ਪਾਲ ਸਿੰਘ ਸਮਾਓਂ ਨੇ ਸਾਂਝੀ ਕੀਤੀ ਨਿੱਕੇ ਸਿੱਧੂ ਦੀ ਪਿਆਰੀ ਤਸਵੀਰ, ਵੱਡੇ ਵੀਰੇ ਮੂਸੇਵਾਲਾ ਦੇ ਬਰਥਡੇ ਦਾ ਕੱਟਿਆ ਕੇਕ
Thursday, Jun 13, 2024 - 01:25 PM (IST)
ਜਲੰਧਰ (ਬਿਊਰੋ) - ਪਾਲ ਸਿੰਘ ਸਮਾਓਂ ਬੀਤੇ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਨ੍ਹਾਂ ਦੀ ਹਵੇਲੀ 'ਚ ਪਹੁੰਚੇ। ਹਾਲ ਹੀ 'ਚ ਪਾਲ ਸਿੰਘ ਸਮਾਓਂ ਨੇ ਛੋਟੇ ਸਿੱਧੂ ਮੂਸੇਵਾਲਾ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਛੋਟਾ ਸਿੱਧੂ ਮਾਂ ਚਰਨ ਕੌਰ ਦੀ ਝੋਲੀ 'ਚ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਛੋਟੇ ਸਿੱਧੂ ਦੀ ਇਸ ਤਸਵੀਰ 'ਤੇ ਫੈਨਜ਼ ਵੀ ਖੂਬ ਪਿਆਰ ਲੁਟਾ ਰਹੇ ਹਨ। ਪਾਲ ਸਿੰਘ ਸਮਾਓਂ ਮਾਤਾ ਚਰਨ ਕੌਰ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਪਾਲ ਸਿੰਘ ਸਮਾਓਂ ਲੋਕ ਕਲਾਕਾਰ ਹਨ ਤੇ ਅਕਸਰ ਤਿੱਥ ਤਿਉਹਾਰਾਂ 'ਤੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ।
ਬੀਤੇ ਸਾਲ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਤੀਆਂ ਦਾ ਮੇਲਾ ਵੀ ਕਰਵਾਇਆ ਸੀ, ਜਿਸ 'ਚ ਉਨ੍ਹਾਂ ਨੇ ਬਲਕੌਰ ਸਿੰਘ ਸਿੱਧੂ ਨੂੰ ਵੀ ਸੱਦਿਆ ਸੀ। ਬਲਕੌਰ ਸਿੱਧੂ ਨੇ ਤੀਆਂ ਦੇ ਮੇਲੇ 'ਚ ਪਹੁੰਚੀਆਂ ਧੀਆਂ ਨੂੰ ਸੰਧਾਰਾ ਵੀ ਦਿੱਤਾ ਸੀ ਅਤੇ ਪੂਰਾ ਮਾਹੌਲ ਗਮਗੀਨ ਹੋ ਗਿਆ ਸੀ।
ਪਾਲ ਸਿੰਘ ਸਮਾਓਂ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਖੁਸ਼ੀਆਂ ਨਹੀਂ ਪਰਤਦੀਆਂ ਉਦੋਂ ਤੱਕ ਉਹ ਪੈਰੀਂ ਜੁੱਤੀ ਨਹੀਂ ਪਾਉਣਗੇ। ਇਸ ਤੋਂ ਬਾਅਦ ਜਦੋਂ ਨਿੱਕੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਤਾਂ ਹਵੇਲੀ 'ਚ ਮੁੜ ਤੋਂ ਰੌਣਕਾਂ ਲੱਗ ਗਈਆ ਤਾਂ ਬਾਪੂ ਬਲਕੌਰ ਸਿੰਘ ਸਿੱਧੂ ਨੇ ਪਾਲ ਸਿੰਘ ਸਮਾਓਂ ਦੇ ਪੈਰਾਂ 'ਚ ਆਪਣੇ ਹੱਥੀਂ ਜੁੱਤੀ ਪਵਾਈ ਸੀ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।