ਮੁਲਤਵੀ ਹੋਵੇਗੀ ਅਕਸ਼ੇ ਦੀ ‘OMG 2’? ਸੈਂਸਰ ਬੋਰਡ ਦੇ ਖ਼ਿਲਾਫ਼ ਜਾਣ ਦੀ ਤਿਆਰੀ ’ਚ ਮੇਕਰਜ਼
Friday, Jul 28, 2023 - 02:33 PM (IST)
ਮੁੰਬਈ (ਬਿਊਰੋ– ਅਕਸ਼ੇ ਕੁਮਾਰ ਦੀ ਫ਼ਿਲਮ ‘ਓ ਮਾਈ ਗੌਡ 2’ ਦੇ ਰਿਲੀਜ਼ ਹੋਣ ’ਚ ਸਿਰਫ 13 ਦਿਨ ਬਾਕੀ ਹਨ ਪਰ ਹੁਣ ਤੱਕ ਸੈਂਸਰ ਬੋਰਡ ਨੇ ਫ਼ਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਹੈ। ਫ਼ਿਲਮ ਬਾਕਸ ਆਫਿਸ ’ਤੇ 11 ਅਗਸਤ ਨੂੰ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਨਾਲ ਟੱਕਰ ਲੈਣ ਜਾ ਰਹੀ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਨਿਰਮਾਤਾ ਫ਼ਿਲਮ ਨੂੰ ਮੁਲਤਵੀ ਕਰਨ ਤੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਖ਼ਿਲਾਫ਼ ਅਦਾਲਤ ’ਚ ਜਾਣ ਦੀ ਤਿਆਰੀ ਕਰ ਰਹੇ ਹਨ।
ਸੈਂਸਰ ਬੋਰਡ ਨੇ ਇਸ ਤੋਂ ਪਹਿਲਾਂ ਫ਼ਿਲਮ ਨੂੰ ‘ਥੋੜ੍ਹਾ ਵਿਵਾਦਪੂਰਨ’ ਦੱਸਦਿਆਂ ਸਮੀਖਿਆ ਕਮੇਟੀ ਨੂੰ ਭੇਜਿਆ ਸੀ। ਅਜਿਹੇ ’ਚ ਬੋਰਡ ਫ਼ਿਲਮ ਨੂੰ ਏ ਸਰਟੀਫਿਕੇਟ ਦੇਣ ਦੀ ਤਿਆਰੀ ਕਰ ਰਿਹਾ ਹੈ ਪਰ ਮੇਕਰਸ ਇਸ ਤੋਂ ਨਾਰਾਜ਼ ਹਨ। ਸਥਿਤੀ ਇਹ ਹੈ ਕਿ ਪਿਛਲੇ ਛੇ ਦਿਨਾਂ ਤੋਂ ਨਿਰਮਾਤਾਵਾਂ ਤੇ ਸੈਂਸਰ ਬੋਰਡ ਦੇ ਅਧਿਕਾਰੀਆਂ ਵਿਚਕਾਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਹੈ।
ਅਮਿਤ ਰਾਏ ਵਲੋਂ ਨਿਰਦੇਸ਼ਿਤ ‘ਓ. ਐੱਮ. ਜੀ. 2’ ਦੇ 15 ਅਗਸਤ ਨੂੰ ਰਿਲੀਜ਼ ਹੋਣ ਕਾਰਨ ਸਿਨੇਮਾਘਰਾਂ ’ਚ ਵਧੇਰੇ ਦਰਸ਼ਕ ਮਿਲਣ ਦੀ ਉਮੀਦ ਸੀ ਪਰ ਹੁਣ ਚਰਚਾ ਹੈ ਕਿ ਨਿਰਮਾਤਾ ਫ਼ਿਲਮ ਦੀ ਰਿਲੀਜ਼ ਨੂੰ ਟਾਲਣ ਦੀ ਤਿਆਰੀ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਫ਼ਿਲਮ ਨੂੰ ਪਹਿਲਾਂ ਏ ਸਰਟੀਫਿਕੇਟ ਦਿੱਤੇ ਜਾਣ ਤੋਂ ਨਿਰਮਾਤਾ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਇਕ ਅਹਿਮ ਸਮਾਜਿਕ ਮੁੱਦੇ ’ਤੇ ਬਣੀ ਹੈ, ਇਸ ਲਈ ਏ ਸਰਟੀਫਿਕੇਟ ਮਿਲਣ ਨਾਲ ਦਰਸ਼ਕਾਂ ਦਾ ਵੱਡਾ ਵਰਗ ਫ਼ਿਲਮ ਦੇਖਣ ਤੋਂ ਰੁਕੇਗਾ।
ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ, ਭਰਾ ਦੇ ਗਲ ਲੱਗ ਰੋਇਆ
ਇਸ ਦੇ ਨਾਲ ਹੀ ਉਹ ਫ਼ਿਲਮ ’ਚ ਕੀਤੇ ਗਏ 20 ਕੱਟਾਂ ਤੋਂ ਵੀ ਖ਼ੁਸ਼ ਨਹੀਂ ਹਨ। 6 ਦਿਨਾਂ ਤੋਂ ਸੈਂਸਰ ਬੋਰਡ ਦੇ ਅਧਿਕਾਰੀਆਂ ਤੇ ਨਿਰਮਾਤਾਵਾਂ ਵਿਚਾਲੇ ਸਮਝੌਤੇ ’ਤੇ ਪਹੁੰਚਣ ਲਈ ਬੈਠਕ ਚੱਲ ਰਹੀ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਅਜਿਹੇ ’ਚ ਇਹ ਵੀ ਚਰਚਾ ਹੈ ਕਿ ਨਿਰਮਾਤਾ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ।
2012 ਦੀ ਫ਼ਿਲਮ ‘ਓ ਮਾਈ ਗੌਡ’ ਦੀ ਇਸ ਸੀਕਵਲ ਫ਼ਿਲਮ ’ਚ ਅਕਸ਼ੇ ਕੁਮਾਰ ਨਾਲ ਪੰਕਜ ਤ੍ਰਿਪਾਠੀ, ਯਾਮੀ ਗੌਤਮ ਤੇ ਅਰੁਣ ਗੋਵਿਲ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦਾ ਟੀਜ਼ਰ ਤੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਪਰ ਹੁਣ ਤੱਕ ਨਾ ਤਾਂ ਪ੍ਰਮੋਸ਼ਨ ਦਾ ਕੰਮ ਸ਼ੁਰੂ ਹੋਇਆ ਹੈ ਤੇ ਨਾ ਹੀ ਟਰੇਲਰ ਰਿਲੀਜ਼ ਹੋਇਆ ਹੈ। ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰਮੋਸ਼ਨ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਪਰ ਦੇਰੀ ਕਾਰਨ ਮੇਕਰਸ ਨੂੰ ਇਥੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।