋਵੇ। ਮੇਰੇ ਕਿਰਦਾਰ ਨਾਲ ਲੋਕ ਖ਼ੁਦ ਨੂੰ ਰਿਲੇਟ ਕਰ ਪਾਉਂਦੇ ਹੋਣ। ਮੈਂ ਇਕ ਚੀਜ਼ ਦਾ ਬਹੁਤ ਧਿਆਨ ਰੱਖਦਾ ਹਾਂ ਕਿ ਆਪਣੇ ਕੰਮ ’ਚ ਮਨੋਰੰਜਨ ਵੀ ਬਰਾਬਰ ਦਾ ਰੱਖਾਂ ਤਾਂ ਹੀ ਤਾਂ ਲੋਕਾਂ ਨੂੰ ਮੈਂ ਪਸੰਦ ਆਵਾਂਗਾ, ਐਵੇਂ ਹੀ ਤਾਂ ਲੋਕ ਮੈਨੂੰ ਦੇਖਣ ਨਹੀਂ ਆਉਣਗੇ।

ਜੰਗਲ ’ਚ ਸ਼ੂਟ ਕਰਨ ’ਚ ਕੀ ਚੈਲੇਂਜ ਆਏ ਤੇ ਕਿਵੇਂ ਆਪਣੇ-ਆਪਣੇ ਕਿਰਦਾਰਾਂ ਦੀ ਤਿਆਰੀ ਕੀਤੀ?
ਪੰਕਜ–
ਮੈਂ ਇਸ ਲਈ ਕੋਈ ਤਿਆਰੀ ਨਹੀਂ ਕੀਤੀ। ਮੈਂ ਅੱਧੀ ਜ਼ਿੰਦਗੀ ਪਿੰਡ ’ਚ ਹੀ ਰਿਹਾ ਹਾਂ। ਮੈਨੂੰ ਵੀ ਪਿੰਡ ਦੇ ਕਿਰਦਾਰ ਲਈ ਕੁਝ ਤਿਆਰੀ ਕਰਨੀ ਪਵੇ ਤਾਂ ਫਿਰ ਮੇਰਾ ਪਿੰਡ ’ਚ ਰਹਿਣਾ ਹੀ ਬੇਕਾਰ ਹੈ। ਉਂਝ ਤਿਆਰੀ ਤਾਂ ਇਨ੍ਹਾਂ ਦੇ ਰਵੱਈਏ ਤੇ ਸੋਚਣ ਦੇ ਤਰੀਕੇ ਨੂੰ ਲੈ ਕੇ ਕੀਤੀ ਗਈ ਸੀ ਕਿਉਂਕਿ ਕਿਰਦਾਰ ਮੇਰੇ ਵਰਗਾ ਨਹੀਂ ਹੈ, ਉਹ ਮੇਰੇ ਤੋਂ ਵੱਖ ਹੈ। ਜੰਗਲ ’ਚ ਤਾਂ ਕੋਈ ਮੁਸ਼ਕਿਲ ਹੀ ਨਹੀਂ ਸੀ, ਬਹੁਤ ਸੁੰਦਰ ਜਗ੍ਹਾ ਹੈ। ਮੈਂ ਤਾਂ ਹਰ ਸਾਲ ਉਥੇ ਘੁੰਮਣ ਜਾਵਾਂਗਾ। ਮੈਂ ਬਹੁਤ ਮਜ਼ੇ ਕੀਤੇ ਤੇ ਸੱਚੀ ਗੱਲ ਇਹ ਹੈ ਕਿ ਜਿਵੇਂ ਕਾਲਪਨਿਕ ਕਹਾਣੀਆਂ ਹੁੰਦੀਆਂ ਹਨ, ਮੈਂ ਉਥੇ ਉਵੇਂ ਹੀ ਰਿਹਾ ਹਾਂ। ਹਾਂ ਉਥੇ ਇਕ ਵਾਕਿਆ ਹੋਇਆ ਮੇਰੇ ਨਾਲ, ਜੰਗਲ ’ਚ ਸ਼ੂਟਿੰਗ ਦੌਰਾਨ ਕਈ ਵਾਰ ਮੇਰੇ ਪੈਰ ’ਤੇ ਲੀਚ (ਜੋਕ) ਚਿਪਕ ਗਈ, ਜਿਸ ਨੂੰ ਮੈਂ ਸੈਨੇਟਾਈਜ਼ਰ ਨਾਲ ਲਾਹਿਆ।

