ਫਿਲਮ ''ਫੈਂਟਮ'' ਦੇ ਨਿਰਦੇਸ਼ਕ ਕਬੀਰ ਖਾਨ ਦਾ ਕਰਾਚੀ ਏਅਰਪੋਰਟ ''ਤੇ ਲੋਕਾਂ ਨੇ ਕੀਤਾ ਵਿਰੋਧ

Wednesday, Apr 27, 2016 - 03:28 PM (IST)

ਫਿਲਮ ''ਫੈਂਟਮ'' ਦੇ ਨਿਰਦੇਸ਼ਕ ਕਬੀਰ ਖਾਨ ਦਾ ਕਰਾਚੀ ਏਅਰਪੋਰਟ ''ਤੇ ਲੋਕਾਂ ਨੇ ਕੀਤਾ ਵਿਰੋਧ

ਕਰਾਚੀ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਨੂੰ ਅੱਜ ਕਰਾਚੀ ਏਅਰਪੋਰਟ ''ਤੇ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਉਹ ਇਕ ਸੈਮੀਨਾਰ ਅਟੈਂਡ ਕਰਨ ਤੋਂ ਬਾਅਦ ਫਲਾਈਟ ਲੈਣ ਲਈ ਹਵਾਈ ਅੱਡੇ ਪੁਹੰਚੇ ਅਤੇ ਜਿਵੇਂ ਹੀ ਉਹ ਏਅਰਪੋਰਟ ਦੇ ਬਾਹਰ ਆਪਣੀ ਕਾਰ ''ਚੋਂ ਉੱਤਰੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਭਾਰਤ ਦੇ ਵਿਰੋਧ ''ਚ ਅਤੇ ਪਾਕਿਸਤਾਨ ਦੇ ਹੱਕ ''ਚ ਨਾਅਰੇ ਲਗਾਉਣ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ''ਫੈਂਟਮ'' ਲਈ ਕਬੀਰ ਦਾ ਵਿਰੋਧ ਕਰ ਰਹੇ ਸਨ।
ਅੱਜ ਜਿਵੇਂ ਹੀ ਕਬੀਰ ਖਾਨ ਕਰਾਚੀ ਦੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ ਤਾਂ ਯਾਤਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ''ਸ਼ੇਮ-ਸ਼ੇਮ'' ਅਤੇ ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਉਂਦੇ ਹੋਏ ਲੋਕਾਂ ਨੇ ਕਬੀਰ ਨੂੰ ਪੁੱਛਿਆ ਕਿ ਉਹ ''ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ'' ਨੂੰ ਲੈ ਕੇ ਕੋਈ ਫਿਲਮ ਕਿਉਂ ਨਹੀਂ ਬਣਾਉਂਦੇ। ਇਕ ਪ੍ਰਦਰਸ਼ਨਕਾਰੀ ਨੇ ਬੂਟ ਹੱਥ ''ਚ ਫੜ ਕੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਅਤੇ ਉਸ ਨੇ ਚਿਤਾਵਨੀ ਵੀ ਦਿੱਤੀ ਕਿ ਭਾਰਤ, ਪਾਕਿਸਤਾਨ ਫੌਜ ਦੇ ਵਿਰੁੱਧ ਸਾਜ਼ਿਸ਼ ਕਰਨਾ ਬੰਦ ਕਰ ਦਿਓ। ਇਸ ਪੂਰੇ ਮਾਮਲੇ ਬਾਰੇ ਕਬੀਰ ਨੇ ਪ੍ਰਦਰਸ਼ਨਕਾਰੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਚੈਕ-ਇਨ-ਸਾਈਨ ਪ੍ਰੋਸੈਸ ਲਈ ਅੰਦਰ ਚੱਲ ਗਏ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਕਬੀਰ ਖਾਨ ਦੀ ਫਿਲਮ ''ਫੈਂਟਮ'' ਅਤੇ ''ਕਾਬੁਲ ਐਕਸਪ੍ਰੈੱਸ'' ਦਾ ਵੀ ਕਾਫੀ ਵਿਰੋਧ ਹੋਇਆ ਸੀ, ਕਿਉਂਕਿ ਉਨਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਫਿਲਮਾਂ ਐਂਟੀ-ਪਾਕਿਸਤਾਨ ਕੰਟੈਟ ਵਾਲੀਆਂ ਫਿਲਮਾਂ ਹਨ। ਇਨ੍ਹਾਂ ਤੋਂ ਇਲਾਵਾ ਕਬੀਰ ਦੀ ਦੂਜੀ ਫਿਲਮ ''ਬਜਰੰਗੀ ਭਾਈਜਾਨ'' ਨੂੰ ਪਾਕਿਸਤਾਨ ''ਚ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਫਿਲਮ ''ਫੈਂਟਮ'' ਦੇ ਸੰਵਾਦ ''ਘਰ ਮੇਂ ਘੁਸ ਕੇ ਮਾਰੇਂਗੇ'' ਨੂੰ ਲੈ ਕੇ ਵੀ ਪਾਕਿਸਤਾਨ ਨੇ ਕਾਫੀ ਵਿਰੋਧ ਕੀਤਾ ਸੀ। ਇਹ ਫਿਲਮ ਐੱਸ.ਹੁਸੈਨ.ਜੈਦੀ ਦੇ ਨਾਵਲ ''ਮੁੰਬਈ ਅਵੈਂਜਰਸ'' ''ਤੇ ਆਧਾਰਿਤ ਹੈ। ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਅਵਾ ਦੇ ਚੀਫ ਹਾਫਿਜ਼ ਮੁਹੰਮਦ ਸਈਦ ਦੀ ਪਟੀਸ਼ਨ ਤੋਂ ਬਾਅਦ ਲਾਹੌਰ ਹਾਈਕੋਰਟ ਨੇ ਪਾਕਿਸਤਾਨ ''ਚ ਇਸ ਦੇ ਰਿਲੀਜ਼ ''ਤੇ ਬੈਨ ਲਗਾ ਦਿੱਤਾ ਸੀ। ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕੈਟਰੀਨਾ ਦੀ ਫਿਲਮ ''ਫੈਂਟਮ'' ਮੁੰਬਈ ਦੇ ਹਮਲਿਆਂ ''ਤੇ ਆਧਾਰਿਤ ਹੈ। ਇਸ ਫਿਲਮ ''ਚ ਇਕ ਰਿਟਾਇਰਡ ਆਰਮੀ ਅਫਸਰ ਨੇ ਪਾਕਿਸਤਾਨ ਜਾ ਕੇ ਹਮਲੇ ਦੇ ਮਾਸਟਰ-ਮਾਈਂਡ ਨੂੰ ਮਾਰ ਸੁੱੁਟਿਆ ਸੀ। ਇਸ ਕਿਰਦਾਰ ਨੂੰ ਫਿਲਮ ''ਚ ਹਾਫਿਜ਼ ਸਈਦ ਵਾਂਗ ਦਿਖਾਇਆ ਗਿਆ ਹੈ।


Related News