ਬਾਲੀਵੁੱਡ ਚਮਕ ਤੇ ਗਲੈਮਰ ਦੀ ਦੁਨੀਆ ਹੈ ਤੇ ਤੁਸੀਂ ਬਹੁਤ ਸਿੱਧੇ-ਸਾਦੇ ਹੋ। ਫਿਰ ਤੁਸੀਂ ਇੰਡਸਟਰੀ ਨਾਲ ਕਿਵੇਂ ਰਿਲੇਟ ਕਰਦੇ ਹੋ?
ਪੰਕਜ–
ਮੈਂ ਵੀ ਸ਼ੁਰੂ ’ਚ ਸੋਚਿਆ ਸੀ ਕਿ ਥੋੜ੍ਹਾ ਦਿਖਾਵਾ ਕਰਾਂ ਪਰ ਕੋਈ ਦਿਖਾਵੇ ਲਈ ਬੁਲਾਉਂਦਾ ਹੀ ਨਹੀਂ ਸੀ। ਫਿਰ ਬਿਨਾਂ ਦਿਖਾਵੇ ਦੇ ਸਫਰ ਹੌਲੀ ਜਿਹੀ ਸ਼ੁਰੂ ਹੋ ਗਿਆ ਤੇ ਫ਼ਿਲਮਾਂ ਮਿਲਣ ਲੱਗੀਆਂ। ਮੈਨੂੰ ਲੱਗਾ ਕਿ ਇਕ ਇਹ ਵੀ ਰਸਤਾ ਹੈ, ਜਿਥੇ ਬਿਨਾਂ ਦਿਖਾਵੇ ਦੇ ਤੁਸੀਂ ਅਦਾਕਾਰ ਬਣ ਸਕਦੇ ਹੋ ਤੇ ਅਭਿਨੈ ਕਰ ਸਕਦੇ ਹੋ। ਇਹ ਰਸਤਾ ਜ਼ਿਆਦਾ ਸਕੂਨ ਦੇਣ ਵਾਲਾ ਹੈ।

ਤੁਹਾਡੇ ਲਈ ਸ਼ੇਰਦਿਲ ਕੌਣ ਹੈ?
ਪੰਕਜ–
ਮੇਰੇ ਅਨੁਸਾਰ ਹਰ ਮਾਤਾ-ਪਿਤਾ ਸ਼ੇਰਦਿਲ ਹੁੰਦੇ ਹਨ, ਜੋ ਆਪਣੇ ਬੱਚਿਆਂ ਲਈ ਕੁਝ ਵੀ ਕਰ ਜਾਂਦੇ ਹਨ ਤੇ ਜੋ ਲੋਕ ਆਪਣਿਆਂ ਦੇ ਨਾਲ-ਨਾਲ ਦੂਜਿਆਂ ਦਾ ਦਰਦ ਵੀ ਸਮਝਣ, ਉਹੀ ਸ਼ੇਰਦਿਲ ਹਨ।

ਤੁਸੀਂ ਫ਼ਿਲਮ ’ਚ ਇਕ ਤੋਂ ਵੱਧ ਕੇ ਇਕ ਬਿਹਤਰੀਨ ਕਲਾਕਾਰ ਲਏ ਹਨ, ਇਹ ਚੋਣ ਕਿਵੇਂ ਕੀਤੀ?
ਸ਼੍ਰੀਜੀਤ ਮੁਖਰਜੀ–
ਦੇਖੋ ਜੰਗਲ ਮੈਨੂੰ ਬਹੁਤ ਪਸੰਦ ਹਨ ਤੇ ਮੈਂ ਸ਼ਹਿਰ ਵਾਲਾ ਆਦਮੀ ਹਾਂ, ਜਦਕਿ ਕਹਾਣੀ ਪਿੰਡ ਦੀ ਹੈ। ਫ਼ਿਲਮ ਦਾ ਜੰਗਲ ਵਾਲਾ ਹਿੱਸਾ ਆਪਣੇ ਤਜਰਬੇ ਨਾਲ ਲਿਖਿਆ ਹੈ। ਕਹਾਣੀ ਪੜ੍ਹਦੇ ਹੀ ਕਿਸੇ ਦਾ ਚਿਹਰਾ ਦਿਸਦਾ ਸੀ ਤਾਂ ਸਿਰਫ ਪੰਕਜ ਤ੍ਰਿਪਾਠੀ ਦਾ।

ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਤੁਸੀਂ ਕੀ ਸਿੱਖਿਆ?
ਸ਼੍ਰੀਜੀਤ–
ਇਹ ਕਹਾਣੀ ਪੀਲੀਭੀਤ ’ਚ ਸੈੱਟ ਨਹੀਂ ਹੈ, ਸਗੋਂ ਸਭ ਕੁਝ ਕਾਲਪਨਿਕ ਹੈ ਪਰ ਇਸ ਦਾ ਜੋ ਅਸਲੀ ਵਾਕਿਆ ਸੀ, ਉਹ ਪੀਲੀਭੀਤ ਦਾ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਇਹ ਕਹਾਣੀ ਲਿਖੀ ਗਈ ਹੈ। ਇਹ ਜਾਣ ਕੇ ਵੀ ਬਹੁਤ ਹੈਰਾਨੀ ਹੋਈ ਕਿ ਅਜੇ ਵੀ ਸ਼ੇਰ ਦੇ ਹੱਥੋਂ ਮਾਰਿਆ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਪੰਕਜ ਤ੍ਰਿਪਾਠੀ ਦਾ ਵੀ ਕਾਫੀ ਤਜਰਬਾ ਸੀ ਕਿਉਂਕਿ ਕਈ ਦੋਸਤ ਜੰਗਲਾਤ ਵਿਭਾਗ ’ਚ ਹਨ ਤਾਂ ਅਜਿਹੇ ’ਚ ਬਹੁਤ ਕੁਝ ਸਿੱਖਣ ਨੂੰ ਮਿਲਿਆ।

ਕੀ ‘ਸ਼ੇਰਦਿਲ’ ’ਚ ਪ੍ਰੇਸ਼ਾਨੀਆਂ ਤੋਂ ਬਾਹਰ ਨਿਕਲਣ ਦੇ ਬਦਲਾਵਾਂ ਬਾਰੇ ਵੀ ਦੱਸਿਆ ਗਿਆ ਹੈ?
ਸ਼੍ਰੀਜੀਤ–
ਫ਼ਿਲਮ ’ਚ ਇਕ ਮਜ਼ੇਦਾਰ ਚੀਜ਼ ਉੱਭਰ ਕੇ ਆਈ ਹੈ ਤੇ ਉਹ ਹੈ ਮਨੁੱਖ ਤੇ ਜਾਨਵਰਾਂ ਦੇ ਸੰਘਰਸ਼ ਦੀ ਗੱਲ। ਇਸ ਤੋਂ ਇਲਾਵਾ ਤੀਜਾ ਐਂਗਲ ਵੀ ਹੈ, ਜਿਸ ਦੀ ਕਦੇ ਚਰਚਾ ਨਹੀਂ ਹੁੰਦੀ, ਉਹ ਹੈ ਹੱਲ।

ਤੁਹਾਡੇ ਲਈ ਸ਼ੇਰਦਿਲ ਕੌਣ ਹੈ?
ਸ਼੍ਰੀਜੀਤ–
ਸ਼ੇਰਦਿਲ ਉਹ ਇਨਸਾਨ ਹੈ, ਜੋ ਆਪਣੇ ਪਰਿਵਾਰ ਤੇ ਸਮਾਜ ਲਈ ਬਲਿਦਾਨ ਦੇਣ ਲਈ ਤਿਆਰ ਹੋ ਜਾਂਦਾ ਹੈ।


Rahul Singh

Content Editor

Related News